ਪਿਛਲੇ ਦਿਨੀਂ ਲੁਧਿਆਣਾ ਸ਼ਹਿਰ ਦੀ ਪਲਾਸਟਿਕ ਫੈਕਟਰੀ ਵਿਚ ਲੱਗੀ ਅੱਗ ਨੇ ਫਾਇਰ ਬ੍ਰਿਗੇਡ ਦੇ ਨਾਸਕ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ।ਸਿਤਮ ਦੀ ਗੱਲ ਇਹ ਰਹੀ ਕਿ ਫੈਕਟਰੀ ਮਜ਼ਦੂਰਾਂ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਸਾਧਨਾਂ ਦੀ ਘਾਟ ਦੇ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ।ਪੰਜਾਬ ਦੇ ਮਾਨਚੈਸਟਰ ਕਹੇ ਜਾਣ ਵਾਲੇ ਸਨਅਤੀ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਇਹ ਹਾਲਤ ਹੈ ਤਾਂ ਬਾਕੀ ਸ਼ਹਿਰਾਂ ਦਾ ਰੱਬ ਹੀ ਰਾਖਾ ਹੈ।ਹਰ ਸਾਲ ਅਗਨੀ ਕਾਂਡ ਵਾਪਰਦੇ ਹਨ, ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਪਰ ਕਿਸੇ ਵੀ ਘਟਨਾ ਤੋਂ ਕੋਈ ਸਬਕ ਨਹੀਂ ਲਿਆ ਜਾਂਦਾ।
ਪੰਜਾਬ ਦੇ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਉਥੇ ਫਾਇਰ ਬ੍ਰਿਗੇਡ ਵਿਭਾਗ ਦੀ ਹੋਂਦ ਹੀ ਨਹੀਂ ਹੈ।ਆਗਜ਼ਨੀ ਹੋਣ ਤੇ ਲੋਕਾਂ ਨੂੰ ਆਪਣੇ ਪੱਧਰ ਤੇ ਹੀ ਬਾਲਟੀਆਂ ਨਾਲ ਪਾਣੀ ਸੁੱਟ ਕੇ ਅੱਗ ਬੁਝਾਉਣੀ ਪੈਂਦੀ ਹੈ ਜਾਂ ਫਿਰ ਦੂਰ-ਦੁਰਾਡੇ ਤੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੰਗਵਾਉਣੀਆਂ ਪੈਂਦੀਆਂ ਹਨ।ਵੱਡੇ ਸ਼ਹਿਰਾਂ ਵਿਚ ਵੀ ਸਰਕਾਰਾਂ ਦੀ ਬੇਰੁੱਖੀ ਕਾਰਨ ਇਹ ਵਿਭਾਗ ਬਹੁਤ ਪਛੜ ਚੁੱਕਾ ਹੈ।ਹਰ ਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਵਿਚ ਮੁਲਾਜ਼ਮਾਂ ਅਤੇ ਆਧੁਨਿਕ ਸਾਜ਼ੋ-ਸਮਾਨ ਦੀ ਭਾਰੀ ਘਾਟ ਹੈ।ਜੋ ਥੋੜ੍ਹੇ-ਮੋਟੇ ਯੰਤਰ ਹਨ ਉਹ ਵੀ ਮਿਆਦ ਪੁਗਾ ਚੁੱਕੇ ਹਨ।ਲੰਬੇ ਸਮੇਂ ਤੋਂ ਵਿਭਾਗ ਅੰਦਰ ਮੁਲਾਜ਼ਮਾਂ ਦੀ ਭਰਤੀ ਹੀ ਨਹੀਂ ਕੀਤੀ ਗਈ।ਜੋ ਮੁਲਾਜ਼ਮ ਸੇਵਾ ਮੁਕਤ ਹੋ ਜਾਂਦਾ ਹੈ, ਉਹ ਅਸਾਮੀ ਪੱਕੇ ਤੌਰ ਤੇ ਖਾਲੀ ਹੋ ਜਾਂਦੀ ਹੈ।ਜਿਆਦਾਤਰ ਸਟਾਫ ਠੇਕੇ ਤੇ ਰੱਖਿਆ ਹੋਇਆ ਹੈ।ਅੱਗ ਤੇ ਕਾਬੂ ਪਾਉਣ ਲਈ ਫਾਇਰ ਕਰਮੀਆਂ ਨੂੰ ਫਾਇਰ ਸੂਟ, ਮਾਸਕ, ਬੂਟ, ਹੈਲਮਟ, ਵੱਡੀਆਂ ਹਲਕੀਆਂ ਪੌੜੀਆਂ ਸਮੇਤ ਬਹੁਤ ਸਾਰੇ ਆਧੁਨਿਕ ਯੰਤਰਾਂ ਦੀ ਜ਼ਰੂਰਤ ਪੈਂਦੀ ਹੈ, ਕਰਮੀਆਂ ਕੋਲ ਅਜਿਹੇ ਆਧੁਨਿਕ ਸਾਧਨ ਮੌਜੂਦ ਹੀ ਨਹੀਂ ਹੁੰਦੇ।ਮੁਲਾਜ਼ਮਾਂ ਦੇ ਬੀਮੇ ਦੀ ਵੀ ਕੋਈ ਵਿਵਸਥਾ ਨਹੀਂ ਹੈ।ਫਾਇਰ ਬ੍ਰਿਗੇਡ ਗੱਡੀਆਂ ਦੀ ਹਾਲਤ ਵੀ ਖਸਤਾ ਹੈ। 30-30 ਸਾਲ ਪੁਰਾਣੇ ਮਾਡਲ ਦੀਆਂ ਗੱਡੀਆਂ ਹਨ, ਜੋ ਕਿ ਕੰਮ ਕਰਨ ਦੀ ਸਥਿਤੀ ਵਿਚ ਹੀ ਨਹੀਂ ਹਨ॥ ਤੰਗ ਤੇ ਭੀੜੇ ਇਲਾਕਿਆਂ ਵਿਚ ਜੇਕਰ ਕੋਈ ਆਗਜ਼ਨੀ ਦੀ ਦੁਰਘਟਨਾ ਵਾਪਰਦੀ ਹੈ ਤਾਂ ਵਿਭਾਗ ਕੋਲ ਇਸਦੇ ਹੱਲ ਲਈ ਛੋਟੇ ਤੇ ਹਲਕੇ ਵਾਹਨ ਮੌਜੂਦ ਹੀ ਨਹੀਂ ਹਨ।ਉਚੀਆਂ ਇਮਾਰਤਾਂ ਤੱਕ ਪਹੁੰਚ ਕਰਨ ਜਾਂ ਪੀੜਤਾਂ ਨੂੰ ਬਚਾਉਣ ਦੇ ਆਧੁਨਿਕ ਪ੍ਰਬੰਧ ਹਰ ਸ਼ਹਿਰ ਅੰਦਰ ਨਾ-ਮਾਤਰ ਹਨ।ਹਨੇਰੇ ਦੌਰਾਨ ਅੱਗ ਬੁਝਾਊ ਕਾਰਜਾਂ ਨੂੰ ਜਾਰੀ ਰੱਖਣ ਲਈ ਆਧੁਨਿਕ ਫਲੱਡ ਲਾਈਟਾਂ ਤੇ ਭਾਰੀ ਮਲਬੇ ਨੂੰ ਹਟਾਉਣ ਵਾਲੀ ਮਸ਼ੀਨਰੀ ਦੀ ਵੱਡੀ ਘਾਟ ਹੈ। ਸੋ ਹਰ ਛੋਟੇ-ਵੱਡੇ ਸ਼ਹਿਰ ਤੇ ਕਸਬੇ ਅੰਦਰ ਫਾਇਰ ਬ੍ਰਿਗੇਡ ਦੀ ਵਿਵਸਥਾ ਹੋਣੀ ਜ਼ਰੂਰੀ ਹੈ।ਸਮੇਂ-ਸਮੇਂ ਤੇ ਇਸਦਾ ਆਧੁਨਿਕੀਕਰਨ ਕਰਕੇ ਇਸਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਣਾ ਚਾਹੀਦਾ ਹੈ।ਲੋੜੀਂਦਾ ਸਾਜ਼ੋ-ਸਮਾਨ ਅਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਲਾਜ਼ਮੀ ਹੈ।ਫਾਇਰ ਵਿਭਾਗ ਅੰਦਰ ਕੰਮ ਕਰਦੇ ਹਰ ਵਿਅਕਤੀ ਦਾ ਬੀਮਾ ਯਕੀਨੀ ਬਣਾਇਆ ਜਾਵੇ।ਸਨਅਤੀ ਤੇ ਕਾਰੋਬਾਰੀ ਅਦਾਰਿਆਂ ਅੰਦਰ ਲੋਕਾਂ ਦੀ ਜਾਨ-ਮਾਲ ਨੂੰ ਤਾਕ ਤੇ ਰੱਖ ਕੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਪ੍ਰਸ਼ਾਸ਼ਨ ਵੀ ਚੁਸਤ, ਦਰੁਸਤ ਹੋਵੇ ਤਾਂ ਜੋ ਅਜਿਹੇ ਦੁਖਾਂਤ ਵਾਰ-ਵਾਰ ਨਾ ਵਾਪਰਨ।ਵੱਡੀ ਗੱਲ ਕਾਗਜ਼ੀ ਕਾਰਵਾਈਆਂ ਤੇ ਜ਼ਮੀਨੀ ਹਕੀਕਤਾਂ ਵਿਚ ਅੰਤਰ ਮੇਟਿਆ ਜਾਵੇ।
ਚੁਣੌਤੀਆਂ ਦੇ ਸਮਰੱਥ ਹੋਵੇ ਫਾਇਰ ਬ੍ਰਿਗੇਡ ਵਿਭਾਗ



