ਖੇਤਾਂ ਵਿੱਚ ਟਮਾਟਰਾਂ ਦੀ ਖਰਾਬ ਹੋਈ ਫਸਲ ਦਾ ਦ੍ਰਿਸ਼।
ਰਾਮਨਗਰ-ਪਾਣੀ ਦੇ ਡਿੱਗਦੇ ਪੱਧਰ ਕਾਰਨ ਪੰਜਾਬ ਸਰਕਾਰ ਕਿਸਾਨਾਂ ਨੂੰ ਦੋ ਫਸਲੀ ਚੱਕਰ ’ਚੋਂ ਕੱਢਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਉਨ੍ਹਾਂ ਨੂੰ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਪਿੰਡਾਂ ਵਿੱਚ ਕੈਂਪ ਲਗਾ ਕੇ ਪ੍ਰੇਰਿਤ ਕਰਦੀ ਹੈ ਪਰ ਕਿਸਾਨਾਂ ਵੱਲੋਂ ਬਦਲਵੀਆਂ ਫਸਲਾਂ ਦੀ ਕੀਤੀ ਕਾਸ਼ਤ ਨੂੰ ਸੰਭਾਲਣ, ਵੇਚਣ ਅਤੇ ਹੁੰਦੇ ਕੁਦਰਤੀ ਨੁਕਸਾਨ ਨੂੰ ਰੋਕਣ ਲਈ ਕੋਈ ਮੁਆਵਜ਼ਾ ਨਹੀਂ ਦਿੰਦੀ ਜਿਸ ਕਾਰਨ ਕਿਸਾਨ ਦੋ ਫਸਲੀ ਚੱਕਰ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ।ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ’ਤੇ ਪਿੰਡ ਲਲੋਛੀ ਦੇ ਕਿਸਾਨਾਂ ਵੀਰ ਸਿੰਘ, ਕਰਨੈਲ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ ਅਤੇ ਸਰਦਾਰਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਮਟਰ ਅਤੇ ਟਮਾਟਰਾਂ ਦੀ ਕਾਸ਼ਤ ਕੀਤੀ ਹੋਈ ਹੈ ਪਰ ਪਿਛਲੇ
ਕਈ ਦਿਨਾਂ ਤੋਂ ਪੈ ਰਹੇ ਕੋਹਰੇ ਅਤੇ ਮੀਂਹ ਦੇ ਕਾਰਨ ਇਨ੍ਹਾਂ ਫਸਲਾਂ ਨੂੰ ਉੱਲੀ ਰੋਗ ਲੱਗਣ ਕਾਰਨ ਇਨ੍ਹਾਂ ਦੇ ਪੱਤੇ ਮੁਰਝਾ ਕੇ ਕਾਲੇ ਪੈ ਗਏ ਹਨ ਅਤੇ ਫੁੱਲਾਂ ਨੂੰ ਫਲ ਨਹੀਂ ਲੱਗ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਈ-ਕਈ ਵਾਰ ਇਨ੍ਹਾਂ ਫਸਲਾਂ ’ਤੇ ਖਾਦ ਅਤੇ ਕੀੜੇਮਾਰ ਦਵਾਈਆਂ ਦੀ ਸਪਰੇਅ ਵੀ ਕਰ ਚੁੱਕੇ ਹਨ। ਪਰ ਫਿਰ ਵੀ ਉਨ੍ਹਾਂ ਨੂੰ ਇਨ੍ਹਾਂ ਫਸਲਾਂ ਤੋਂ ਪੂਰਾ ਝਾੜ ਨਹੀਂ ਮਿਲ ਰਿਹਾ ਜਦੋਂਕਿ ਉਹ 35000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਕਰ ਚੁੱਕੇ ਹਨ ਜਿਸ ਤਹਿਤ ਉਨ੍ਹਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਹੋਣੀ ਸੀ।।ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ।।
ਇਸ ਸਬੰਧੀ ਜਦੋਂ ਬਾਗਬਾਨੀ ਵਿਭਾਗ ਦੇ ਡਾਕਟਰ ਦਿਲਪਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਵਾ ਵਿਚ ਵੱਧ ਨਮੀ ਅਤੇ ਮੌਸਮ ਸਲਾਬਾ ਰਹਿਣ ਕਾਰਨ ਮਟਰ ਤੇ ਟਮਾਟਰਾਂ ਦੀ ਖੇਤੀ ਨੂੰ ਪਛੇਤਾ ਝੁਲਸ ਰੋਗ ਕਈ ਥਾਵਾਂ ’ਤੇ ਵੇਖਣ ਨੂੰ ਮਿਲਿਆ ਹੈ ਜਿਸ ਦੇ ਬਚਾਅ ਲਈ ਕਿਸਾਨਾਂ ਨੂੰ ਕੀੜੇਮਾਰ ਦਵਾਈ ਇੰਡੋਫਿਲ ਐਮ-45 ਦੀ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨਾ ਚਾਹੀਦਾ ਹੈ। ਜੇਕਰ 10 ਦਿਨਾਂ ਦੇ ਅੰਦਰ-ਅੰਦਰ ਇਸ ਫਸਲ ਨੂੰ ਕੋਈ ਅਸਰ ਨਾ ਹੋਵੇ ਤਾਂ ਰਿਧੋਮਿਲ ਦਵਾਈ ਦਾ ਸਪਰੇਅ ਦੋ ਵਾਰ 10-10 ਦਿਨ ਵੱਖਵੇਂ ਵਿੱਚ ਕੀਤਾ ਜਾਵੇ।