ਰਾਮਪੁਰਾ ਫੂਲ, 21 ਜਨਵਰੀ (ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅੱਜ ਬਾਲਿਆਂਵਾਲੀ ਦੇ ਰਾਮ ਲੀਲਾ ਗਰਾਊਂਡ ‘ਚ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ। ਇਹ ਕਾਨਫਰੰਸ ਕਿਸਾਨੀ ਮੰਗਾਂ ਨੂੰ ਲੈਕੇ 23 ਫਰਵਰੀ ਦੇ ਦਿੱਲੀ ਘਿਰਾਉ ਦੀ ਤਿਆਰੀ ਵਜੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜਨ. ਸਕੱਤਰ ਬੋਘ ਸਿੰਘ ਮਾਨਸਾ, ਸੀਨੀ. ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰਾਂ ਨਿੱਤ ਦਿਨ ਕਿਸਾਨ ਵਿਰੋਧੀ ਨੀਤੀਆਂ ਘੜ ਕੇ ਕਿਸਾਨੀ ਨੂੰ ਖਤਮ ਕਰਨ ‘ਤੇ ਤੁਲੀਆਂ ਹੋਈਆਂ ਹਨ। ਬਹੁਕੌਮੀ ਕੰਪਨੀਆਂ ਨੂੰ 500 ਅਤੇ 1000 ਏਕੜ ਦੇ ਫਾਰਮ ਬਣਾਉਣ ਲਈ ਜਮੀਨ ਦੇਣ ਦੀ ਨੀਤੀ ਘੜ ਕੇ ਸਰਕਾਰ ਕਿਸਾਨਾਂ ਦੀ ਜਮੀਨ ਖੋਹਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਿੱਤੇ ਨੂੰ ਬਚਾਉਣ, ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ, ਫਸਲਾਂ ਦੇ ਭਾਅ ਲਾਗਤ ਅਨੁਸਾਰ ਕਰਨ, ਕਿਸਾਨਾਂ ਦੇ ਸਮੁੱਚੇ ਕਰਜੇ ਖਤਮ ਕਰਨ ਅਤੇ ਖੇਤੀ ਵਸਤਾਂ ‘ਤੇ ਜੀ.ਐਸ.ਟੀ. ਖਤਮ ਕਰਾਉਣ ਆਦਿ ਮੰਗਾਂ ਨੂੰ ਲੈਕੇ 23 ਫਰਵਰੀ ਨੂੰ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਦਾ ਮੁਕੰਮਲ ਘਿਰਾਉ ਕਰਨਗੇ। ਇਸ ਅੰਦੋਲਨ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਕਰਨ ਲਈ 23 ਜਨਵਰੀ ਨੂੰ ਹਰਿਆਣਾ ਦੇ ਸੋਨੀਪਤ ਜਿਲੇ ‘ਚ ਰਾਸ਼ਟਰੀ ਕਿਸਾਨ ਮਹਾਂ ਸੰਘ ਵਲੋਂ ਐਮਰਜੈਂਸੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਉਗਰ ਸਿੰਘ ਮਾਨਸਾ, ਭੋਲਾ ਸਿੰਘ ਕੋਟੜਾ, ਬੂਟਾ ਸਿੰਘ ਭੂੰਦੜ, ਦਰਸ਼ਨ ਖੇਮੂਆਣਾ, ਜਲੌਰ ਬਾਲਿਆਂਵਾਲੀ, ਅਰਜਨ ਫੂਲ, ਗੁਰਮੇਲ ਲਹਿਰਾ, ਗੰਗਾ ਸਿੰਘ ਸਮੇਤ ਵੱਡੀ ਗਿਣਤੀ ‘ਚ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ।
ਭਾਕਿਊ (ਸਿੱਧੂਪੁਰ) ਵੱਲੋਂ ਬਾਲਿਆਂਵਾਲੀ ਵਿਖੇ ਵਿਸ਼ਾਲ ਕਾਨਫ਼ਰੰਸ



