ਸਰਦੂਲਗੜ੍ਹ, 21 ਨਵੰਬਰ (ਬਲਜੀਤ ਪਾਲ)-ਮੁੱਖ ਅਤੇ ਲਿੰਕ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਨੇ ਸੜਕੀ ਆਵਾਜਾਈ ਦੀ ਰਫ਼ਤਾਰ ਰੋਕ ਦਿੱਤੀ ਹੈ। ਇੱਥੇ ਹੀ ਵੱਸ ਨਹੀਂ ਰਾਤ ਵਕਤ ਅਚਾਨਕ ਵਾਹਨਾਂ ਅੱਗੇ ਅਵਾਰਾ ਪਸ਼ੂ ਆ ਜਾਣ ਕਾਰਨ ਹਾਦਸੇ ਵੀ ਵਾਪਰਨ ਲੱਗ ਪਏ ਹਨ । ਰਾਮਾਨੰਦੀ ਦੇ ਬਲਜੀਤ ਪਾਲ ਨੇ ਦੱਸਿਆ ਵਾਹਨ ਚਲਾਉਂਦੇ ਵਕਤ ਫੱਤਾ ਮਾਲੋਕਾ, ਝੁਨੀਰ, ਭੰਮੇ ਕਲਾਂ, ਕੋਟ ਧਰਮੂ , ਅਤੇ ਦੂਲੋਵਾਲ ਦੇ ਬੱਸ ਅੱਡਿਆਂ ’ਤੇ ਅਵਾਰਾ ਪਸ਼ੂਆਂ ਦੇ ਝੁੰਡਾ ਤੋਂ ਬਚਣਾ ਪੈਂਦਾ ਹੈ।ਉਨ੍ਹਾਂ ਦੱਸਿਆ ਸਿਰਸਾ ਬਰਨਾਲਾ ਅੰਤਰਰਾਜ਼ੀ ਸੜਕ ’ਤੇ ਸਭ ਤੋਂ ਮੰਦੀ ਹਾਲਤ ਮਾਨਸਾ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਕੋਲ ਹੈ। ਇੱਥੇ ਸੈਂਕੜਿਆਂ ਦੀ ਗਿਣਤੀ ਅਵਾਰਾ ਪਸ਼ੂ ਸਬਜ਼ੀ ਮੰਡੀ ਹੋਣ ਕਾਰਨ ਸੜਕ ਦੇ ਵਿਚਕਾਰ ਹੀ ਰੁਕੇ ਰਹਿੰਦੇ ਹਨ। ਸਬਜ਼ੀ ਮੰਡੀ ਵਿੱਚ ਦਕਾਨਦਾਰਾਂ ਵੱਲੋਂ ਰੱਖੇ ਕਰਿੰਦੇ ਡੰਡੇ ਮਾਰ ਮਾਰ ਪਸ਼ੂ ਭਜਾ ਕੇ ਸੜਕ ਦੇ ਵਿਚਕਾਰ ਕਰ ਦਿੰਦੇ ਹਨ । ਉਨ੍ਹਾਂ ਦੱਸਿਆ ਪਿਛਲੇ ਇੱਕ ਹਫ਼ਤੇ ਦੌਰਾਨ ਇਸ ਮੁੱਖ ਸੜਕ ’ਤੇ ਤੀਹ ਦੇ ਕਰੀਬ ਵਾਹਨ ਪਸ਼ੂਆਂ ਨਾਲ ਟਕਰਾਅ ਜਾਣ ਕਾਰਨ ਨੁਕਸਾਨੇ ਗਏ ਹਨ। ਮੌਕੇ ’ਤੇ ਪਤਾ ਲੱਗਣ ਕਰਕੇ ਜਾਨੀ ਨੁਕਸਾਨ ਦਾ ਤਾਂ ਬਚਾਅ ਹੁੰਦਾ ਰਿਹਾ ਹੈ ਪਰ ਕਾਰਾਂ ਜੀਪਾਂ ਦਾ ਆਰਥਿਕ ਨੁਕਸਾਨ ਬਹੁਤ ਹੋ ਰਿਹਾ ਹੈ। ਸਰਦੂਲਗੜ੍ਹ ਦੇ ਪਰਮਿੰਦਰ ਸਿੰਘ ਮਾਨ ਨੇ ਦੱਸਿਆ ਸਰਦੂਲਗੜ੍ਹ ਤੋਂ ਮਾਨਸਾ ਤੱਕ ਦੇ 40 ਕਿੱਲੋਮੀਟਰ ਸਫ਼ਰ ਦੌਰਾਨ ਪੰਜਾਹ ਥਾਈਂ ਸੜਕ ’ਤੇ ਅਵਾਰਾ ਪਸ਼ੂ ਮਿਲਦੇ ਹਨ। ਉਨ੍ਹਾਂ ਕਿਹਾ ਖੇਤਾਂ ਵਿੱਚ ਕਣਕਾਂ ਪੁੰਗਰਨ ਕਰਕੇ ਅਵਾਰਾ ਪਸ਼ੂ ਕਣਕਾਂ ਚਰਨ ਦੇ ਇਰਾਦੇ ਨਾਲ ਖੇਤਾਂ ਵੱਲ ਜਾਂਦੇ ਹਨ ਅਤੇ ਕਿਸਾਨ ਡੰਡੇ ਫੜਕੇ ਪਸ਼ੂ ਭਜਾ ਦਿੰਦੇ ਹਨ । ਕਿਸਾਨਾਂ ਵੱਲੋਂ ਖੇਤਾਂ ਵਿੱਚੋਂ ਭਜਾਏ ਇਹ ਢੱਠੇ ਅਤੇ ਗਊਆਂ ਜਦੋਂ ਅਚਾਨਕ ਸੜਕ ’ਤੇ ਆ ਜਾਂਦੇ ਹਨ ਤਾਂ ਤੇਜ਼ ਰਫ਼ਤਾਰ ਵਾਹਨਾਂ ਨੂੰ ਬਰੇਕ ਲਗਾਉਣੇ ਪੈਂਦੇ ਹਨ ਜਿਸ ਕਰਕੇ ਹਾਸਦੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਕਿਸਾਨਾਂ ਨੇ ਦੱਸਿਆ ਅਜੇ ਕਣਕਾਂ ਪੁੰਗਰ ਹੀ ਰਹੀਆਂ ਹਨ ਪਰ ਅਵਾਰਾ ਪਸ਼ੂਆਂ ਦੇ ਝੂੰਡ ਖੇਤਾਂ ’ਤੇ ਹਮਲੇ ਕਰਨ ਵੀ ਲੱਗ ਪਏ ਹਨ । ਕਿਸਾਨਾਂ ਕਿਹਾ ਇਹ ਸਮੱਸਿਆ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੇਗੀ । ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਲੱਭਿਆ ਜਾਵੇ।
ਕਿਸਾਨਾਂ ਵੱਲੋਂ ਭਜਾਏ ਜਾਂਦੇ ਅਵਾਰਾ ਪਸ਼ੂਆਂ ਨੇ ਸੜਕਾਂ ’ਤੇ ਲਾਏ ਨਾਕੇ



