ਪਿਛਲੇ ਦਿਨੀਂ ਮੈਂ ਇੱਕ ਵਿਦਿਅਕ ਸੰਸਥਾ ਵਿੱਚ ਭਾਸ਼ਣ ਦੇਣ ਗਿਆ। ਸੰਸਥਾ ਦਾ ਮੁਖੀ ਜਦੋਂ ਸਵਾਗਤੀ ਭਾਸ਼ਣ ਦੇ ਰਿਹਾ ਸੀ ਤਾਂ ਉਸ ਦੀ ਜ਼ੁਬਾਨ ਵਾਂਗ ਉਸ ਦੀਆਂ ਲੱਤਾਂ ਵੀ ਕੰਬਦੀਆਂ ਸਪਸ਼ਟ ਨਜ਼ਰੀਂ ਪੈਂਦੀਆਂ ਸਨ। ਇਕ ਦਿਨ ਮੈਂ ਆਪਣੀ ਸੰਸਥਾ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਕਰਵਾਏ ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਇੱਕ ਸੇਵਾ ਮੁਕਤ ਪ੍ਰੋਫੈਸਰ ਨੂੰ ਬੋਲਣ ਦਾ ਸੱਦਾ ਦਿੱਤਾ। ਮੈਨੂੰ ਉਦੋਂ ਹੈਰਾਨੀ ਹੋਈ ਜਦੋਂ ਇਹ ਪ੍ਰੋਫੈਸਰ ਸਾਹਿਬ ਭਾਸ਼ਣ ਦੌਰਾਨ ਬੁਰੀ ਤਰ੍ਹਾਂ ਘਬਰਾ ਗਏ ਅਤੇ ‘ਸੌਰੀ’ ਕਹਿ ਕੇ ਭਾਸ਼ਣ ਛੱਡ ਕੇ ਚਲੇ ਗਏ। ਇਸ ਦਾ ਕਾਰਨ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਵਿਸ਼ੇ ਬਾਰੇ ਨੋਟਿਸ ਦੇਖਕੇ ਹੀ ਭਾਸ਼ਣ ਦੇ ਸਕਦੇ ਹਨ। ਸ਼ਾਇਦ ਇਹ ਪ੍ਰੋਫੈਸਰ ਸਾਹਿਬ ਠੀਕ ਹੀ ਕਹਿ ਰਹੇ ਸਨ ਕਿ ਜਿੰਨਾ ਨੇ ਸਾਰੀ ਉਮਰ ਭਾਸ਼ਣ ਦੇ ਸਿਰ ’ਤੇ ਰੋਟੀ ਖਾਧੀ ਉਹ ਬਿਨਾਂ ਦੇਖੇ ਬੋਲਣ ਤੋਂ ਅਸਮਰਥ ਹਨ। ਇਸੇ ਤਰ੍ਹਾਂ ਹਰ ਖੇਤਰ ਦੇ ਸਿਆਸੀ, ਧਾਰਮਿਕ ਸਮਾਜਿਕ ਅਤੇ ਸਭਿਆਚਾਰਕ ਆਦਿ ਨਾਲ ਸਬੰਧਤ ਅਨੇਕਾਂ ਲੋਕ ਸਾਰੀ ਉਮਰ ਪੇਸ਼ੇ ਵਿੱਚ ਰਹਿਣ ਦੇ ਬਾਵਜੂਦ ਭਾਸ਼ਣ ਕਲਾ ਵਿੱਚ ਮਾਹਿਰ ਨਹੀਂ ਹੋ ਸਕਦੇ। ਭਾਸ਼ਣ ਕਲਾ ਵੀ ਸਾਈਕਲਿੰਗ ਅਤੇ ਤੈਰਨ ਦੀ ਕਲਾ ਵਾਂਗ ਹੁੰਦੀ ਹੈ ਅਤੇ ਅਭਿਆਸ ਨਾਲ ਇਸ ਵਿੱਚ ਮਾਹਿਰ ਬਣਿਆ ਜਾ ਸਕਦਾ ਹੈ।
ਭਾਸ਼ਣ ਕਲਾ ਵਿੱਚ ਮਾਹਿਰ ਹੋਣ ਦੇ ਚਾਹਵਾਨ ਲੋਕਾਂ ਨੂੰ ਹੇਠ ਲਿਖੇ ਕੁਝ ਨੁਕਤੇ ਸਮਝ ਲੈਣੇ ਚਾਹੀਦੇ ਹਨ:
1. ਭਾਸ਼ਣ ਨੂੰ ਹਮੇਸ਼ਾ ਦਿਲਚਸਪ ਬਣਾਓ। ਦਿਲਚਸਪ ਬਨਾਉਣ ਦੇ ਅਨੇਕਾਂ ਢੰਗ- ਤਰੀਕੇ ਹਨ। ਦਿਲਚਸਪ ਉਦਾਹਰਣਾਂ, ਆਪਣੇ ਨੁਕਤਿਆਂ ਨੂੰ ਸਪੱਸ਼ਟ ਕਰਨ ਲਈ ਦਿਲਚਸਪ ਕਹਾਣੀਆਂ, ਟੋਟਕੇ ਆਦਿ ਭਾਸ਼ਣ ਨੂੰ ਦਿਲਚਸਪ ਬਣਾਉਂਦੇ ਹਨ।
2. ਹਾਸ ਰੱਸ ਪੈਦਾ ਕਰਨ ਲਈ ਵਿਅੰਗ, ਚੁਟਕਲੇ, ਆਦਿ ਸੁਣਾਏ ਜਾ ਸਕਦੇ ਹਨ।
3. ਆਪਣੇ ਨੁਕਤਿਆਂ ਨੂੰ ਸਪੱਸ਼ਟ ਕਰਨ ਲਈ ਸ਼ੇਅਰ ਅਤੇ ਕਵਿਤਾਵਾਂ ਆਦਿ ਵੀ ਭਾਸ਼ਣ ਨੂੰ ਦਿਲਚਸਪ, ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਨਾਉਣ ਵਿੱਚ ਮੱਦਦ ਕਰਦੇ ਹਨ।
4. ਸਮਗਰੀ ਦੀ ਸਹੀ ਚੋਣ ਦੇ ਨਾਲ-ਨਾਲ ਬੋਲਣ ਦਾ ਢੰਗ ਵੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਬੋਲਣ ਦੇ ਢੰਗ ਵਿੱਚ ਸਭ ਤੋਂ ਮਹੱਤਵਪੂਰਨ ਆਵਾਜ਼ ਦਾ ਉਤਰਾਅ-ਚੜ੍ਹਾਅ ਹੁੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗਿਆਨੀ ਜ਼ੈਲ ਸਿੰਘ ਵਾਂਗ ਨੁਕਤਿਆਂ ਨੂੰ ਸਪੱਸ਼ਟ ਕਰਨ ਲਈ ਅਵਾਜ਼ ਵਿੱਚ ਸੁਭਾਵਿਕ ਉਤਰਾਅ-ਚੜ੍ਹਾਅ ਲਿਆਉਣਾ ਭਾਸ਼ਣ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਨਾਉਣਾ ਹੁੰਦਾ ਹੈ।
5. ਬੁਲਾਰੇ ਨੂੰ ਸਰੀਰਕ ਸੰਚਾਰ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਭਾਸ਼ਣ ਕਰਦੇ ਸਮੇਂ ਸਿਰਫ ਜ਼ੁਬਾਨ ਹੀ ਸੰਚਾਰ ਨਹੀਂ ਕਰਦੀ ਸਗੋਂ ਤੁਹਾਡੀਆਂ ਅੱਖਾਂ, ਹੱਥ ਅਤੇ ਸਰੀਰ ਦੇ ਹੋਰ ਅੰਗ ਵੀ ਸੰਚਾਰ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੁੰਦੇ ਹਨ। ਬਹੁਤ ਵਾਰ ਦੇਖਿਆ ਗਿਆ ਹੈ ਕਿ ਬੁਲਾਰਾ ਸਾਹਮਣੇ ਬੈਠੇ ਸਰੋਤਿਆਂ ਨਾਲ ਅੱਖਾਂ ਮਿਲਾ ਕੇ ਭਾਸ਼ਣ ਨਹੀਂ ਕਰਦਾ। ਕਈ ਐਸੇ ਬੁਲਾਰੇ ਵੀ ਹਨ ਜੋ ਆਪਣੇ ਹੱਥਾਂ ਅਤੇ ਸਿਰ ਨੂੰ ਇੱਕ ਦਮ ਸਿੱਧਾ ਰੱਖ ਕੇ ਭਾਸ਼ਣ ਕਰਦੇ ਹਨ। ਜੋ ਬੁਲਾਰੇ ਅੱਖਾਂ ਮਿਲਾਕੇ, ਆਵਾਜ਼ ਵਿੱਚ ਉਤਰਾਅ-ਚੜ੍ਹਾਅ ਲਿਆ ਕੇ ਅਤੇ ਸਹੀ ਸਮੇਂ ਹੱਥਾਂ ਦਾ ਇਸਤੇਮਾਲ ਕਰਦੇ ਹਨ ਉਹ ਪ੍ਰਭਾਵਸ਼ਾਲੀ ਭਾਸ਼ਣ ਦੇਣ ਵਿੱਚ ਕਾਮਯਾਬ ਰਹਿੰਦੇ ਹਨ। ਭਾਸ਼ਣ ਕਲਾ ਵਿੱਚ ਮਾਹਿਰ ਹੋਣ ਲਈ ਸਹੀ ਸਮੱਗਰੀ ਦੀ ਚੋਣ, ਸਹੀ ਸਰੀਰਕ ਸੰਚਾਰ ਅਤੇ ਕਹਾਣੀਆਂ, ਵਿਅੰਗਾਂ, ਸ਼ੇਅਰਾਂ ਅਤੇ ਗੁਰਬਾਣੀ ਵਿੱਚੋਂ ਹਵਾਲਿਆਂ ਦਾ ਸਹੀ ਇਸਤੇਮਾਲ ਕਰਨ ਵਿੱਚ ਮਾਹਿਰ ਹੋਣਾ ਜ਼ਰੂਰੀ ਹੈ।
ਸਫਲਤਾ ਲਈ ਸਫਲ ਬੁਲਾਰਾ ਹੋਣਾ ਜ਼ਰੂਰੀ



