Skip to content
Independent perspectives. Global stories.
BREAKING

ਰਾਣਾ ਕੈਪਟਨ ਸਰਕਾਰ ਲਈ ਬੋਝ ਬਣੇ

Share this story

ਪੰਜਾਬ ਦੀ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਈ ਵਿਵਾਦਾਂ ਵਿੱਚ ਘਿਰੇ ਹੋਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਫੌਰੀ ਬਾਅਦ ਰਾਣਾ ਗੁਰਜੀਤ ਸਿੰਘ ਦਾ ਨਾਮ ਰੇਤਾ-ਬਜਰੀ ਵਿਵਾਦ ਨਾਲ ਜੁੜ ਗਿਆ ਸੀ ਇਸ ਕਾਰਨ ਮੁੱਖ ਮੰਤਰੀ ਨੂੰ ਤੱਥਾਂ ਦੀ ਸਚਾਈ ਜਾਨਣ ਲਈ ਜਾਂਚ ਬਿਠਾਉਣੀ ਪਈ। ਕਹਿਣ ਦਾ ਭਾਵ ਇਹ ਹੈ ਕਿ ਕਾਂਗਰਸ ਸਰਕਾਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਰਾਣਾ ਗੁਰਜੀਤ ਸਿੰਘ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਲਈ ਸਿਰਦਰਦੀ ਬਣੇ ਹੋਏ ਹਨ। ਉਨ੍ਹਾਂ ਨਾਲ ਜੁੜੇ ਵਿਵਾਦਾਂ ਦਾ ਹਾਲੇ ਤੱਕ ਕੋਈ ਨਿਪਟਾਰਾ ਵੀ ਨਹੀਂ ਹੋ ਸਕਿਆ। ਹਰ ਰੋਜ਼ ਨਵੇਂ ਤੱਥ ਸਾਹਮਣੇ ਆ ਰਹੇ ਹਨ। ਰੇਤਾ-ਬਜਰੀ ਦੇ ਵਿਵਾਦ ਵਿੱਚ ਪੈਸੇ ਦੇ ਲੈਣ-ਦੇਣ ਸਬੰਧੀ ਸਾਹਮਣੇ ਆਏ ਨਵੇਂ ਅੰਕੜਿਆਂ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਇਕ ਤਰ੍ਹਾਂ ਨਾਲ ਰਾਣਾ ਗੁਰਜੀਤ ਸਿੰਘ ਪੰਜਾਬ ਸਰਕਾਰ ਲਈ ਇਕ ਵੱਡਾ ਬੋਝ ਬਣ ਗਏ ਹਨ। ਮੁੱਖ ਮੰਤਰੀ ਨੂੰ ਹਰ ਦੂਸਰੇ-ਤੀਸਰੇ ਦਿਨ ਇਸ ਮੰਤਰੀ ਦੇ ਕੰਮਾਂ ਬਾਰੇ ਸਪੱਸ਼ਟੀਕਰਨ ਦੇਣਾ ਪੈ ਰਿਹਾ ਹੈ। ਨਿੱਜੀ ਕੰਪਨੀਆਂ ਤੋਂ ਬਿਜਲੀ ਦੀ ਖਰੀਦ ਦਾ ਮੁੱਦਾ ਵੀ ਕਾਫੀ ਗੰਭੀਰ ਹੈ। ਪੰਜਾਬ ਸਰਕਾਰ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੀ ਕੰਪਨੀ ਤੋਂ ਵੀ ਬਿਜਲੀ ਖਰੀਦ ਰਹੀ ਹੈ, ਜਦੋਂ ਕਿ ਉਨ੍ਹਾਂ ਕੋਲ ਮੰਤਰੀ ਵਜੋਂ ਬਿਜਲੀ ਵਿਭਾਗ ਵੀ ਹੈ। ਈ.ਡੀ ਵੱਲੋਂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੂੰ ਜਾਰੀ ਕੀਤਾ ਗਿਆ ਨੋਟਿਸ ਵੀ ਇਕ ਵੱਡਾ ਮੁੱਦਾ ਹੈ। ਜਲੰਧਰ ਵਿੱਚ ਇਕ ਜਾਇਦਾਦ ਉ¤ਪਰ ਕਬਜ਼ੇ ਸਬੰਧੀ ਵਿਵਾਦ ਵੀ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਕਹਿਣ ਦਾ ਭਾਵ ਇਹ ਹੈ ਕਿ ਕੈਬਨਿਟ ਮੰਤਰੀ ਦੇ ਨਾਂ ਨਾਲ ਜੁੜੇ ਵਿਵਾਦ ਕਾਫੀ ਗੰਭੀਰ ਹੋ ਗਏ ਹਨ। ਹੁਣ ਇਹ ਰਿਪੋਰਟਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਮੰਤਰੀ ਮੰਡਲ ਵਿੱਚੋਂ ਹਟਾਉਣਾ ਚਾਹੁੰਦੇ ਹਨ ਪ੍ਰੰਤੂ ਮੁੱਖ ਮੰਤਰੀ ਹਾਲੇ ਤੱਕ ਇਸ ਲਈ ਤਿਆਰ ਨਹੀਂ ਹਨ। ਇਸ ਵਿਵਾਦ ਕਾਰਨ ਹੀ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਰੁਕਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕਾਂਗਰਸ ਦੀ ਤਰਫੋਂ ਕੋਈ ਨਿਰਣਾ ਲਿਆ ਜਾ ਸਕਦਾ ਹੈ। ਕਾਂਗਰਸ ਦੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਬੇਹਤਰ ਇਹੋ ਹੋਵੇਗਾ ਕਿ ਉਹ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਨਾ ਰੱਖਣ। ਇਸ ਨਾਲ ਸਰਕਾਰ ਅਤੇ ਪਾਰਟੀ ਦੀ ਸ਼ਾਖ ’ਤੇ ਬੁਰਾ ਅਸਰ ਪੈ ਰਿਹਾ ਹੈ। ਰਾਣਾ ਗੁਰਜੀਤ ਸਿੰਘ ਖਿਲਾਫ ਲਗ ਰਹੇ ਦੋਸ਼ਾਂ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਆਪਣੇ ਬਚਾਅ ਲਈ ਕਈ ਹੱਥਕੰਡੇ ਵਰਤ ਰਹੇ ਹਨ। ਉਨ੍ਹਾਂ ਵੱਲੋਂ ਇਹ ਬਿਆਨ ਦੇਣਾ ਵੀ ਕਾਫੀ ਹੈਰਾਨੀਜਨਕ ਹੈ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ। ਸ਼ਾਇਦ ਅਜਿਹਾ ਬਿਆਨ ਦੇ ਕੇ ਉਹ ਕਾਂਗਰਸ ਹਾਈ ਕਮਾਂਡ ਦੀ ਖੁਸ਼ੀ ਹਾਸਿਲ ਕਰਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਹੋਵੇ। ਰਾਣਾ ਗੁਰਜੀਤ ਸਿੰਘ ਨੂੰ ਖੁਦ ਹੀ ਚਾਹੀਦਾ ਹੈ ਕਿ ਉਹ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇਣ ਅਤੇ ਆਪਣੇ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਹਮਣੇ ਆਉਣ।
– ਬਲਜੀਤ ਸਿੰਘ ਬਰਾੜ

WRITTEN BY