ਸਰਦੂਲਗੜ੍ਹ, 21 ਨਵੰਬਰ (ਬਲਜੀਤ ਪਾਲ, ਵਿਪਨ ਗੋਇਲ)- ਸਰਦੂਲਗੜ੍ਹ ਖੇਤਰ ਵਿੱਚ ਪਏ ਭਰਵੇਂ ਮੀਹ ਨੇ ਜਿੱਥੇ ਕਿਸਾਨਾਂ ਦੀਆਂ ਬੀਜੀਆਂ ਹੋਈਆਂ ਕਣਕਾਂ ਕਰੰਡ ਕਰ ਦਿੱਤੀਆਂ ਹਨ ਉਥੇ ਨਰਮੇ ਦੀ ਚੁਗਾਈ ਵੀ ਪਛਾੜ ਦਿੱਤੀ ਹੈ। ਨਰਮੇ ਦੀ ਚੁਗਾਈ ਪਛੜਨ ਨਾਲ ਕਣਕ ਦੀ ਬਿਜਾਈ ਵੀ ਪਛੜਦੀ ਜਾ ਰਹੀ ਹੈ। ਸਰਦੂਲਗੜ੍ਹ ਖੇਤਰ ਵਿੱਚ ਇਸ ਵਕਤ ਤੀਹ ਫੀ ਸਦੀ ਦੇ ਕਰੀਬ ਨਰਮੇ ਦੀ ਫਸਲ ਚੁਗਣ, ਟੀਂਡੇ ਤੋੜਨ ਅਤੇ ਪੁੱਟਣ ਵਾਲੀ ਰਹਿਦੀ ਹੈ। ਪਿੰਡ ਜਟਾਣਾ ਖੁਰਦ ਦੇ ਕਿਸਾਨ ਸਤਨਾਮ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਮੀਂਹ ਬਾਅਦ ਨਰਮੇ ਦੀ ਚੁਗਾਈ ਦਾ ਕੰਮ ਤਿੰਨ ਦਿਨ ਲਈ ਰੁਕ ਗਿਆ ਸੀ। ਮੀਂਹ ਕਾਰਨ ਬੁਰੀ ਤਰ੍ਹਾਂ ਭਿੱਜਣ ਕਰਕੇ ਨਰਮੇ ਦੀ ਚੁਗਾਈ ਦਾ ਕੰਮ ਪਹਿਲਾਂ ਨਾਲੋਂ ਔਖਾ ਵੀ ਹੋ ਗਿਆ ਜਿਸ ਕਰਕੇ ਨਰਮੀ ਦੀ ਚੁਗਾਈ ਲਈ ਆਏ ਪ੍ਰਵਾਸੀ ਮਜ਼ਦੂਰ ਵਾਪਸ ਪਰਤ ਗਏ ਹਨ। ਮਜ਼ਦੂਰਾਂ ਦੀ ਘਾਟ ਕਾਰਨ ਨਰਮੇ ਦੀ ਚੁਗਾਈ ਹੋਰ ਪਛੜਦੀ ਜਾ ਰਹੀ ਹੈ ।ਕਿਸਾਨਾਂ ਦੱਸਿਆ ਮੀਂਹ ਨੇ ਇੱਕ ਤਾਂ ਨਰਮੇ ਦੇ ਖਿੜੇ ਟੀਂਡੇ ਖਰਾਬ ਕਰ ਦਿੱਤੇ ਹਨ ਜਿਸ ਕਰਕੇ ਕੰਮ ਨਿਬੜਨ ਵਿੱਚ ਹੀ ਨਹੀਂ ਆ ਰਿਹਾ। ਦੂਸਰਾ ਫਸਲ ਨੂੰ ਕੁੱਝ ਦਿਨ ਪਹਿਲਾਂ ਲੱਗੇ ਪਾਣੀ ਦੀ ਅਜੇ ਵੱਤਰ ਨਹੀਂ ਆ ਰਹੀ। ਕਿਸਾਨਾਂ ਕਿਹਾ ਇਸ ਵਾਰ ਨਰਮਾ ਸਾਨੂੰ ਘਾਟੇ ’ਤੇ ਘਾਟੇ ਹੀ ਦਿੰਦਾ ਜਾ ਰਿਹਾ ਹੈ। ਪਹਿਲਾਂ ਚਿੱਟਾ ਮੱਛਰ, ਫੇਰ ਭਾਰੀ ਮੀਂਹ ਕਾਰਨ ਤਬਾਹੀ, ਉਸਤੋਂ ਬਾਅਦ ਘੱਟ ਭਾਅ ਅਤੇ ਹੁਣ ਜ਼ਮੀਨ ਵਿਹਲੀ ਕਰਨ ਵਿੱਚ ਦਿੱਕਤ। ਕਿਸਾਨਾਂ ਕਿਹਾ ਜੇਕਰ ਮੀਂਹ ਨਾ ਪੈਂਦਾ ਤਾਂ ਅਸੀਂ ਪੱਚੀ ਨਵੰਬਰ ਤੱਕ ਸਾਰੀ ਬਿਜਾਈ ਨਿਬੇੜ ਲੈਣੀ ਸੀ ਪਰ ਹੁਣ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਵੀ ਕਣਕ ਦੀ ਬਿਜਾਈ ਸਿਰੇ ਚੜ੍ਹਦੀ ਨਜ਼ਰ ਨਹੀਂ ਪੈ ਰਹੀ। ਕਣਕ ਦੀ ਪਛੜ ਰਹੀ ਬਿਜਾਈ ਸਬੰਧੀ ਗੱਲ ਕਰਦਿਆਂ ਸੀਂਗੋ ਪਿੰਡ ਦੇ ਕਿਸਾਨ ਦਰਸਨ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਣਕ ਦੀ ਦਸ ਦਿਨ ਦੀ ਪਿਛੇਤ ਨਾਲ ਫਸਲ ਦਾ ਝਾੜ ਪੰਜ ਮਣ ਤੱਕ ਘਟ ਜਾਂਦਾ ਹੈ। ਜੇਕਰ ਬਿਜਾਈ ਪੰਦਰਾਂ ਤੋਂ ਵੀਹ ਦਿਨ ਪਛੜਦੀ ਹੈ ਤਾਂ ਕਿਸਾਨਾਂ ਨੂੰ ਕਣਕ ਦੇ ਪੰਜ ਤੋਂ ਦਸ ਮਣ ਤੱਕ ਘੱਟ ਝਾੜ ਦਾ ਹਰਜਾਨਾ ਝੱਲਣਾ ਪੈਣਾ ਹੈ।
ਮੀਂਹ ਅਤੇ ਮਜ਼ਦੂਰਾਂ ਦੀ ਘਾਟ ਕਾਰਨ ਨਰਮੇ ਦੀ ਚੁਗਾਈ ਪਛੜੀ-ਕਣਕ ਦੀ ਪਿਛੇਤ ਤੋਂ ਕਿਸਾਨ ਫਿਰਕਾਂ ’ਚ



