Skip to content
Independent perspectives. Global stories.
BREAKING

ਵੱਡੇ ਸੁਪਨੇਸਾਜ਼ਾਂ ਨੂੰ ਹੀ ਮਿਲਦੀ ਹੈ ਸਫਲਤਾ

Share this story

‘‘ਇੰਤਜਾਰ ਨਾ ਕਰੋ। ਵਕਤ ਕਦੇ ਵੀ ‘ਬਿਲਕੁਲ ਸਹੀ’ ਨਹੀਂ ਹੋਵੇਗਾ। ਉਥੋਂ ਹੀ ਸ਼ੁਰੂ ਕਰੋ, ਜਿੱਥੇ ਤੁਸੀਂ ਖਲੋਤੇ ਹੋ। ਉਨ੍ਹਾਂ ਸਾਧਨਾਂ ਨਾਲ ਹੀ ਕਾਰਜ ਆਰੰਭ ਕਰ ਦੇਵੋ ਜੋ ਤੁਹਾਡੇ ਕੋਲ ਹਨ। ਰਾਹ ਵਿੱਚ ਤੁਹਾਨੂੰ ਚੰਗੇ ਸਾਧਨ ਆਪੇ ਮਿਲ ਜਾਣਗੇ।’’ ਨੈਪੋਲੀਅਨ ਹਿੱਲੀ ਦਾ ਇਹ ਕਥਨ ਉਸ ਵੇਲੇ ਹੀ ਸੱਚ ਹੋਵੇਗਾ ਜਦੋਂ ਤੁਹਾਡੇ ਕੋਲ ਕਿਸੇ ਮੰਜ਼ਿਲ ’ਤੇ ਪਹੁੰਚਣ ਦਾ ਸੁਪਨਾ ਹੋਵੇਗਾ। ਕੋਈ ਟੀਚਾ ਹੋਵੇਗਾ, ਕੋਈ ਉਦੇਸ਼ ਹੋਵੇਗਾ, ਕੋਈ ਲਕਸ਼ ਹੋਵੇਗਾ। ਸਫ਼ਲਤਾ ਦੇ ਇਛੁੱਕ ਤਾਂ ਸਾਰੇ ਹੁੰਦੇ ਹਨ ਪਰ ਸਫ਼ਲਤਾ ਦੇ ਸਹੀ ਅਰਥਾਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸਫ਼ਲਤਾ ਦੇ ਅਭਿਲਾਸ਼ੀ ਲੋਕਾਂ ਨੂੰ ਕੁੱਝ ਸਵਾਲ ਆਪਣੇ ਆਪ ਨੂੰ ਕਰਨੇ ਜ਼ਰੂਰੀ ਹੁੰਦੇ ਹਨ, ਜਿਵੇਂ:
ਜ਼ਿੰਦਗੀ ਨੂੰ ਤੁਸੀਂ ਕੀ ਸਮਝਦੇ ਹੋ?
ਕੀ ਚਾਹੁੰਦੇ ਹੋ ਤੁਸੀਂ ਜੀਵਨ ਵਿੱਚ?
ਕੀ ਸ਼ੋਹਰਤ ਤੁਹਾਡਾ ਟੀਚਾ ਹੈ?
ਕੀ ਢੇਰ ਸਾਰੀ ਦੌਲਤ ਤੁਹਾਡੀ ਮੰਜ਼ਿਲ ਹੈ?
ਕੀ ਤੁਸੀਂ ਸੱਤਾ ਦੇ ਅਭਿਲਾਸ਼ੀ ਹੋ?
ਕੀ ਤੁਸੀਂ ਅਸੰਭਵ ਕਾਰਜਾਂ ਨੂੰ ਕਰਨ ਦੇ ਇਛੁੱਕ ਹੋ?
ਕੀ ਤੁਸੀਂ ਦੌਲਤ, ਸ਼ੋਹਰਤ ਤੇ ਸੱਤਾ ਦੀਆਂ ਟੀਸੀਆਂ ਸਰ ਕਰਨਾ ਚਾਹੁੰਦੇ ਹੋ?
ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ। ਤੁਸੀਂ ਜੋ ਵੀ ਪਰਿਭਾਸ਼ਾ ਸਫ਼ਲਤਾ ਦੀ ਸਿਰਜੀ ਹੈ, ਉਸ ਨੂੰ ਹਾਸਲ ਕਰਨ ਦੀ ਤਕਨੀਕ ਤੁਹਾਨੂੰ ਸਮਝਣੀ ਜ਼ਰੂਰੀ ਹੈ। ਇਸ ਤਕਨੀਕ ਨੂੰ ਸਮਝਣ ਲਈ ਸਿਰਫ ਇਕ ਹੀ ਨੁਕਤਾ ਸਮਝ ਲੈਣਾ ਚਾਹੀਦਾ ਹੈ। ਇਹ ਨੁਕਤਾ ਹੈ ਇੱਕ ਵੱਡਾ ਸੁਪਨਾ ਲੈਣਾ। ਜਿੰਨਾ ਵੱਡਾ ਸੁਪਨਾ ਉਨ੍ਹਾਂ ਵੱਡਾ ਇਨਾਮ। ਸਫਲਤਾ ਲਈ ਤੁਹਾਡੇ ਕੋਲ ਇਕ ਵੱਡਾ ਸੁਪਨਾ ਹੋਣਾ ਚਾਹੀਦਾ ਹੈ। ਉਸ ਸੁਪਨੇ ਨੂੰ ਹਕੀਕਤ ਵਿੱਚ ਬਦਲਦਾ ਵੇਖਣ ਦੀ ਇੱਛਾ ਹੋਣਾ ਚਾਹੀਦਾ ਹੈ। ਸੁਪਨੇ ਦੀ ਇੱਛਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਜੇ ਤੁਹਾਡੇ ਸੁਪਨੇ ਦੇ ਨਾਲ ਵਿਸ਼ਵਾਸ, ਸੰਕਲਪ, ਲਗਨ ਅਤੇ ਪ੍ਰਬੱਲ ਇੱਛਾ ਹੋਵੇ ਤਾਂ ਇਸ ਨੂੰ ਹਕੀਕਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਸਫ਼ਲਤਾ ਦੇ ਬੀਜ- ਸੁਪਨੇ ਤਾਂ ਸਫ਼ਲਤਾ ਦੇ ਬੀਜ ਹੁੰਦੇ ਹਨ। ਤੁਸੀਂ ਸੁਪਨੇ ਲੈਂਦੇ ਹੋ, ਕੋਈ ਲਕਸ਼ ਬਣਾਉਂਦੇ ਹੋ, ਕੋਈ ਟੀਚਾ ਤੈਅ ਕਰਦੇ ਹੋ, ਕੋਈ ਮੰਜ਼ਿਲ ਮਿੱਥਦੇ ਹੋ, ਕੋਈ ਉਦੇਸ਼ ਸਿਰਜਦੇ ਹੋ ਤਾਂ ਸਮਝੋ ਤੁਸੀਂ ਸਫ਼ਲਤਾ ਦਾ ਦਰੱਖਤ ਉਗਾਉਣ ਲਈ ਬੀਜ ਬੀਜ ਦਿੰਦੇ ਹੋ। ਸਿਰਫ ਬੀਜ ਬੀਜਣਾ ਹੀ ਕਾਫੀ ਨਹੀਂ ਸਗੋਂ ਇਸ ਨੂੰ ਸਮੇਂ-ਸਮੇਂ ਤੇ ਸਿੰਜਣਾ ਅਤੇ ਖਾਦ ਪਾਉਣੀ ਵੀ ਜ਼ਰੂਰੀ ਹੁੰਦੀ ਹੈ। ਆਤਮ ਵਿਸ਼ਵਾਸ ਨਾਲ ਸਕਾਰਤਮਕ ਸੋਚ ਵਿੱਚੋਂ ਨਿਕਲੇ ਇਹ ਬੋਲ ‘ਮੈਂ ਕਰ ਸਕਦਾ ਹਾਂ, ਮੈਂ ਕਰਾਂਗਾ। ਮੈਂ ਸਫ਼ਲ ਹੋਵਾਂਗਾ।’ ਇਸ ਬੀਜ ਨੂੰ ਪਾਣੀ ਦੇਣ ਦਾ ਕਾਰਜ ਕਰਦੇ ਹਨ। ਆਤਮ ਬਲ, ਦ੍ਰਿੜ ਇਰਾਦਾ, ਲਗਨ, ਸਖਤ ਮਿਹਨਤ ਦੀਆਂ ਖਾਦਾਂ ਇਸ ਬੀਜ ਨੂੰ ਵੱਡਾ ਦਰਖੱਤ ਬਣਾ ਦਿੰਦੀਆਂ ਹਨ ਅਤੇ ਦਰੱਖਤ ਨੂੰ ਫਲ ਲਗਣਾ ਵੀ ਸੁਭਾਵਿਕ ਹੈ। ਜ਼ਰੂਰੀ ਤਾਂ ਇਹ ਤੈਅ ਕਰਨਾ ਹੈ ਕਿ ਕਿਸ ਕਿਸਮ ਦਾ ਫਲ ਤੁਸੀਂ ਚਾਹੁੰਦੇ ਹੋ। ਜਦੋਂ ਇਹ ਨਿਰਣਾ ਹੋ ਜਾਵੇਗਾ ਤਾਂ ਬੀਜ ਦੀ ਕਿਸਮ ਦਾ ਵੀ ਫੈਸਲਾ ਹੋ ਜਾਵੇਗਾ। ਸੋ ਸਭ ਤੋਂ ਪਹਿਲਾਂ ਤਾਂ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਜਿਹੜਾ ਸੁਪਨਾ ਰੂਪੀ ਬੀਜ ਤੁਸੀਂ ਬੀਜਣ ਜਾ ਰਹੇ ਹੋ ਉਹ ਸੱਚਮੁੱਚ ਹੀ ਤੁਹਾਡੇ ਦਿਲ ਦੀ ਆਵਾਜ਼ ਹੈ ਜਾਂ ਨਹੀਂ। ਤੁਹਾਡੀ ਜ਼ਿੰਦਗੀ ਦਾ ਮਕਸਦ ਹੈ। ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਵਿੱਚ ਤਿੰਨ ਤੋਂ ਪੰਜ ਪ੍ਰਤੀਸ਼ਤ ਵਿਅਕਤੀਆਂ ਕੋਲ ਹੀ ਸਪੱਸ਼ਟ ਲਿਖਤ ਜੀਵਨ ਮਨੋਰਥ ਹਨ। ਮੈਨੂੰ ਸੈਮੀਨਾਰਾਂ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਕਿ ਨਿਸ਼ਾਨਾ ਮਿੱਥਣ ਦਾ ਕੋਈ ਫਾਰਮੂਲਾ ਦੱਸੋ। ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਆਤਮ ਚਿੰਤਨ ਕਰਕੇ ਸਪੱਸ਼ਟ ਰੂਪ ਵਿੱਚ ਤਹਿ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ। ਕਵੀ ਸਟੀਫਨ ਦੇ ਇਨ੍ਹਾਂ ਬੋਲਾਂ ਨੂੰ ਯਾਦ ਰੱਖੋ ‘‘ਸਫ਼ਲਤਾ ਦੀ ਪੌੜੀ ਚੜ੍ਹਨ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲਵੋ ਕਿ ਇਹ ਸਹੀ ਇਮਾਰਤ ਨਾਲ ਲੱਗੀ ਹੋਵੇ’’। ਇਸ ਪਾਸੇ ਦੂਜੀ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਆਪਣੇ ਉਦੇਸ਼ ਨੂੰ ਕਾਗਜ਼ ’ਤੇ ਲਿਖੋ। ਨਿਸ਼ਾਨੇ ਨੂੰ ਲਿਖਣ ਨਾਲ ਇਹ ਇਕ ਦਸਤਾਵੇਜ਼ ਬਣ ਜਾਂਦਾ ਹੈ। ਜੋ ਲਕਸ਼ ਜਾਂ ਟੀਚਾ ਲਿਖਤੀ ਰੂਪ ਨਹੀਂ ਧਾਰਦਾ, ਉਹ ਕੇਵਲ ਇੱਕ ਇੱਛਾ ਜਾਂ ਪਰੀ ਕਹਾਣੀ ਹੀ ਰਹਿੰਦਾ ਹੈ ਅਤੇ ਉਸ ਦੇ ਪਿੱਛੇ ਕੋਈ ਊਰਜਾ ਨਹੀਂ ਹੁੰਦੀ। ਅਲਿਖਤ ਨਿਸ਼ਾਨੇ ਉਦੇਸ਼ਾਂ ਉਪਰ ‘ਖਿੱਚ ਦਾ ਸਿਧਾਂਤ’ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਹੁੰਦਾ ਹੈ।
ਨਿਸ਼ਾਨਾ ਤਹਿ ਕਰਨ ਸਮੇਂ ਹੀ ਨਿਸ਼ਾਨੇ ਨੂੰ ਪੂਰਾ ਕਰਨ ਦੀ ਸਮਾਂ-ਸੀਮਾ ਤਹਿ ਕਰ ਲੈਣੀ ਚਾਹੀਦੀ ਹੈ। ਇਉਂ ਕਰਨ ਨਾਲ ਵਕਤ ਪ੍ਰਬੰਧਨ ਵਿੱਚ ਮੱਦਦ ਮਿਲਦੀ ਹੈ। ਉਦੇਸ਼ ਮਿੱਥਣ ਵੇਲੇ ਹੀ ਉਨ੍ਹਾਂ ਸਾਰੇ ਕਾਰਜਾਂ ਦੀ ਇਕ ਸੂਚੀ ਬਣਾਉਣੀ ਚਾਹੀਦੀ ਹੈ ਜੋ ਮੰਜ਼ਿਲ ਪ੍ਰਾਪਤੀ ਕਰਨ ਲਈ ਜ਼ਰੂਰੀ ਹਨ। ਸੂਚੀ ਨੂੰ ਯੋਜਨਾਬੱਧ ਕਰਨਾ ਵੀ ਜ਼ਰੂਰੀ ਹੈ ਅਤੇ ਇਸ ਨੂੰ ਪ੍ਰਮੁੱਖਤਾ ਅਤੇ ਕ੍ਰਮ ਦੇ ਅਧਾਰ ’ਤੇ ਲਿਖ ਲੈਣਾ ਚਾਹੀਦਾ ਹੈ। ਮੰਜ਼ਿਲ ਮਿੱਥਣ ਤੋਂ ਬਾਅਦ ਹਰ ਰੋਜ਼ ਆਪਣੀ ਮੰਜ਼ਿਲ ਵੱਲ ਕੁਝ ਕਦਮ ਚੱਲਣ ਦਾ ਇਰਾਦਾ ਬਣਾਉਣਾ ਚਾਹੀਦਾ ਹੈ।
ਵੱਡੇ ਸੁਪਨੇ ਬਣੋ- ਦੁਨੀਆਂ ਦੀ ਅੱਜ ਜੋ ਤਸਵੀਰ ਹੈ, ਅਸਲ ਵਿੱਚ ਇਹ ਕਲਪਨਾਸ਼ੀਲ ਵਿਅਕਤੀਆਂ ਦੇ ਸੁਪਨਿਆਂ ’ਚੋਂ ਨਿਕਲੀ ਹੈ। ਐਡੀਸ਼ਨ ਨੇ ਸੁਪਨਿਆਂ ਦੀ ਦੁਨੀਆਂ ਦਾ ਰੰਗ ਬਦਲ ਕੇ ਰੱਖ ਦਿੱਤਾ। ਮਾਰਕੋਨੀ ਦੀ ਕਲਪਨਾ ਉਡਾਰੀ ਨੇ ਦੁਨੀਆਂ ਨੂੰ ਖੰਭ ਲਾ ਦਿੱਤੇ ਤਾਂ ਕਿ ਅਸੀਂ ਉਡ ਸਕੀਏ। ਲੇਖਕ ਵਿੱਲੀ ਜਾਲੀ ਕਹਿੰਦਾ ਹੈ ਕਿ ਅੱਜ ਅਸੀਂ ਜਿਸ ਤਰ੍ਹਾਂ ਦੇ ਸੁਪਨੇ ਉਤੇ ਧਿਆਨ ਇਕਾਗਰ ਕਰਨਾ ਚਾਹੁੰਦੇ ਹਾਂ, ਉਹ ਉਸੇ ਤਰ੍ਹਾਂ ਦਾ ਸਪਨਾ ਹੈ, ਜਿਸ ਨੂੰ ਡਾ. ਮਾਰਟਨ ਲੁਥਰ ਕਿੰਗ ਨੇ ਵੇਖਿਆ ਸੀ। ਕਲਪਨਾ ਭਰਿਆ ਸੁਪਨਾ। ਉਨ੍ਹਾਂ ਚੀਜ਼ਾਂ ਨੂੰ ਸੰਭਾਵਨਾਵਾਂ ਦੇ ਰੂਪ ਵਿੱਚ ਵੇਖਣਾ ਜੋ ਅਜੇ ਹਕੀਕਤ ਨਹੀਂ ਬਣਿਆ। ਜੇ ਅਸੀਂ ਆਪਣੇ ਮਨ ਨੂੰ ਉਡਣ ਦੀ ਆਗਿਆ ਦੇਈਏ। ਜੇ ਅਸੀਂ ਉਨ੍ਹਾਂ ਬੱਧਨਾ ਨੂੰ ਕੱਟ ਦੇਈਏ ਜੋ ਸਾਨੂੰ ਬੰਨ੍ਹੀ ਰੱਖਦੇ ਹਨ। ਜੇ ਅਸੀਂ ਰੁਕ ਕੇ ਚਾਰੋਂ ਤਰਫ ਨਜ਼ਰ ਮਾਰੀਏ ਤਾਂ ਅਸੀਂ ਵੇਖਾਂਗੇ ਕਿ ਹਰ ਚੀਜ਼ ਜੋ ਸਾਡੇ ਸਾਹਮਣੇ ਹੈ, ਕਿਸੇ ਸਮੇਂ ਕਿਸੇ ਮਨ ਮਸਤਕ ਦੀ ਕਲਪਨਾ ਵਿੱਚੋਂ ਸ਼ੁਰੂ ਹੋਈ ਸੀ। ਫਿਰ ਇਹ ਸਭ ਕੁੱਝ ਹੋਂਦ ਵਿੱਚ ਆਇਆ। ਸੱਚਮੁੱਚ ਹੀ ਤੁਸੀਂ ਕਲਪਨਾ ਉਡਾਰੀ ਨਾਲ ਵੱਡੇ ਸੁਪਨੇਸਾਜ਼ ਬਣ ਸਕਦੇ ਹੋ ਅਤੇ ਵੱਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਸਮਰੱਥਾ ਰੱਖਦੇ ਹੋ। ਸੋ ਵੱਡੇ ਸੁਪਨੇਸਾਜ਼ ਬਣੋ।
ਸਫ਼ਲ ਹੋਣ ਲਈ ਜਿੱਥੇ ਸੁਪਨੇ ਸਿਰਜਣਾ ਜ਼ਰੂਰੀ ਹੈ। ਉਥੇ ਸਫਲ ਹੋਣ ਲਈ ਸਫ਼ਲਤਾ ਦੀ ਇੱਛਾ ਅਸਫ਼ਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਵਾਰ-ਵਾਰ ਅਸਫਲ ਹੋਣ ਨਾਲ ਉਤਸ਼ਾਹ ਨਾ ਖੋਣਾ ਹੀ ਸਫਲਤਾ ਹੈ। ਐਡੀਸ਼ਨ ਹਜ਼ਾਰ ਵਾਰ ਅਸਫ਼ਲ ਹੋਣ ਤੋਂ ਬਾਅਦ ਸਫ਼ਲ ਹੋਇਆ ਸੀ। ਇਬਰਾਹੀਮ ਲਿੰਕਨ ਅਨੇਕਾਂ ਹਾਰਾਂ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਅਸਫ਼ਲਤਾ ਸਫ਼ਲਤਾ ਹੈ ਜੇ ਅਸੀਂ ਉਸ ਤੋਂ ਸਿੱਖਦੇ ਹਾਂ। ਸੁਪਨਿਆਂ ਨੂੰ ਸਾਕਾਰ ਕਰਨ ਦੇ ਸਫ਼ਰ ਵਿੱਚ ਦ੍ਰਿੜ ਰਹਿਣ ਵਾਲੀ ਇੱਛਾ ਸ਼ਕਤੀ ਅਕਸਰ ਸਫ਼ਲਤਾ ਅਤੇ ਅਸਫ਼ਲਤਾ ਦੇ ਵਿਚਕਾਰ ਦਾ ਅੰਤਰ ਹੁੰਦੀ ਹੈ। ਜ਼ਿਆਦਾਤਰ ਮਗਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫ਼ਲਤਾ ਆਪਣੀ ਸਭ ਤੋਂ ਵੱਡੀ ਅਸਫ਼ਲਤਾ ਦੇ ਇਕ ਕਦਮ ਅੱਗੇ ਹਾਸਲ ਕੀਤੀ ਹੈ। ਜੇ ਹਾਰ ਦੀ ਸੰਭਾਵਨਾ ਨਾ ਹੋਵੇ ਤਾਂ ਜਿੱਤ ਦਾ ਕੋਈ ਅਰਥ ਨਹੀਂ ਰਹਿੰਦਾ। ਸੋ ਸਫ਼ਲਤਾ ਦੇ ਰਾਹੀ ਜਿੱਥੇ ਵੱਡੇ ਸੁਪਨੇ ਸਿਰਜਦੇ ਹਨ, ਉਥੇ ਮਿਹਨਤ, ਹਿੰਮਤ ਅਤੇ ਲਗਨ ਨਾਲ ਸੁਪਨੇ ਸਰਕਾਰ ਕਰਨ ਵਿੱਚ ਜੁਟੇ ਰਹਿੰਦੇ ਹਨ।

WRITTEN BY