ਮਾਪੇ ਉਸ ਤੋਂ ਬਹੁਤ ਦੁਖੀ ਸਨ। ਪੜ੍ਹਾਈ ਵਿੱਚ ਉਸ ਦਾ ਮਨ ਨਹੀਂ ਸੀ। ਸਕੂਲ ਜਾਣ ਤੋਂ ਉਹ ਕੰਨੀ ਕਤਰਾਉਂਦਾ ਸੀ। ਉਸ ਦੇ ਪਿਤਾ ਉਸ ਨੂੰ ਜ਼ਬਰਦਸਤੀ ਸਕੂਲ ਛੱਡਕੇ ਆਉਂਦੇ ਸਨ ਪਰ ਸਕੂਲੀ ਪੜ੍ਹਾਈ ਵਿੱਚ ਉਸ ਦਾ ਦਿਲ ਨਹੀਂ ਲੱਗਦਾ ਸੀ। ਉਸ ਦਾ ਦਿਲ ਤਾਂ ਸਿਰਫ ਇਕੋ ਗੱਲ ’ਤੇ ਲੱਗਦਾ ਸੀ, ਉਹ ਸੀ ਵੀਡੀਓ ਗੇਮ। ਵੀਡੀਓ ਗੇਮ ਖੇਡਦਾ-ਖੇਡਦਾ ਉਹ ਖਾਣਾ-ਪੀਣਾ ਵੀ ਭੁੱਲ ਜਾਂਦਾ ਸੀ। ਸਾਰਾ ਦਿਨ ਉਹ ਕੰਪਿਊਟਰ ’ਤੇ ਬੈਠਕੇ ਵੀਡੀਓ ਗੇਮ ਖੇਡਦਾ ਰਹਿੰਦਾ ਸੀ। ਉਸ ਦੇ ਪਿਤਾ ਇਸ ਗੱਲੋਂ ਬਹੁਤ ਚਿੰਤਤ ਅਤੇ ਦੁਖੀ ਸਨ। ਉਸ ਦੇ ਪਿਤਾ ਨੂੰ ਲੱਗਦਾ ਸੀ ਕਿ ਲੰਬਾ ਸਮਾਂ ਕੰਪਿਊਟਰ ਅੱਗੇ ਬੈਠਣ ਕਾਰਨ ਉਸ ਦੀ ਸਿਹਤ ਵਿਗੜ ਜਾਵੇਗੀ ਅਤੇ ਉਸ ਦੀਆਂ ਅੱਖਾਂ ਖਰਾਬ ਹੋ ਜਾਣਗੀਆਂ। ਉਸ ਦੇ ਪਿਤਾ ਨੇ ਉਸ ਨੂੰ ਕੰਪਿਊਟਰ ਅੱਗੇ ਬੈਠਣ ਤੋਂ ਰੋਕਣ ਲਈ ਇਕ ਤਰੀਕਾ ਲੱਭਿਆ ਕਿ ਉਹ ਕੰਮ ’ਤੇ ਜਾਣ ਲੱਗੇ ਕੰਪਿਊਟਰ ਦਾ ਪਾਸਵਰਡ ਬਦਲ ਦਿੰਦੇ ਸਨ। ਉਸ ਦੇ ਪਿਤਾ ਨੂੰ ਹੈਰਾਨੀ ਹੁੰਦੀ ਹੈ ਕਿ ਉਹ ਪਿਤਾ ਦੇ ਲਾਏ ਪਾਸਵਰਡ ਨੂੰ ਕ੍ਰੈਕ ਕਰ ਦਿੰਦਾ ਅਤੇ ਕੰਪਿਊਟਰ ਖੋਲ੍ਹਕੇ ਖੇਡਣ ਲੱਗਦਾ। ਉਹ ਆਪਣੇ ਪਿਤਾ ਦੇ ਲਾਏ ਹਰ ਪਾਸਵਰਡ ਨੂੰ ਕ੍ਰੈਕ ਕਰ ਦਿੰਦਾ ਸੀ। ਇਸ ਨੇ ਉਸ ਦੇ ਪਿਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਦੇ ਪਿਤਾ ਨੇ ਉਸ ਪ੍ਰਤੀ ਆਪਣਾ ਮਨ ਬਦਲਿਆ। ਉਨ੍ਹਾਂ ਉਸ ਨੂੰ ਇਕ ਨਵਾਂ ਕੰਪਿਊਟਰ ਲਿਆ ਕੇ ਦੇ ਦਿੱਤਾ। ਨਤੀਜੇ ਵਜੋਂ ਇਹ ਬੱਚਾ ਹੋਰ ਜ਼ਿਆਦਾ ਵਕਤ ਕੰਪਿਊਟਰ ’ਤੇ ਬਿਤਾਉਣ ਲੱਗਾ ਅਤੇ ਸਕੂਲੀ ਪੜ੍ਹਾਈ ਨੂੰ ਉਕਾ ਹੀ ਵਿਸਾਰ ਦਿੱਤਾ। ਨਤੀਜੇ ਵਜੋਂ ਜੋ ਹੋਇਆ ਉਹੀ ਹੋਣਾ ਸੀ। ਉਹ 8ਵੀਂ ਵਿੱਚੋਂ ਫੇਲ੍ਹ ਹੋ ਗਿਆ ਅਤੇ ਬੱਚੇ ਨੇ ਮੁੜ ਸਕੂਲ ਜਾਣ ਤੋਂ ਵੀ ਤੋਬਾ ਬੋਲ ਦਿੱਤੀ।
ਜਿਸ ਬੱਚੇ ਦੀ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਹਾਂ, ਉਸ ਦਾ ਨਾਮ ਤ੍ਰਿਸ਼ਨੀਤ ਅਰੋੜਾ ਹੈ। 8ਵੀਂ ਕਲਾਸ ਵਿੱਚੋਂ ਫੇਲ੍ਹ ਹੋਣ ਤੋਂ ਬਾਅਦ ਤ੍ਰਿਸ਼ਨੀਤ ਨੇ ਐਲਾਨ ਕਰ ਦਿੱਤਾ ਕਿ ਉਹ ਅੱਗੇ ਨਹੀਂ ਪੜ੍ਹੇਗਾ ਅਤੇ ਸਿਰਫ਼ ਕੰਪਿਊਟਰ ਨੂੰ ਆਪਣੀ ਜ਼ਿੰਦਗੀ ਸਮਝੇਗਾ। ਉਸ ਨੇ ਸਕੂਲ ਛੱਡ ਦਿੱਤਾ ਅਤੇ ਦਿਨ ਰਾਤ ਕੰਪਿਊਟਰ ਦੀਆਂ ਬਾਰੀਕੀਆਂ ਸਿੱਖਣ ’ਤੇ ਲਾਉਣ ਲੱਗਾ। ਜਦੋਂ ਤ੍ਰਿਸ਼ਨੀਤ 19 ਵਰ੍ਹਿਆਂ ਦਾ ਹੋਇਆ ਤਾਂ ਉਹ ਕੰਪਿਊਟਰ ਫਿਕਸਿੰਗ ਅਤੇ ਸਾਫਟਵੇਅਰ ਕਲੀਇੰਗ ਦਾ ਮਾਹਿਰ ਬਣ ਚੁੱਕਾ ਸੀ। ਉਸ ਤੋਂ ਬਾਅਦ ਉਹ ਛੋਟੇ-ਛੋਟੇ ਪ੍ਰੋਜੈਕਟ ਲੈ ਕੇ ਕੰਮ ਕਰਨ ਲੱਗਾ ਜਿਸ ਦਿਨ ਉਸ ਨੂੰ ਆਪਣੀ ਕਮਾਈ ਦਾ 60 ਹਜ਼ਾਰ ਰੁਪਏ ਦਾ ਪਹਿਲਾ ਚੈਕ ਮਿਲਿਆ ਤਾਂ ਉਹ ਬਹੁਤ ਖੁਸ਼ ਹੋਇਆ। ਉਹ ਵੱਡੇ-ਵੱਡੇ ਸੁਪਨੇ ਵੇਖਣ ਲੱਗਾ। ਜੋ ਸਖ਼ਸ਼ ਵੱਡੇ ਸੁਪਨੇ ਵੇਖਦਾ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਹਿੱਤ ਮਿਹਨਤ ਵੀ ਕਰਦਾ ਹੈ, ਕੁਦਰਤ ਵੀ ਉਸ ਦਾ ਸਾਥ ਦੇਣ ਲੱਗਦੀ ਹੈ। ਆਪਣਾ ਸੁਪਨਾ ਪੂਰਾ ਕਰਨ ਹਿੱਤ ਉਸ ਨੇ ‘ਟੀਏਸੀ ਸਿਕਿਉਰਟੀ ਸਿਲਊਸ਼ਨ’ ਨਾਮ ਥੱਲੇ ਸਾਈਬਰ ਸਿਕਿਊਰਟੀ ਕੰਪਨੀ ਖੋਲ੍ਹੀ। ਦੇਖਦੇ-ਦੇਖਦੇ ਉਸਦੀ ਕੰਪਨੀ ਸਫ਼ਲਤਾ ਦੀਆਂ ਪੌੜੀਆਂ ਚੜ੍ਹਣ ਲੱਗੀ। ਅੱਜ ਕੱਲ੍ਹ ਉਸ ਦੇ 4 ਦਫਤਰ ਭਾਰਤ ਅਤੇ 1 ਦਫਤਰ ਦੁੱਬਈ ਵਿੱਚ ਹੈ ਅਤੇ ਉਹ ਪੰਜਾਬ ਸਰਕਾਰ ਦਾ ਆਈ ਟੀ ਸਲਾਹਕਾਰ ਹੈ। ਤ੍ਰਿਸ਼ਨੀਤ ਅਰੋੜਾ ਸੀਬੀਆਈ, ਪੰਜਾਬ ਪੁਲਿਸ ਅਤੇ ਕ੍ਰਾਇਮ ਬ੍ਰਾਂਚ ਦੇ ਕਰਮਚਾਰੀਆਂ ਨੂੰ ਸਿਖਲਾਈ ਦੇ ਰਿਹਾ ਹੈ। ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਰਿਲਾਇੰਸ ਵਰਗੀਆਂ ਨਿੱਜੀ ਕੰਪਨੀਆਂ ਵੀ ਉਸ ਦੀਆਂ ਕਲਾਇੰਟ ਹਨ। ਤ੍ਰਿਸ਼ਨੀਤ ਅਰੋੜਾ ਨੇ ‘ਹੈਕਿੰਗ ਟਾਕ ਵਿੱਦ ਤ੍ਰਿਸ਼ਨੀਤ ਅਰੋੜਾ’, ‘ਦੀ ਹੈਕਿੰਗ ਇਰਾ’ ਅਤੇ ‘ਹੈਕਿੰਗ ਵਿਦ ਸਮਾਰਟ ਫੋਨਜ਼’ ਆਦਿ ਕਿਤਾਬਾਂ ਵੀ ਲਿਖੀਆਂ ਹਨ। ਅੱਠਵੀਂ ਫੇਲ੍ਹ ਅਰੋੜਾ ਹੁਣ ਅਰਬਾਂਪਤੀ ਹੈ।
ਤ੍ਰਿਸ਼ਨੀਤ ਅਰੋੜਾ ਦੀ ਕਹਾਣੀ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਸਕੂਲੀ ਵਿਦਿਆ ਪ੍ਰਾਪਤ ਕਰਨ ਵਿੱਚ ਭਾਵੇਂ ਅਸਫਲ ਰਿਹਾ ਪਰ ਜ਼ਿੰਦਗੀ ਵਿੱਚ ਉਹ ਇਕ ਕਾਮਯਾਬ ਇਨਸਾਨ ਬਣਿਆ ਉਹ ਵੀ ਬਹੁਤ ਛੋਟੀ ਉਮਰ ਵਿੱਚ। ਇਸ ਕਹਾਣੀ ਦਾ ਸੂਤਰ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ, ਕਿਸੇ ਇਕ ਖੇਤਰ ਵਿੱਚ ਮਾਹਿਰ ਹੋਣਾ ਜ਼ਰੂਰੀ ਹੁੰਦਾ ਹੈ। ਕੋਈ ਵੀ ਇਕ ਖੇਤਰ ਚੁਣੇ ਅਤੇ ਉਸ ਵਿੱਚ ਮਾਹਿਰ ਹੋਣ ਲਈ ਦਿਨ ਰਾਤ ਇਕ ਕਰ ਦੇਵੋ। ਜਦੋਂ ਤੁਸੀਂ ਕਿਸੇ ਵੀ ਖੇਤਰ ਦੇ ਮਾਹਿਰ ਬਣ ਜਾਂਦੇ ਹੋ ਤਾਂ ਕਾਮਯਾਬੀ ਆਪਣੇ ਆਪ ਤੁਹਾਡੇ ਦਰ ’ਤੇ ਆ ਕੇ ਦਸਤਕ ਦੇ ਦਿੰਦੀ ਹੈ। ਬਸ ਜ਼ਰੂਰਤ ਹੈ ਤੁਹਾਡੇ ਅੰਦਰ ਇਕ ਜਨੂੰਨ ਦੀ। ਆਪਣੇ ਖੇਤਰ ਵਿੱਚ ਜਨੂੰਨ ਦੀ ਹੱਦ ਤੱਕ ਮਿਹਨਤ ਕਰੋ ਅਤੇ ਤ੍ਰਿਸ਼ਨੀਤ ਅਰੋੜਾ ਵਾਂਗ ਕਾਮਯਾਬ ਹੋ ਜਾਵੋਗੇ। ਆਹ ਸ਼ੇਅਰ ਯਾਦ ਰੱਖੋ :
ਯੂੰਹੀਂ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ
ਏਕ ਜਨੂੰਨ ਸਾ ਦਿਲ ਮੇਂ ਉਠਾਨਾ ਹੋਤਾ ਹੈ
ਪੁਛਾ ਚਿੜੀਓਂ ਸੇ,
ਕੈਸੇ ਬਨਾ ਯੇ ਆਸ਼ਿਯਾਨਾ
ਬੋਲੀ,
ਭਰਨੀ ਪੜਤੀ ਹੈ ਉਡਾਨ ਵਾਰ-ਵਾਰ
ਤਿਨਕਾ-ਤਿਨਕਾ ਉਠਾਣਾ ਹੋਤਾ ਹੈ।
ਯੂੰਹੀਂ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ



