ਸ੍ਰੀ ਮੁਕਤਸਰ ਸਾਹਿਬ, 20 ਦਸੰਬਰ (ਸੁਰਿੰਦਰ ਚੱਠਾ)- ਆਰਮਡ ਫੋਰਸਿਸ ਵੈਟਰਨ ਐਸੋ: ਆਫ ਇੰਡੀਆ ਦੀ ਜਿਲ੍ਰਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਾਬਕਾ ਫੌਜੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਥਾਨਕ ਈ.ਸੀ.ਐੱਸ.ਐੱਚ ਦੇ ਸਾਹਮਣੇ ਰੋਸ ਧਰਨਾ ਲਾਇਆ ਗਿਆ। ਇਸ ਸਮੇਂ ਪੱਤਰਕਾਰਾਂ ਨੂੰ ਜਾਦਕਾਰੀ ਦਿੰਦਿਆਂ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀ ਈ.ਸੀ.ਐੱਸ.ਐੱਚ ਦੇ ਇੰਚਾਰਜ ਕਰਨਤੇਜਿੰਦਰ ਸਿੰਘ ਅਤੇ ਲੇਡੀਜ਼ ਡਾਕਟਰ ਸਿਮਰਨ ਕੌਰ ਵੱਲੋਂ ਖੁਦ ਮੇਰੇ ਨਾਲ ਦੁਰ-ਵਿਹਾਰ ਕੀਤਾ ਗਿਆ ਸੀ, ਇਸ ਦਾ ਕਾਰਨ ਈ.ਸੀ.ਐੱਸ.ਐੱਚ ਵਿੱਚ ਸਾਬਕਾ ਫੌਜੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨਾ ਦੇਣਾ ਸੀ। ਉਨ੍ਹਾਂ ਦੱਸਿਆ ਕਿ ਉਸ ਦਿਨ ਜਦੋ ਮੈਂ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਸਿਮਰਨ ਕੌਰ ਕੋਲ ਗਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਇਲਾਜ਼ ਲਈ ਪੈਨਲ ਹਸਪਤਾਲ ਵਿੱਚ ਭੇਜਿਆ ਜਾਵੇ ਪਰ ਉਨ੍ਹਾਂ ਨੇ ਠੀਕ ਵਰਤਾਓ ਨਾ ਕਰਦਿਆਂ ਮੈਨੂੰ ਇੰਚਾਰਜ ਕੋਲ ਭੇਜਿਆ। ਇੰਚਾਰਜ ਨੇ ਵੀ ਮੈਨੂੰ ਜਲੀਲ ਕੀਤਾ। ਉਨ੍ਹਾਂ ਕਿਹਾ ਕਿ ਜੇ ਜਿਲ੍ਹਾ ਪ੍ਰਧਾਨ ਹੁੰਦਿਆਂ ਮੇਰੇ ਨਾਲ ਅਜਿਹਾ ਵਾਪਰਦਾ ਹੈ ਤਾਂ ਆਮ ਸਾਬਕਾ ਫੌਜੀਆਂ ਨਾਲ ਕੀ ਹੁੰਦਾ ਹੋਵੇਗਾ, ਇਸ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਉਸ ਦਿਨ ਅਸੀਂ ਖ਼ਬਰਾਂ ਰਾਹੀਂ ਦੱਸਿਆ ਸੀ ਕਿ ਜੇਕਰ ਵੀਹ ਦਸੰਬਰ ਤੱਕ ਸਾਬਕਾ ਫੌਜੀਆਂ ਨੂੰ ਸਹੂਲਤਾਂ ਮਿਲਣੀਆਂ ਯਕੀਨੀ ਨਾ ਬਣਾਈਆਂ ਤਾਂ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ। ਇਸ ਲਈ ਅੱਜ ਦੇ ਧਰਨੇ ਦਾ ਅਯੋਜਨ ਕੀਤਾ ਗਿਆ ਹੈ। ਜਿਲ੍ਹਾ ਪ੍ਰਧਾਨ ਨੇ ਮੰਗ ਕੀਤੀ ਕਿ ਸਾਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਚੰਗੀ ਤਰ੍ਹਾਂ ਦਿੱਤੀਆਂ ਜਾਣ। ਮਰੀਜ਼ ਸਾਬਕਾ ਫੌਜ਼ੀਆਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ। ਜਿਆਦਾ ਤਕਲੀਫ ਵਾਲੇ ਮਰੀਜ਼ ਨੂੰ ਜਲਦੀ ਤੋਂ ਜਲਦੀ ਪੈਨਲ ਹਸਪਤਾਲ ਭੇਜਿਆ ਜਾਵੇ , ਇਸ ਤੋਂ ਇਲਾਵਾ ਉਨ੍ਹਾਂ ਨੇ ਈ.ਸੀ.ਐੱਸ.ਐੱਚ ਡਾਕਟਰ ਅਤੇ ਇੰਚਾਰਜ ਵੱਲੋਂ ਕੀਤੀ ਬਦਸਲੂਕੀ ਦੀ ਨਿੰਦਾ ਵੀ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸੁਧਾਰ ਨਾ ਹੋਇਆ ਤਾਂ ਵੱਡੀ ਸੰਘਰਸ਼ ਉਲੀਕਿਆ ਜਾ ਸਕਦਾ ਹੈ। ਇਸ ਸਮੇਂ ਸੁਰਿੰਦਰ ਸਿੰਘ, ਰੂੜ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਕੁਲਵੰਤ ਸਿੰਘ, ਜਗੀਰ ਸਿੰਘ, ਵਜੀਰ ਸਿੰਘ ਸਰਦਾਰਾ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ, ਦਰਸਨ ਸਿੰਘ, ਗੁਰਮੇਜ ਸਿੰਘ, ਬਲਕਾਰ ਸਿੰਘ, ਸੁੂਰਤ ਸਿੰਘ ਅਤੇ ਅਜੈਬ ਸਿੰਘ ਆਦਿ ਹਾਜਰ ਸਨ।