ਸਰਦੂਲਗੜ੍ਹ, 8 ਦਸੰਬਰ (ਵਿਪਨ ਗੋਇਲ, ਬਲਜੀਤ ਪਾਲ)- ਪੰਜਾਬ ਸਰਕਾਰ ਦੁਆਰਾ ਚਲਾਈ ਨਸ਼ਾ ਖਾਤਮੇ ਦੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਾਊਂਟਰ ਇਨਟੈਲੀਜੈਂਸ ਦੀ ਬਠਿੰਡਾ ਟੀਮ ਨੇ ਇਸਪੈਕਟਰ ਨਵੀਨ ਕੁਮਾਰ ਦੀ ਅਗਵਾਈ ’ਚ ਸਰਦੂਲਗੜ੍ਹ ਸ਼ਹਿਰ ਦੀਆਂ ਖੈਰਾ ਕੈਂਚੀਆਂ ਵਿਖੇ ਸ਼ਪੈਸ਼ਲ ਨਾਕਾ ਲਗਾ ਕੇ 62 ਬੋਰੀਆਂ ਭੁੱਕੀ ਦੇ ਭਰੇ ਟਰੱਕ ਜਿਸਦੀ ਬਜਾਰੀ ਕੀਮਤ ਲਗਭਗ ਅਠੱਤਰ ਲੱਖ ਰੁਪਏ ਬਣਦੀ ਹੈ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਇਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਖੈਰਾ ਕੈਂਚੀਆਂ ਸਰਦੂਲਗੜ੍ਹ ਵਿਖੇ ਨਾਕਾ ਲਗਾਇਆ ਗਿਆ ਸੀ। ਜਿਸ ਦੌਰਾਨ ਟਰੱਕ ਨੰਬਰ ਪੀਬੀ 02 ਏ.ਐਨ. 9511 ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਚਾਈਨਾ ਕਲੇ ਪਾਊਡਰ ਦੇ ਹੇਠਾਂ 62 ਬੋਰੀਆਂ ਡੋਡਾ ਪੋਸਤ (15 ਕੁਵਿੰਟਲ ਪੰਜਾਹ ਕਿਲੋ) ਨੂੰ ਬਰਾਮਦ ਕਰਕੇ ਤਿੰਨ ਅੰਤਰਰਾਜੀ ਸਮੱਗਲਰਾਂ ਲੱਖਾ ਸਿੰਘ ਪੁੱਤਰ ਉਤਮ ਸਿੰਘ ਵਾਸੀ ਨੌਸਹਿਰਾ ਕਲਾਂ ਥਾਣਾ ਕੰਬੋਜ਼ ਜਿਲਾ ਅਮ੍ਰਿੰਤਸਰ, ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੇਅੰਤ ਨਗਰ ਵਾਰਡ ਨੰ 3 ਸਰਦੂਲਗੜ੍ਹ ਜ਼ਿਲਾ ਮਾਨਸਾ, ਚੱਨਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਾਨ ਖੈਰਾ ਥਾਣਾ ਘਣੀਏ ਕੇ ਬਾਂਗੜ ਜ਼ਿਲਾ ਗੁਰਦਾਸਪੁਰ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਨੰਬਰ 159 ਧਾਰਾ 15,25,61,85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
78 ਲੱਖ ਦੇ ਡੋਡਾ ਪੋਸਤ ਸਣੇ 3 ਕਾਬੂ



