Skip to content
Independent perspectives. Global stories.
BREAKING

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ

Share this story

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਦਿਲ ਕੰਬਾਅ ਦੇਣ ਵਾਲੀ ਦਰਦਨਾਕ ਘਟਨਾ ਹੈ। ਇਹ ਵੀ ਵਰਨਣ ਯੋਗ ਹੈ ਕਿ ਕਿਸੇ ਇੱਕ ਵਿਆਕਤੀ ਦੀ ਕਾਲੀ ਕਰਤੂਤ ਪਿੱਛੇ ਉਸਦੇ ਸਾਰੇ ਸਮਾਜ ਨੂੰ ਬੁਰਾ ਸਮਝਣਾਂ ਵੀ ਕੋਈ ਸਿਆਣਪ ਵਾਲੀ ਗੱਲ ਨਹੀ ਹੈ। ਮੁਸਲਿਮ ਅਤੇ ਹਿੰਦੂ ਸਮਾਜ ਦਾ ਵੀ ਸਿੱਖ ਇਤਿਹਾਸ ਵਿੱਚ ਅਹਿਮ ਯੋਗਦਾਨ ਅਸੀਂ ਇਤਿਹਾਸ ਵਿੱਚ ਵਾਚਦੇ ਹਾਂ।ਅਸੀਂ ਸਦੀਆਂ ਤੋਂ ਹਿੰਦੂ ਅਤੇ ਸਿੱਖਾਂ ਤੇ ਹੁੰਦੇ ਜ਼ੁਲਮਾਂ ਦੀਆਂ ਇਤਿਹਾਸਕ ਗਾਥਾਵਾਂ ਪੜ੍ਹਦੇ ਤੇ ਸੁਣਦੇ ਆ ਰਹੇ ਹਾਂ।ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨੁੱਖੀ ਦਰਿੰਦਗੀ ਦਾ ਅਤੀ ਘਿਨਾਉਣਾ ਦ੍ਰਿਸ਼ ਪੇਸ਼ ਕਰਦੀ ਹੈ।ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਜੋ ਲਾਸਾਨੀ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾ ਦੀ ਮਿਸਾਲ ਵਿਸ਼ਵ ਦੇ ਕਿਸੇ ਵੀ ਇਤਿਹਾਸ ਵਿੱਚ ਨਹੀ ਮਿਲਦੀ।
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 20 ਦਸੰਬਰ 1704 ਈਸਵੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ ਸੀ।ਸ੍ਰੀ ਅਨੰਦਪੁਰ ਸਾਹਿਬ ਛੱਡਣ ਸਮੇ ਗੁਰੂ ਸਾਹਿਬ ਨਾਲ ਗਿਣਤੀ ਦੇ ਸਿੰਘ ਹੀ ਸਨ।ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਤਾਂ ਨਦੀ ਪੂਰੀ ਚੜ੍ਹੀ ਹੋਈ ਸੀ, ਤੇ ਪਾਣੀ ਛੱਲਾਂ ਮਾਰ ਰਿਹਾ ਸੀ।ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸਾਰੀਆਂ ਝੂਠੀਆਂ ਕਸਮਾਂ ਤੋੜ ਕੇ ਦਸਮ ਪਾਤਸ਼ਾਹ ਜੀ ਦੇ ਸਿੰਘਾਂ ’ਤੇ ਮਿਲਕੇ ਹਮਲਾ ਕਰ ਦਿੱਤਾ, ਘਮਸਾਨ ਦਾ ਯੁੱਧ ਹੋਇਆ।ਗੁਰੂ ਜੀ ਦੇ ਅਨੇਕਾਂ ਸਿੰਘ, ਸਾਹਿਤ ਦਾ ਅਨਮੋਲ ਖਜ਼ਾਨਾ ਹੱਥ ਲਿਖਤ ਗ੍ਰੰਥ, ਅਤੇ ਕਵੀਆਂ ਦੀਆਂ ਰਚਨਾਵਾਂ ਆਦਿ ਇਸ ਯੁੱਧ ਅਤੇ ਨਦੀ ਦੇ ਤੇਜ ਵਹਾਅ ਦੀ ਭੇਟ ਚੜ੍ਹ ਗਏ।ਹਫੜਾ-ਤਫੜੀ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਜੋ ਸਿੰਘ ਜੀ (ਜਨਮ 17 ਨਵੰਬਰ 1696), ਬਾਬਾ ਫ਼ਤਹਿ ਸਿੰਘ ਜੀ (ਜਨਮ 26 ਫਰਵਰੀ 1699) ਅਤੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਦੇ ਜਥੇ ਤੋਂ ਵੱਖ ਹੋ ਗਏ।ਹਕੀਮ ਅੱਲ੍ਹਾ ਯਾਰ ਖਾਂ ਜੋਗੀ ਇੰਝ ਲਿਖਦੇ ਹਨ:-
ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ।
ਦਾਯੇਂ ਕੀ ਜਗਹ ਚਲ ਦਿਏ ਵੁਹ ਬਾਯੇਂ ਹਾਥ ਥੇ।
ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਘਰ ਵਿੱਚ ਲੰਗਰ-ਪਰਸ਼ਾਦਿਆਂ ਦੀ ਸੇਵਾ ਕਰਨ ਵਾਲਾ ਗੰਗੂ ਨਾਂ ਦਾ ਵਿਆਕਤੀ ਇਸੇ ਮੌਕੇ ਤੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਿਲਿਆ।ਉਸਨੇ ਮਾਤਾ ਜੀ ਨੂੰ ਕਿਹਾ ਕਿ ਇਸ ਵਿਪਤਾ ਦੀ ਘੜੀ ਵਿੱਚ ਤੁਸੀ ਮੇਰੇ ਘਰ ਟਿਕਾਣਾਂ ਕਰ ਲਓ।ਛੋਟੇ-ਛੋਟੇ ਸਾਹਿਬਜ਼ਾਦੇ ਆਪਣੀ ਬਿਰਧ ਦਾਦੀ ਮਾਂ ਦੀਆਂ ਉਂਗਲਾਂ ਫੜ ਕੇ ਨਾਲ ਨਾਲ ਜੰਗਲਾਂ ਨੂੰ ਚੀਰਦੇ ਤੁਰਦੇ ਗਏ।ਗੰਗੂ ਪਿੰਡ ਸਹੇੜੀ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰੇ ਨਾਲ ਲੈ ਗਿਆ। ਦੂਸਰੇ ਦਿਨ ਸਵੇਰੇ ਉਸਨੇ ਮੋਰਿੰਡੇ ਦੇ ਕੋਤਵਾਲ ਨੂੰ ਸੱਦ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।ਕੋਤਵਾਲ ਨੇ ਉਹਨਾ ਨੂੰ 23 ਦਸੰਬਰ 1704 ਈਸਵੀ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ।ਪੋਹ ਦਾ ਮਹੀਨਾਂ ਅੰਤਾਂ ਦੀ ਠੰਡ, ਧੁੰਦ ਅਤੇ ਕੋਰੇ ਦੇ ਮੌਸਮ ਵਿੱਚ ਸਰਹਿੰਦ ਦੇ ਨਵਾਬ ਨੇ ਦਾਦੀ ਅਤੇ ਦੋਵਾਂ ਪੋਤਰਿਆਂ ਨੂੰ ‘ਠੰਡੇ ਬੁਰਜ਼’ ਵਿੱਚ ਕੈਦ ਕਰ ਦਿੱਤਾ। ਇਸ ਸਮੇ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਭਾਈ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਂ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦਾ ਗੜਵਾ ਲੈ ਕੇ ਬੁਰਜ ਵਿੱਚ ਪਹੁੰਚਿਆ।
ਕੈਦ ਦੇ ਸਮੇ ਦੌਰਾਨ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਉਹਨਾਂ ਦੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜ਼ਨ ਦੇਵ ਸਾਹਿਬ ਜੀ ਅਤੇ ਹੋਰ ਸ਼ਹੀਦ ਸਿੰਘਾਂ ਦੀਆਂ ਕਹਾਣੀਆਂ ਸੁਣਾਂ ਕੇ ਉਹਨਾਂ ਨੂੰ ਹਮੇਸ਼ਾਂ ਦਲੇਰਾਨਾਂ ਸੋਚ ਰੱਖਣ ਦੀ ਪ੍ਰੇਰਨਾ ਦਿੱਤੀ। ਬਹਾਦਰੀ ਅਤੇ ਨਸੀਅਤਾਂ ਭਰੀਆਂ ਕਹਾਣੀਆਂ ਸੁਣਕੇ ਸਾਹਿਬਜ਼ਾਦਿਆਂ ਨੇ ਵੀ ਦਾਦੀ ਮਾਂ ਨੂੰ ਇਹੋ ਵਿਸ਼ਵਾਸ਼ ਦਿੱਤਾ ਕਿ ਉਹ ਦਸਮ ਗੁਰੂ ਪਿਤਾ ਦੇ ਲਾਲ ਹਨ, ਉਹ ਵੀ ਸਿਰ ਦੇ ਕੇ ਸਿੱਖੀ ਸਿੱਦਕ ਦੀ ਰਾਖੀ ਕਰਨਗੇ।
24 ਦਸੰਬਰ 1704 ਦਾ ਦਿਨ ਆਇਆ, ਠੰਡੇ ਬੁਰਜ਼ ਵਿੱਚੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਮੁਗਲ ਹਕੂਮਤ ਦੇ ਸਿਪਾਹੀ ਆਏ।ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ।ਬਹਾਦਰ ਪਿਤਾ ਦੇ ਬਹਾਦਰ ਪੁੱਤਰਾਂ ਨੇ ਕਚਿਹਰੀ ਵਿੱਚ ਵਜ਼ੀਰ ਖਾਂ ਦੇ ਸਾਹਮਣੇ ਖੜ੍ਹ ਕੇ ਪੂਰੇ ਜੋਸ਼ ਨਾਲ ਗੱਜ ਕੇ ‘‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ।ੂ ਕਹਿਕੇ ਫਤਹਿ ਬੁਲਾਈ, ਅਤੇ ਆਪਣੇ ਜੋਸ਼ ਤੇ ਚੜ੍ਹਦੀਕਲਾ ਦਾ ਇਜ਼ਹਾਰ ਕੀਤਾ। ਨਿੱਕੇ-ਨਿੱਕੇ ਬੱਚਿਆਂ ਤੋਂ ਇਹ ਸੁਣ ਅਤੇ ਵੇਖ ਕੇ ਇੱਕ ਵਾਰ ਸੂਬਾ ਸਰਹਿੰਦ ਕੰਬ ਗਿਆ।ਉਸਨੇ ਸਾਹਿਬਜ਼ਾਦਿਆਂ ਨੂੰ ਧਰਮ ਛੱਡਣ ਲਈ ਅਨੇਕਾਂ ਯਤਨ ਕੀਤੇ, ਲਾਲਚ ਅਤੇ ਅਨੇਕਾਂ ਸਬਜ਼ਬਾਗ ਵੀ ਵਿਖਾਏ ਗਏ ਤਾਂ ਕਿ ਉਹ ਆਪਣੇ ਪਿਤਾ ਅਤੇ ਦਾਦੇ ਵਾਲਾ ਸਿੱਖ ਧਰਮ ਛੱਡ ਕੇ ਇਸਲਾਮ ਕਬੂਲ ਕਰ ਲੈਣ। ਇਸੇ ਵਾਰਤਾਲਾਪ ਦੌਰਾਨ ਡਰਾਇਆ ਧਮਕਾਇਆ ਵੀ ਗਿਆ।
ਸਾਹਿਬਜ਼ਾਦਿਓ ਪਿਤਾ ਤੁਹਾਰਾ। ਗਢ ਚਮਕੌਰ ਘੇਰ ਗਹਿ ਮਾਰਾ।
ਤਹਿ ਤੁਮਰੇ ਦੈ ਭ੍ਰਾਤ ਪ੍ਰਹਾਰੇ।ਸੰਗੀ ਸਿੰਘ ਸਕਲ ਸੋ ਮਾਰੇ।
(ਸੂਰਜ ਪ੍ਰਕਾਸ਼, ਕਵੀ ਭਾਈ ਸੰਤੋਖ ਸਿੰਘ ਜੀ)
ਸੂਬਾ ਸਰਹਿੰਦ ਦੇ ਡਰਾਵਿਆਂ ਨੂੰ ਸੁਣਕੇ ਨਿੱਡਰ ਤੇ ਨਿਰਭੈ ਸਾਹਿਬਜ਼ਾਦਿਆਂ ਨੇ ਉਸਨੂੰ ਮੋੜਵਾਂ ਜਵਾਬ ਦਿੱਤਾ:
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ। ਜਗ ਮਹਿਂ ਕੌਨ ਸਕੇ ਤਿੰਹ ਮਾਰਾ।
ਜਿਮ ਆਕਾਸ਼ ਕੋ ਕਿਆ ਕੋਈ ਮਾਰਹਿ। ਕੌਨ ਅੰਧੇਰੀ ਕੋ ਨਿਰਵਾਰਹਿ।
(ਸੂਰਜ ਪ੍ਰਕਾਸ਼, ਕਵੀ ਭਾਈ ਸੰਤੋਖ ਸਿੰਘ ਜੀ)
ਸਾਹਿਬਜ਼ਾਦਿਆਂ ਦੇ ਨੱਕ ਮੋੜਵੇਂ ਜਵਾਬ ਸੁਣਕੇ ਸੂਬਾ ਸਰਹਿੰਦ ਨੇ ਸੋਚਿਆਂ ਕਿ ਉਸਦੀ ਕੋਈ ਵੀ ਗੱਲ ਨਹੀ ਬਣ ਰਹੀ ਤਾਂ ਉਸਨੇ ਕਚਿਹਰੀ ਬਰਖਾਸਤ ਕਰਕੇ ਅਗਲੇ ਦਿਨ ਫਿਰ ਪੇਸ਼ੀ ਲਈ ਕਿਹਾ ਅਤੇ ਸਾਹਿਬਜ਼ਾਦਿਆਂ ਨੂੰ ਫਿਰ ਠੰਡੇ ਬੁਰਜ਼ ਵਿੱਚ ਦਾਦੀ ਮਾਂ ਕੋਲ ਰੱਖਣ ਦਾ ਹੁਕਮ ਦਿੱਤਾ ਗਿਆ।
ਅਗਲੇ ਦਿਨ 25 ਦਸੰਬਰ 1704 ਈਸਵੀ ਨੂੰ ਫਿਰ ਦੋਵੇਂ ਸਾਹਿਬਜ਼ਾਦੇ ਪੇਸ਼ ਕਰਨ ਉਪਰੰਤ ਗੱਜ ਕੇ ਫ਼ਤਹਿ ਬੁਲਾਉਂਦੇ ਹੋਏ ਚੜ੍ਹਦੀਕਲਾ ਵਿੱਚ ਸੂਬਾ ਸਰਹਿੰਦ ਦੀ ਕਚਿਹਰੀ ਵਿੱਚ ਪੇਸ਼ ਹੋਏ।ਫਿਰ ਅਨੇਕਾਂ ਲਾਲਚ ਦਿੱਤੇ ਗਏ, ਇਸਲਾਮ ਕਬੂਲ ਕਰਨ ਲਈ ਪ੍ਰੇਰਿਆ ਗਿਆ। ਸਾਹਿਬਜ਼ਾਦਿਆਂ ਦੇ ਨਾ ਮੰਨਣ ਤੇ ਹਾਜਰ ਕਾਜ਼ੀ ਨੂੰ ਫਤਵਾ ਸੁਣਾਉਣ ਦਾ ਹੁਕਮ ਦਿੱਤਾ ਗਿਆ। ਇਸਲਾਮ ਦੀ ਮਰਿਯਾਦਾ ਅਨੁਸਾਰ ਕਾਜ਼ੀ ਨੇ ਕਿਹਾ ਕਿ ‘‘ਬੱਚਿਆਂ ਅਤੇ ਬਜ਼ੁਰਗਾਂ ਤੇ ਕੋਈ ਫਤਵਾ ਨਹੀ ਲਗਾਇਆ ਜਾ ਸਕਦਾ।ੂ ਤਾਂ ਕੋਲ ਬੈਠੇ ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਭੜਕਾਉਂਦਿਆਂ ਫਤਵਾ ਸੁਣਾਉਣ ਲਈ ਉਕਸਾਇਆ ਗਿਆ। ਪੇਸ਼ੀ ਫਿਰ ਅਗਲੇ ਦਿਨ ਦੀ ਪਾ ਦਿੱਤੀ ਗਈ।
26 ਦਸੰਬਰ 1704 ਨੂੰ ਵੀ ਸੂਬਾ ਸਰਹਿੰਦ ਦੀ ਕਚਿਹਰੀ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਲਈ ਸਿਪਾਹੀ ਠੰਡੇ ਬੁਰਜ਼ ਪਹੁੰਚੇ।ਫਿਰ ਉਸੇ ਤਰਾਂ ਪੇਸ਼ੀ ਪਈ ਸਾਹਿਬਜ਼ਾਦੇ ਆਪਣੇ ਇਰਾਦਿਆਂ ਤੇ ਦ੍ਰਿੜ ਰਹੇ।ਪੇਸ਼ੀ ਫਿਰ ਅਗਲੇ ਦਿਨ ਦੀ ਪਾ ਦਿੱਤੀ ਗਈ।
27 ਦਸੰਬਰ 1704 ਨੂੰ ਫਿਰ ਪੇਸ਼ੀ ਲਈ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਵਾਸਤੇ ਆਏ। ਕਚਿਹਰੀ ਪੇਸ਼ ਕਰਨ ਸਮੇ ਫਿਰ ਉਹੀ ਲਾਲਚ ਅਤੇ ਫਿਰ ਡਰਾਵਿਆਂ ਦਾ ਦੌਰ ਚਲਾਇਆ ਗਿਆ।ਗੁਰੂ ਜੀ ਦੇ ਲਾਡਲੇ ਆਪਣੇ ਇਰਾਦਿਆਂ ਤੇ ਦ੍ਰਿੜ ਰਹੇ।ਕਚਿਹਰੀ ਵਿੱਚ ਸਾਰੇ ਵਜ਼ੀਰ, ਸਲਾਹਕਾਰ ਅਤੇ ਦੀਵਾਨ ਹਾਜ਼ਰ ਸਨ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ ਤਾਂ ਉਸਨੂੰ ਉਕਸਾਉਂਦਿਆਂ ਕਿਹਾ ਕਿ ਇਹਨਾਂ ਦੇ ਪਿਤਾ ਨੇ ਤੇਰੇ ਭਰਾ ਨੂੰ ਕਤਲ ਕਰ ਦਿੱਤਾ ਹੈ, ਤੇਰੇ ਲਈ ਹੁਣ ਉਸਦਾ ਬਦਲਾ ਲੈਣ ਦਾ ਇੱਕ ਢੁੱਕਵਾਂ ਮੌਕਾ ਹੈ। ਪਰ ਨਵਾਬ ਸ਼ੇਰ ਮੁਹੰਮਦ ਖਾਂ ਨੇ ‘ਹਾਅ ਦਾ ਨਾਅਰਾ’ ਮਾਰਦਿਆਂ, ਅਜਿਹਾ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ। ਦੀਵਾਨ ਸੁੱਚਾ ਨੰਦ ਨੇ ਸੂਬਾ ਸਰਹਿੰਦ ਨੂੰ ਫਿਰ ਭੜਕਾਉਂਦਿਆਂ ਕਿਹਾ ਕਿ ‘‘ਇਹ ਸੱਪ ਦੇ ਬੱਚੇ ਸਪੋਲੀਏ ਹਨ, ਇਹਨਾਂ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ।ੂ ਦੀਵਾਨ ਸੁੱਚਾ ਨੰਦ ਅਤੇ ਸੂਬਾ ਸਰਹਿੰਦ ਨੇ ਜੋਰ ਦੇ ਕੇ ਕਾਜ਼ੀ ਪਾਸੋਂ ਫਤਵਾ ਜਾਰੀ ਕਰਵਾ ਦਿੱਤਾ।
ਅੰਤਮ ਘੜੀਆਂ ਆ ਗਈਆਂ। 27 ਦਸੰਬਰ 1704 ਨੂੰ ਫਿਰ ਲਾਲਚ ਅਤੇ ਡਰਾਵੇ ਦੀ ਗੱਲ ਫਿਰ ਕੀਤੀ ਗਈ, ਜਿਸ ’ਤੇ ਸਾਹਿਬਜ਼ਾਦੇ ਪੂਰੇ ਨਾ ਉਤੱਰੇ।ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ।ਅਜੇ ਕੰਧ ਦੀ ਚਿਣਾਈ ਛਾਤੀ ਅਤੇ ਮੋਢਿਆਂ ਤੱਕ ਹੀ ਪਹੁੰਚੀ ਸੀ ਕਿ ਇੱਟਾਂ ਦਾ ਸਾਰਾ ਢਾਂਚਾ ਡਿੱਗ ਪਿਆ।ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਜਮੀਨ ਤੇ ਪਏ ਸਨ। ਗਿਆਨੀ ਗਿਆਨ ਸਿੰਘ ਅਨੁਸਾਰ ਸਯਦ ਸਾਸ਼ਲ ਬੇਗ ਅਤੇ ਸਯਦ ਬਾਛਲ ਬੇਗ ਨਾਂ ਦੇ ਦੋ ਜਲਾਦਾਂ, ਜਿਨ੍ਹਾਂ ਨਾਲ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣ ਕੇ ਮੌਤ ਦੀ ਸਜ਼ਾ ਦੇਣ ਦੇ ਵਾਅਦੇ ਬਦਲੇ ਉਹਨਾਂ ਦੀ ਕਿਸੇ ਹੋਰ ਮੁਕੱਦਮੇ ਵਿੱਚ ਚਲਦੀ ਕੈਦ ਦੀ ਸਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ। ਉਹਨਾਂ ਜਲਾਦ ਭਰਾਵਾਂ ਨੇ ਹੀ ਬੇਹੋਸ਼, ਸਹਿਕਦੇ ਅਤੇ ਤੜਫ਼ਦੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ:-
ਸਾਸ਼ਲ ਬੇਗ ਅਰ ਬਾਛਲ ਬੇਗ।ਉਭੈ ਜਲਾਦਨ ਖਿਚ ਕੈ ਤੇਗ।
ਤਿਸਹੀ ਠੋਰ ਖਰਿਓ ਕੇ ਸੀਸ।ਤੁਰਤ ਉਤਾਰੇ ਦੁਸਟੈ ਰੀਸ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)
ਸ਼ਹਾਦਤ ਸਮੇ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ 8 ਸਾਲ 40 ਦਿਨ ਸੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ 5 ਸਾਲ 9 ਮਹੀਨੇ 29 ਦਿਨਾਂ ਦੀ ਸੀ।ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਦਾਦੀ ਮਾਂ ਨੇ ਆਕਾਲ ਪੁਰਖ਼ ਨੂੰ ਯਾਦ ਕੀਤਾ, ਅਟੱਲ ਸਮਾਧੀ ਵਿੱਚ ਲੀਨ ਹੋ ਗਏ, ਅਤੇ ਜੋਤੀ ਜੋਤ ਸਮਾ ਗਏ।ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਮ ਸਸਕਾਰ ਲਈ ਦੀਵਾਨ ਟੋਡਰ ਮੱਲ ਜੀ ਨੇ ਸੂਬਾ ਸਰਹਿੰਦ ਅੱਗੇ ਸੋਨੇ ਦੀਆਂ ਮੋਹਰਾਂ ਖੜਵੇਂ ਰੁੱਖ ਵਿੱਚ ਰੱਖ ਕੇ ਸਸਕਾਰ ਲਈ ਲੋੜੀਂਦੀ ਜਮੀਨ ਖਰੀਦੀ।27 ਦਸੰਬਰ 1704 ਈਸਵੀ ਨੂੰ ਇਹਨਾਂ ਤਿੰਨਾਂ ਰੂਹਾਂ ਦਾ ਸਸਕਾਰ ਕੀਤਾ ਗਿਆ, ਇਸੇ ਪਾਵਨ ਅਸਥਾਨ ਤੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ।ਸਦੀਆਂ ਬੀਤ ਜਾਣ ਤੇ ਅੱਜ ਇਹ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ ਹਨ ਅਤੇ ਦਰਜ ਰਹਿਣਗੀਆਂ।

WRITTEN BY