May 20, 2026 6:24 pm

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੁਧਿਆਣਾ ’ਚ ਮਹਾਨ ਨਗਰ ਕੀਰਤਨ 22 ਨੂੰ : ਜੱਥੇ. ਅਵਤਾਰ ਸਿੰਘ

ਲੁਧਿਆਣਾ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਨੇ ਕਿਹਾ ਕਿ ਸਰਬੰਸ ਦਾਨੀ, ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 351 ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.), ਮਾਡਲ ਟਾਊਨ ਐਕਸਟੈਨਸ਼ਨ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੀਆ ਹੋਇਆ ਕਿਹਾ ਕਿ 22 ਦਸੰਬਰ ਦਿਨ ਸ਼ੁਕਰਵਾਰ ਨੂੰ ਦੁਪਹਿਰ 1 ਵਜੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਹਾਨ ਨਗਰ ਕੀਰਤਨ ਕੱਢਿਆ ਜਾਵੇਗਾ । ਜੋ ਕਿ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਹੁੰਦਿਆ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ । ਇਸ ਤਰਾਂ 23 ਦਸੰਬਰ ਰਾਤ ਨੂੰ ਮਹਾਨ ਕਵੀ ਅਤੇ ਢਾਡੀ ਦਰਬਾਰ ਆਯੋਜਿਤ ਕੀਤਾ ਜਾਵੇਗਾ ਅਤੇ 24 ਦਸੰਬਰ ਨੂੰ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਹਾਨ ਕੀਰਤਨ ਦਰਬਾਰ ਅਯੋਜਿਤ ਕੀਤਾ ਜਾਵੇਗਾ । ਜਿਸ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਜੱਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। 25 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾਵੇਗਾ । ਜਿਸ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥੇ ਅਤੇ ਪੰਥ ਦੇ ਮਹਾਨ ਵਿਦਵਾਨ ਤੇ ਕਥਾ ਵਾਚਕ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ । ਜੱਥੇਦਾਰ ਮੱਕੜ ਨੇ ਸਮੂਹ ਸੰਗਤਾ ਨੂੰ ਜ਼ੋਰਦਾਰ ਅਪੀਲ ਕਰਦਿਆ ਹੋਇਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਉਕਤ ਸਮਾਗਮਾਂ ਅੰਦਰ ਆਪਣੀਆਂ ਹਾਜ਼ਰੀਆ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਹੁੰਮ-ਹੁੰਮਾ ਕੇ ਪੁੱਜੋ ਅਤੇ ਗੁਰੂ ਜਸ ਸਰਵਨ ਕਰੋ । ਇਸ ਸਮੇਂ ਉਹਨਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁੱਦੇਦਾਰ ਸ. ਇੰਦਰਜੀਤ ਮੱਕੜ ਅਮਰਜੀਤ ਸਿੰਘ ਨਨਕਾਣਾ ਸਾਹਿਬ, ਜਗਜੀਤ ਸਿੰਘ ਆਹੂਜਾ, ਮਹਿੰਦਰ ਸਿੰਘ ਡੰਗ, ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਅਵਤਾਰ ਸਿੰਘ ਬੀ.ਕੇ, ਬਲਜੀਤ ਸਿੰਘ ਬਾਵਾ, ਸ. ਕ੍ਰਿਪਾਲ ਸਿੰਘ ਚੌਹਾਨ ਵਿਸ਼ੇਸ ਤੌਰ ਤੇ ਹਾਜ਼ਰ ਸਨ।

Send this to a friend