ਆਈ.ਟੀ. ਅਤੇ ਆਈ.ਟੀ.ਈ.ਐਸ. ਦੇ ਨਿਵੇਸ਼ ’ਚ ਸਹੂਲਤ ਮੁਹੱਈਆ ਕਰਾਉਣ ਲਈ ਸਟਾਰਟਅਪ ਪੋਰਟਲ ਦੀ ਸ਼ੁਰੂਆਤ
ਮੋਹਾਲੀ, 16 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ.) ਦਾ ਮੋਹਾਲੀ ਵਿਖੇ ਇਕ ਕੇਂਦਰ ਸਥਾਪਿਤ ਕਰਨ ਵਾਸਤੇ ਸਹਿਮਤੀ ਪੱਤਰ ’ਤੇ ਸਹੀ ਪਾਉਣ ਦਾ ਐਲਾਨ ਕੀਤਾ ਹੈ ਜਿੱਥੇ ਸੂਬਾ ਸਰਕਾਰ ਦਾ ਸਰਕਾਰੀ ਸਮਰਥਨ ਵਾਲਾ ਭਾਰਤ ਦਾ ਸਭ ਤੋਂ ਵੱਡਾ ਸ਼ੁਰੂਆਤੀ ਧੁਰਾ (ਸਟਾਰਟਅਪ ਹੱਬ) ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਸਹਿਮਤੀ ਪੱਤਰ ’ਤੇ ਉਦਯੋਗ ਵਿਭਾਗ, ਸੋਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ, ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐਸ.ਬੀ.) ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਨੇ ਹਸਤਾਖਰ ਕੀਤੇ ਹਨ। ਆਈ.ਐਸ.ਬੀ. ਅਤੇ ਪੀ.ਟੀ.ਯੂ. ਇਸ ਸ਼ੁਰੂਆਤੀ ਧੁਰੇ ਦੇ ਬੋਧ ਭਾਈਵਾਲ ਵਜੋਂ ਕਾਰਜ ਕਰਨਗੇ। ਟਾਈਮਜ਼ ਆਫ ਇੰਡੀਆ ਗਰੁੱਪ ਵੱਲੋਂ ਆਯੋਜਿਤ ‘ਮੋਹਾਲੀ ਐਜ਼ ਨੈਕਸਟ ਬਿੱਗ ਆਈ.ਟੀ. ਹੱਬ ਇਨ ਦਾ ਨਾਰਥ’ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਮੋਹਾਲੀ ਸ਼ੁਰੂਆਤੀ ਧੁਰੇ ਲਈ ਪੀ.ਟੀ.ਯੂ. ਦੀ ਭਾਈਵਾਲੀ ਨਾਲ 100 ਕਰੋੜ ਰੁਪਏ ਦੇ ਫੰਡਾਂ ਦਾ ਐਲਾਨ ਕੀਤਾ ਹੈ। ਇਸ ਨੂੰ 45,000 ਵਰਗ ਫੁਟ ਖੇਤਰ ਵਿੱਚ ਬਣਾਇਆ ਜਾਵੇਗਾ। ਇਸ ਮੌਕੇ ਜੀ.ਬੀ.ਪੀ. ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ ਨੇ ਕਿਹਾ ਕਿ ਵਿਸ਼ਵ ਪੱਧਰੀ ਤਕਨਾਲੋਜੀ ਧੁਰੇ ਵਜੋਂ ਉਭਰਨ ਲਈ ਮੋਹਾਲੀ ਸਾਰੇ ਪੱਖਾਂ ’ਤੇ ਖਰਾ ਉਤਰਦਾ ਹੈ ਜਿੱਥੇ ਹਵਾਈ ਸੰਪਰਕ ਸਮੇਤ ਸਾਰੀਆਂ ਸਹੂਲਤਾਂ ਮੌਜੂਦ ਹਨ। ਐਸ.ਟੀ.ਪੀ.ਆਈ. ਮੋਹਾਲੀ ਦੇ ਡਾਇਰੈਕਟਰ ਓਂਕਾਰ ਰਾਏ ਨੇ ਦੱਸਿਆ ਕਿ ਮੋਹਾਲੀ ਹੁਣ ਤੱਕ ਦਾ ਸਭ ਤੋਂ ਵੱਧ ਨਿਵੇਸ਼ ਵਾਲਾ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਅਤੇ ਅਕਾਦਮਿਕ ਲੋਕਾਂ ਨਾਲ ਮਿਲਵਰਤਣ ਕੀਤਾ ਕੀਤਾ ਹੈ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਉਦਮੀਆਂ ਨੂੰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ, ਸਕੱਤਰ ਸਨਅਤ ਅਤੇ ਵਪਾਰ ਰਾਕੇਸ਼ ਵਰਮਾ ਤੋਂ ਇਲਾਵਾ ਐਸ.ਟੀ.ਪੀ.ਆਈ. ਡਾ. ਓਂਕਾਰ ਰਾਏ, ਇਨਫੋਸਿਸ ਮੋਹਾਲੀ ਦੇ ਮੁਖੀ ਡਾ. ਸਮੀਰ ਗੋਇਲ, ਸੈਲੂਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪੰਕਜ ਮਹਿੰਦਰੂ ਅਤੇ ਡਾਇਰੈਕਟਰ ਜੀ.ਬੀ.ਪੀ. ਗਰੁੱਪ ਅਨੁਪਮ ਗੁਪਤਾ ਹਾਜ਼ਰ ਸਨ।



