Skip to content
Independent perspectives. Global stories.
BREAKING

ਸ਼ਾਇਰ ਹਰਿੰਦਰ ਸਿੰਘ ਮਹਿਬੂਬ ਬਾਰੇ ਹੋਇਆ ਸਮਾਗਮ

Share this story

ਪੰਜਾਬੀ ਸ਼ਾਇਰ ਸਵਰਗਵਾਸੀ ਸ. ਹਰਿੰਦਰ ਸਿੰਘ ਮਹਿਬੂਬ ਅਣਵੰਡੇ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੇ ਚੱਕ ਵਿਖੇ ਪੈਦਾ ਹੋ ਕੇ ਪੰਜਾਬ ਦੀ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਅਮਰਗੜ੍ਹ ਦੇ ਲਾਗਲੇ ਪਿੰਡ ਝੂੰਦਾਂ ਦੇ ਵਸਨੀਕ ਬਣੇ। ਛੋਟੇ ਜਿਹੇ ਪਿੰਡ ਝੂੰਦਾਂ ਦੀ ਮਿੱਟੀ ਵਿੱਚ ਪੰਜਾਬੀ ਮਾਂ ਬੋਲੀ, ਭਾਸ਼ਾ ਅਤੇ ਸਾਹਿਤ ਨਾਲ ਖਾਸ ਪ੍ਰੇਮ ਤੇ ਮੋਹ ਹੈ। ਸ਼ਾਇਰ ਮਹਿਬੂਬ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਦਾ ਸਾਬਕਾ ਡਾਇਰੈਕਟਰ ਸ. ਰਛਪਾਲ ਸਿੰਘ ਗਿੱਲ ਦੇ ਸ਼ਾਹਾਂ ਵਿੱਚ ਵੀ ਇਸੇ ਮਿੱਟੀ ਦੀ ਖੁਸ਼ਬੂ ਹੈ ਅਤੇ ਅੱਜ ਕੱਲ੍ਹ ਸਰੀ ਵਿੱਚ ਵਸਦਾ ਨੌਜਵਾਨ ਕਵੀ ਪਰਮਵੀਰ ਵੀ ਇਸੇ ਪਿੰਡ ਦਾ ਹੈ। ਹਰਿੰਦਰ ਮਹਿਬੂਬ ਦਾ ਪਰਮਮਿੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦਾ ਸਾਬਕਾ ਪ੍ਰੋਫੈਸਰ ਡਾ. ਗੁਰਤਰਨ ਸਿੰਘ, ਪੰਜਾਬੀ ਦਾ ਇਕ ਹੋਰ ਪ੍ਰੋਫੈਸਰ ਸਰਬਜੀਤ ਸਿੰਘ ਘੁੰਮਣ ਅਤੇ ਕਵਿਤਰੀ ਅਮਰਜੀਤ ਕੌਰ ਵੀ ਪਿੰਡ ਝੂੰਦਾਂ ਦੀ ਮਿੱਟੀ ਵਿੱਚੋਂ ਹੀ ਪੈਦਾ ਹੋਏ। ਇਉਂ ਇਸ ਛੋਟੇ ਪਿੰਡ ਨੇ ਸਿਰਫ ਪੰਜਾਬੀ ਲੇਖਕ, ਸ਼ਾਇਰ, ਪ੍ਰਾਅਧਿਆਪਕ ਅਤੇ ਅਧਿਆਪਕ ਹੀ ਨਹੀਂ ਪੈਦਾ ਕੀਤੇ ਸਗੋਂ ਇਥੋਂ ਦੇ ਹਰ ਵਸਨੀਕ ਵਿੱਚ ਪੰਜਾਬੀ ਪ੍ਰਤੀ ਪ੍ਰੇਮ ਠਾਠਾਂ ਮਾਰਦਾ ਹੈ। ਸ਼ਾਇਦ ਇਸੇ ਮੋਹ ਵਿੱਚੋਂ ਹੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਸੁਸਾਇਟੀ ਝੂੰਦਾਂ ਬਣੀ। ਇਸ ਸੋਸਾਇਟੀ ਵੱਲੋਂ ਮਹਿਬੂਬ ਦੀ ਯਾਦ ਵਿੱਚ 90 ਲੱਖ ਰੁਪਏ ਖਰਚਕੇ ਇਕ ਖੂਬਸੂਰਤ ਯਾਦਗਾਰ ਉਸਾਰੀ ਗਈ। ਇਸ ਯਾਦਗਾਰ ਦੇ ਪਹਿਲੇ ਪੜਾਅ ਵਿੱਚ ਇੱਕ ਵੱਡਾ ਹਾਲ ਅਤੇ ਪਹਿਲੀ ਮੰਜ਼ਿਲ ਉਤੇ ਇਕ ਖੂਬਸੂਰਤ ਲਾਇਬਰੇਰੀ ਬਣਾਈ ਗਈ ਹੈ। ਇਸ ਸਾਰੇ ਪ੍ਰੋਜੈਕਟ ਦੀ ਅਗਵਾਈ ਅਮਰਗੜ੍ਹ ਵਿਧਾਨ ਸਭਾ ਹਲਕਾ ਤੋਂ ਦੋ ਵਾਰ ਵਿਧਾਇਕ ਰਹੇ ਸ. ਇਕਬਾਲ ਸਿੰਘ ਝੂੰਦਾਂ ਨੇ ਕੀਤੀ। ਇਸ ਚੰਗੇ ਕੰਮ ਲਈ ਸ. ਝੂੰਦਾਂ ਪ੍ਰਸੰਸਾ ਦਾ ਹੱਕਦਾਰ ਹੈ। ਜਿਸ ਤਰੀਕੇ ਨਾਲ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਇਸ ਨੇਕ ਕੰਮ ਲਈ ਫੰਡ ਜੁਟਾਏ ਅਤੇ ਯਾਦਗਾਰ ਨੂੰ ਸਿਰੇ ਚੜ੍ਹਾਇਆ ਉਸ ਤੋਂ ਹੋਰਨਾਂ ਸਿਆਸੀ ਨੇਤਾਵਾਂ ਨੂੰ ਪ੍ਰੇਰਨਾ ਲੈ ਕੇ ਪੰਜਾਬ ਨੂੰ ਸ਼ਬਦਾਂ ਦੇ ਲੜ ਲਾਉਣ ਲਈ ਕੁੱਝ ਹੀਲੇ ਕਰਨੇ ਚਾਹੀਦੇ ਹਨ।
ਤਸੱਲੀ ਅਤੇ ਖੁਸ਼ੀ ਵਾਲੀ ਗੱਲ ਤਾਂ ਇਹ ਹੈ ਕਿ ਸ. ਇਕਬਾਲ ਸਿੰਘ ਝੂੰਦਾਂ ਅਤੇ ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਸੋਸਾਇਟੀ ਝੂੰਦਾਂ ਵਾਲੇ ਹਰ ਵਰ੍ਹੇ ਆਪਣੇ ਪਿੰਡ ਦੇ ਮਹਿਬੂਬ ਸ਼ਾਇਰ ਦੀ ਯਾਦ ਵਿੱਚ ਸਾਹਿਤਕ ਸਮਾਗਮ ਵੀ ਕਰਾਉਂਦੇ ਹਨ। ਇਸ ਵਾਰ ਇਹ ਸਮਾਗਮ 25 ਨਵੰਬਰ ਨੂੰ ਕਰਵਾਇਆ ਗਿਆ। ਸਾਹਿਤਕਾਰਾਂ ਅਤੇ ਮਹਿਬੂਬ ਸਾਹਿਬ ਦੇ ਦੋਸਤਾਂ ਨੂੰ ਬੁਲਾਉਣ ਦਾ ਜ਼ਿੰਮਾਂ ਸ. ਰਛਪਾਲ ਸਿੰਘ ਗਿੱਲ ਦੇ ਸਿਰ ਹੁੰਦਾ ਹੈ। ਗਿੱਲ ਸਾਹਿਬ ਨੇ ਪਿਛਲੇ ਵਰ੍ਹੇ ਵੀ ਮੈਨੂੰ ਇਸ ਸਮਾਗਮ ਵਿੱਚ ਸੱਦਿਆ ਸੀ ਪਰ ਕਿਸੇ ਕਾਰਨ ਮੈਂ ਹਾਜ਼ਰੀ ਨਹੀਂ ਲਵਾ ਸਕਿਆ ਸੀ। ਇਸ ਵਾਰ ਸ. ਗਿੱਲ ਹੋਰਾਂ ਦੇ ਸੱਦੇ ਨੂੰ ਠੁਕਰਾਉਣਾ ਸੰਭਵ ਨਹੀਂ ਸੀ। ਛਪਾਰ ਵਾਲਾ ਡਾ. ਹਰੀ ਸਿੰਘ ਬੋਪਾਰਾਏ ਸਾਡਾ ਸਾਰਥੀ ਸੀ ਅਤੇ ਮੈਂ ਅਤੇ ਡਾ. ਬਲਕਾਰ ਸਿੰਘ ਸਿੱਖ ਸਿਆਸਤ ਬਾਰੇ ਟਿੱਪਣੀਆਂ ਕਰਦੇ-ਕਰਦੇ ਸਮੇਂ ਸਿਰ ਪਹੁੰਚ ਗਏ। ਉਥੇ ਮਹਿਬੂਬ ਹੋਰਾਂ ਦੇ ਭੂਤਵਾੜੇ ਵਾਲੇ ਸਾਥੀ ਕੁਲਵੰਤ ਸਿੰਘ ਗਰੇਵਾਰ, ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ, ਡਾ. ਹਰਪਾਲ ਸਿੰਘ ਪੰਨੂੰ, ਸ. ਉਜਾਗਰ ਸਿੰਘ ਕੰਵਲ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸਹਿ-ਸੰਪਾਦਕ ਸ. ਕਰਮਜੀਤ ਸਿੰਘ ਪਹਿਲਾਂ ਹੀ ਹਾਜ਼ਰ ਸਨ। ਲੁਧਿਆਣੇ ਤੋਂ ਪ੍ਰੋ. ਗੁਰਭਜਨ ਗਿੱਲ ਅਤੇ ਸ. ਗੁਰਇਕਬਾਲ ਸਿੰਘ ਤੂਰ ਪਹੁੰਚ ਗਏ ਸਨ। ਡਾ. ਤੇਜਵੰਤ ਮਾਨ ਅਤੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਬੀਬਾ ਗੁਰਸ਼ਰਨ ਕੌਰ ਵੀ ਹਾਜ਼ਰ ਸਨ। ਸ. ਝੂੰਦਾਂ ਅਤੇ ਸਾਥੀ ਮੇਜ਼ਬਾਨ ਹੋਣ ਦਾ ਫਰਜ਼ ਨਿਭਾਅ ਰਹੇ ਸਨ। ਸ. ਰਛਪਾਲ ਸਿੰਘ ਗਿੱਲ ਅਤੇ ਸ. ਰਵਿੰਦਰ ਭੱਠਲ ਸਮਾਗਮ ਦੀ ਰੂਪ ਰੇਖਾ ਉਲੀਕਣ ਵਿੱਚ ਰੁੱਝੇ ਹੋਏ ਸਨ।
ਸ. ਕਰਮਜੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਸ. ਮਹਿਬੂਬ ਦੀਆਂ ਰਚਨਾਵਾਂ ਅਤੇ ਫਿਲਾਸਫੀ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਅਮਰਜੀਤ ਸਿੰਘ ਪਰਾਗ ਨੇ ਸਲਾਹ ਦਿੱਤੀ ਕਿ ਸ. ਮਹਿਬੂਬ ਨਾਲ ਸਬੰਧਤ ਯਾਦਾਂ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਆਪਣੇ ਮਿੱਤਰ ਕਵੀ ਬਾਰੇ ਬੋਲਦੇ ਹੋਏ ਇਨਾ ਕੁ ਭਾਵੁਕ ਹੋ ਗਏ ਕਿ ਆਪਣੀ ਗੱਲ ਪੂਰੀ ਕਰੇ ਬਿਨਾਂ ਹੀ ਬੈਠ ਗਏ। ਸ. ਗਿੱਲ ਨੇ ਮਹਿਬੂਬ ਦੀ ਸਾਦਾ ਤਬੀਅਤ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਖੂਬਸੂਰਤ ਸ਼ਬਦਾਂ ਵਿੱਚ ਹਰਿੰਦਰ ਸਿੰਘ ਮਹਿਬੂਬ ਨੂੰ ਯਾਦ ਕੀਤਾ। ਡਾ. ਤੇਜਵੰਤ ਮਾਨ ਦਾ ਆਪਣੇ ਵੱਖਰੇ ਅੰਦਾਜ਼ ਵਿੱਚ ਸ਼ਾਇਰ ਮਹਿਬੂਬ ਬਾਰੇ ਗੱਲ ਕੀਤੀ। ਪ੍ਰੋ. ਬਾਵਾ ਸਿੰਘ ਨੇ ਕਈ ਸੰਜੀਦਾ ਨੁਕਤੇ ਉਠਾਏ। ਸ. ਹਰਪਾਲ ਸਿੰਘ ਪੰਨੂੰ ਨੇ ਸ. ਮਹਿਬੂਬ ਵੱਲੋਂ ਉਨ੍ਹਾਂ ਨੂੰ ਲਿਖੀਆਂ ਚਿੱਠੀਆਂ ਦਾ ਜ਼ਿਕਰ ਕੀਤਾ। ਜਦੋਂ ਮੈਨੂੰ ਬੋਲਣ ਲਈ ਕਿਹਾ ਗਿਆ ਤਾਂ ਮੈਂ ਆਪਣੀ ਗੱਲ ਦੋ ਨੁਕਤਿਆਂ ’ਤੇ ਕੇਂਦਰਿਤ ਕੀਤੀ। ਮੈਂ ਕਿਹਾ ਕਿ ਸ. ਮਹਿਬੂਬ ਅਜਿਹਾ ਸ਼ਾਇਰ ਸੀ ਜਿਸ ਨੇ ਸਿਰਫ ਲਿਖਿਆ ਹੀ ਨਹੀਂ ਸਗੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਬਾਰੇ ਖੁਲ੍ਹਕੇ ਵਿਚਾਰ ਪੇਸ਼ ਕਰਦੇ ਹੋਏ ਖਾਲਸਾ ਕੌਮ ਦੀ ਚੜ੍ਹਦੀ ਕਲਾ ਬਾਰੇ ਲਗਾਤਾਰ ਲਿਖਿਆ। ਮੈਂ ਕਿਹਾ ਕਿ ‘ਸਹਿਜੇ ਰਚਿਓ ਖਾਲਸਾ’ ਦੀ ਕੀਮਤ ਅਜੇ ਸਮੇਂ ਦੇ ਨਾਲ ਪੈਣੀ ਹੈ। ਸਮਾਗਮ ਦੇ ਅੰਤਮ ਪੜਾਅ ਵਿੱਚ ਹਾਜ਼ਰ ਕਵੀਆਂ ਨੇ ਸ਼ਾਇਰ ਮਹਿਬੂਬ ਨੂੰ ਯਾਦ ਕਰਦਿਆਂ ਕਵਿਤਾਵਾਂ ਪੜ੍ਹੀਆਂ। ਸਮਾਗਮ ਦੀ ਖੂਬਸੂਰਤੀ ਨੂੰ ਉਦੋਂ ਹੁਲਾਰਾ ਮਿਲਿਆ ਜਦੋਂ ਇੰਗਲੈਂਡ ਤੋਂ ਆਏ ਸ. ਗੁਰਚਰਨ ਸਿੰਘ ਗਿੱਲ ਨੇ ਮਹਿਬੂਬ ਯਾਦਗਾਰੀ ਲਾਇਬਰੇਰੀ ਨੂੰ ਦੋ ਲੱਖ ਰੁਪਏ ਅਤੇ ਅਮਰੀਕਾ ਤੋਂ ਆਏ ਸ. ਲਾਲ ਸਿੰਘ ਨੇ ਇੱਕ ਲੱਖ ਰੁਪਿਆ ਦਾਨ ਦਿੱਤੇ। ਮੈਂ ਵੀ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਹੁਣ ਲਾਇਬ੍ਰੇਰੀਆਂ ਵਾਲੇ ਪਾਸੇ ਆਪਣਾ ਧਿਆਨ ਦੇਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਬਦ ਦੇ ਲੜ ਲਾਉਣ ਦੇ ਉਪਰਾਲੇ ਕਰਨ। ਇਸ ਮੌਕੇ ਸ. ਚੇਤਨ ਸਿੰਘ, ਸ. ਹਰਪਾਲ ਪੰਨੂੰ, ਸ. ਰਵਿੰਦਰ ਸਿੰਘ ਭੱਠਲ ਅਤੇ ਹੋਰ ਲੇਖਕਾਂ ਨੇ ਲਾਇਬਰੇਰੀ ਕਿਤਾਬਾਂ ਭੇਟ ਕਰਨ ਦਾ ਐਲਾਨ ਕੀਤਾ। ਖੁਸ਼ੀ ਦੀ ਗੱਲ ਇਹ ਸੀ ਕਿ ਇਸ ਲੰਬੇ ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ ਤੋਂ ਇਲਾਵਾ ਨਗਰ ਨਿਵਾਸੀ ਗੰਭੀਰ ਸਰੋਤੇ ਬਣਕੇ ਬੈਠੇ ਰਹੇ। ਪਿੰਡ ਝੂੰਦਾਂ ਵਿਖੇ ਹੋਏ ਇਸ ਸਮਾਗਮ ਵਿੱਚ ਪੰਜਾਬੀ ਸਾਹਿਤਕਾਰਾਂ ਦੀ ਵੱਡੀ ਹਾਜ਼ਰੀ ਯੂਨੀਵਰਸਿਟੀ ਦੇ ਕਈ ਸਮਾਗਮਾਂ ਨੂੰ ਵੀ ਮਾਤ ਪਾ ਰਹੀ ਸੀ। ਮੇਰੀ ਰਾਏ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਇਸੇ ਪਾਸੇ ਤੋਰਨ ਲਈ ਸੁਚੇਤ ਯਤਨ ਕਰਨੇ ਚਾਹੀਦੇ ਹਨ। ਜੇ ਇਸ ਵਿੱਚ ਸਫਲਤਾ ਮਿਲੇਗੀ ਤਾਂ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਸੁਭਾਵਕ ਹੀ ਹੋ ਜਾਵੇਗੀ। ਇਸ ਸਫਲ ਸਮਾਗਮ ਲਈ ਸ. ਰਛਪਾਲ ਸਿੰਘ ਗਿੱਲ ਅਤੇ ਉਸ ਦੇ ਸਾਥੀਆਂ ਨੂੰ ਮੁਬਾਰਕਵਾਦ।

WRITTEN BY