ਮੁੰਬਈ-ਭਾਰਤ ਦੇ ਕਿਰਤ ਬਾਜ਼ਾਰ ਵਿੱਚ ਪਿਛਲੇ ਸਾਲ ਦੌਰਾਨ ਸ਼ਾਂਤੀ ਦਾ ਮਾਹੌਲ ਰਿਹਾ ਕਿਉਂਕਿ ਕੰਪਨੀਆਂ ਵੱਲੋਂ ਕੱਢੇ ਗਏ ਮੁਲਾਜ਼ਮਾਂ ਦੀ ਗਿਣਤੀ ਘਟ ਕੇ ਅੱਧੀ ਰਹਿ ਗਈ ਅਤੇ ਸੰਸਥਾਵਾਂ ਵੱਲੋਂ ਅਗਲੀ ਤਿਮਾਹੀ ਦੌਰਾਨ ਕੀਤੀ ਜਾਣ ਵਾਲੀ ਨਵੀਂ ਭਰਤੀ 39 ਫੀਸਦੀ ਤਕ ਵਧਣ ਦੀ ਸੰਭਾਵਨਾ ਹੈ। ਸਰਵੇਖਣ ਅਨੁਸਾਰ ਕੰਪਨੀਆਂ ਵੱਲੋਂ ਇਸ ਵੇਲੇ ਭਾਰਤ ਵਿੱਚ 38 ਫੀਸਦੀ ਭਰਤੀ ਕੀਤੀ ਜਾ ਰਹੀ ਹੈ, ਜੋ ਕਿ ਵਰ੍ਹੇ-ਦਰ-ਵਰ੍ਹੇ ਦੋ ਫੀਸਦੀ ਘਟੀ ਹੈ। ਜੂਨ 2013 ਦੌਰਾਨ ਕੀਤੀ ਭਵਿੱਖਬਾਣੀ ਨਾਲੋਂ ਭਾਵੇਂ ਇਹ ਘੱਟ ਹੈ ਪਰ ਕੰਪਨੀਆਂ ਵੱਲੋਂ ਕੱਢੇ ਜਾਂਦੇ ਸਟਾਫ ਦੀ ਦਰ ਵੀ ਲਗਪਗ ਅੱਧੀ ਰਹਿ ਗਈ ਹੈ। ਐਂਟਾਲ ਇੰਟਰਨੈਸ਼ਨਲ ਨੈੱਟਵਰਕ ਅਤੇ ਐਂਟਾਲ ਗਲੋਬਲ ਸਨੈਪਸ਼ੌਟ ਵੱਲੋਂ ਕੀਤੇ ਸਰਵੇਖਣ ਅਨੁਸਾਰ ਭਾਰਤੀ ਕੰਪਨੀਆਂ ਨੇ ਭਰਤੀ ਲਈ ਬਿਹਤਰ ਪਹੁੰਚ ਅਪਣਾਈ ਹੈ। ਕੰਪਨੀਆਂ ਵੱਲੋਂ ਪ੍ਰਬੰਧਨ ਅਤੇ ਕਿੱਤਾਮੁਖੀ ਹੁਨਰ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਸਰਵੇਖਣ ਦੌਰਾਨ ਦੁਨੀਆਂ ਭਰ ਦੀਆਂ 10,500 ਕੰਪਨੀਆਂ ਤੋਂ ਇਹ ਵੇਰਵੇ ਮੰਗੇ ਗਏ ਕਿ ਕੀ ਉਹ ਹੁਣ ਵੀ ਕਿੱਤਾਮੁਖੀ ਅਤੇ ਪ੍ਰਬੰਧਨ ਪੱਧਰ ’ਤੇ ਭਰਤੀ ਕਰਨ ਅਤੇ ਕੱਢਣ ਵਾਲੀ ਨੀਤੀ ’ਤੇ ਚੱਲ ਰਹੇ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਵੱਲੋਂ ਨਵੀਂ ਭਰਤੀ ਕੀਤੇ ਜਾਣ ਦੀ ਹਾਮੀ ਭਰੀ ਗਈ ਹੈ। ਐਂਟਾਲ ਇੰਟਰਨੈਸ਼ਨਲ ਨੈੱਟਵਰਕ ਦੇ ਮੈਨੇਜਿੰਗ ਭਾਈਵਾਲ ਜੋਸਫ਼ ਦੇਵਾਸੀਆ ਨੇ ਉਮੀਦ ਪ੍ਰਗਟਾਈ ਕਿ ਅਗਲੀ ਤਿਮਾਹੀ ਦੌਰਾਨ ਭਰਤੀ ਸਰਗਰਮੀਆਂ ਵਧਣਗੀਆਂ। ਆਗਾਮੀ ਚੋਣਾਂ ਅਤੇ ਆਲਮੀ ਆਰਥਿਕ ਵਿਕਾਸ ਵਿੱਚ ਸੁਧਾਰ ਨਾਲ ਕਈ ਖੇਤਰਾਂ ਵਿੱਚ ਭਰਤੀ ਵਧਣ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਟੈਲੀਕਾਮ ਅਤੇ ਰੀਅਲ ਅਸਟੈਟ ਸੈਕਟਰ ਹਾਲੇ ਵੀ ਸੰਘਰਸ਼ ਦੇ ਦੌਰ ਵਿੱਚ ਜਾਪਦੇ ਹਨ ਪਰ ਬਾਕੀ ਕਾਰੋਬਾਰਾਂ ਵਿੱਚ ਭਰਤੀ ਦੀ ਆਸ ਹੈ। ਕੁੱਲ ਮਿਲਾ ਕੇ 2014 ਪਿਛਲੇ ਸਾਲ ਨਾਲੋਂ ਬਿਹਤਰ ਜਾਪ ਰਿਹਾ ਹੈ।