Skip to content
Independent perspectives. Global stories.
BREAKING

ਕੀ ਲੋਕਪ੍ਰਿਯਤਾ ਦਾ ਪੈਮਾਨਾ ਨੇ ਫੇਸਬੁੱਕ ਲਾਈਕਸ?

Share this story

‘‘ਲਾਈਕਸ ਨੇ ਦੁਨੀਆ ਕਮਲੀ ਕਰਤੀ, ਲਾਈਕਸ ਨੇ’’ ਉਕਤ ਮੁਖੜੇ ਵਾਲਾ ਇੱਕ ਗੀਤ ਲਿਖ ਕੇ ਮੇਰਾ ਇੱਕ ਵਿਦਿਆਰਥੀ ਮੇਰੇ ਕੋਲ ਲੈ ਕੇ ਆਇਆ। ਪੜ੍ਹ ਕੇ ਮੈਂ ਹੱਸਿਆ ਅਤੇ ਕਿਹਾ ਕਿ ਦੁਨੀਆ ਭਾਵੇਂ ਕਮਲੀ ਨਾ ਕੀਤੀ ਹੋਵੇ ਪਰ ਪ੍ਰਭਾਵਤ ਜ਼ਰੂਰ ਕਰ ਦਿੱਤੀ ਹੈ। ਇਹ ਗੱਲ ਸਹੀ ਹੈ ਕਿ ਫੇਸਬੁੱਕ ਦੀ ਵਰਤੋਂ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਲਾਈਕਸ ਵਾਲੇ ਬਟਨ ਨੇ ਵੱਡੇ ਪੱਧਰ ’ਤੇ ਪ੍ਰਭਾਵਤ ਕੀਤਾ ਹੋਇਆ ਹੈ ਅਤੇ ਖਾਸ ਤੌਰ ’ਤੇ ਜ਼ਿੰਦਗੀ ਵਿੱਚ ਇੱਕਲਤਾ ਭੋਗ ਰਹੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਲਾਈਕਸ ਜ਼ਿਆਦਾ ਪ੍ਰਭਾਵਤ ਕਰਦੇ ਹਨ। ਉਨ੍ਹਾਂ ਨੂੰ ਜ਼ਿਆਦਾ ਲਾਈਕਸ ਜ਼ਿਆਦਾ ਖੁਸ਼ੀ ਦਿੰਦੇ ਹਨ। ਜੇਕਰ ਉਨ੍ਹਾਂ ਦੀ ਕਿਸੇ ਪੋਸਟ ’ਤੇ ਘੱਟ ਲਾਈਕਸ ਮਿਲਦੇ ਹਨ ਤਾਂ ਉਹ ਉਦਾਸ ਹੋ ਜਾਂਦੇ ਹਨ। ਜਨਮਦਿਨ ਉਤੇ ਮਿਲੇ ਲਾਈਕਸ ਦੀ ਗਿਣਤੀ ਬਰਥ ਡੇਅ ਮਨਾ ਰਹੇ ਲੋਕਾਂ ਨੂੰ ਖੁਸ਼ ਵੀ ਕਰਦੀ ਹੈ ਅਤੇ ਨਿਰਾਸ਼ ਵੀ। ਜੇਕਰ ਵੱਡੀ ਗਿਣਤੀ ਵਿੱਚ ਲਾਈਕਸ ਹਨ ਤਾਂ ਬਰਥ ਡੇਅ ਮਨਾ ਰਹੇ ਵਿਅਕਤੀ ਦੀ ਹਊਮੈਂ ਨੂੰ ਪੱਠੇ ਪੈ ਜਾਂਦੇ ਹਨ ਅਤੇ ਉਹ ਮਨ ਹੀ ਮਨ ਵਿੱਚ ਬਹੁਤ ਖੁਸ਼ ਹੁੰਦਾ ਹੈ। ਉਂਝ ਫੇਸਬੁੱਕ ਨੇ ਜਨਮ ਦਿਨ ਨੂੰ ਯਾਦ ਕਰਾਉਣ ਅਤੇ ਜਨਮ ਦਿਨ ਮੁਬਾਰਕ ਕਹਿਣ ਨੂੰ ਬਹੁਤ ਆਸਾਨ ਕਰ ਦਿੱਤਾ ਹੈ। ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਬਸ ਇੱਕ ਵਾਰ ਬਟਨ ਨੂੰ ਹੀ ਦਬਾਉਣਾ ਹੈ। ਇਹ ਖੁਸ਼ੀ ਸਿਰਫ ਜਨਮ ਦਿਨ ਤੱਕ ਸੀਮਤ ਨਹੀਂ ਸਗੋਂ ਫੇਸਬੁੱਕ ਉਤੇ ਹਰ ਕਿਸਮ ਦੀ ਫੋਟੋ ਪੋਸਟ ਕਰਨ ਤੋਂ ਬਾਅਦ ਵੀ ਮਿਲਦੀ ਹੈ। ਖੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਫੋਟੋ ਨੂੰ ਜ਼ਿਆਦਾ ਲਾਈਕਸ ਮਿਲਦੇ ਹਨ। ਫੇਸਬੁੱਕ ਲਾਈਕਸ ਅਤੇ ਸ਼ੇਅਰ ਕਿਸੇ ਦੀ ਲੋਕਪ੍ਰਿਯਤਾ ਦਾ ਪੈਮਾਨਾ ਬਣ ਚੁੱਕਾ ਹੈ। ਜਿੰਨੇ ਜ਼ਿਆਦਾ ਲਾਈਕਸ ਓਨਾ ਹੀ ਬੰਦਾ ਜ਼ਿਆਦਾ ਹਰਮਨ ਪਿਆਰਾ ਮੰਨਿਆ ਜਾਂਦਾ ਹੈ। ਨਵੇਂ-ਨਵੇਂ ਗਾਇਕਾਂ ਅਤੇ ਹੋਰ ਕਲਾਕਾਰਾਂ ਦੀ ਹਰਮਨ ਪਿਆਰਤਾ ਹੁਣ ਫੇਸਬੁੱਕ ’ਤੇ ਮਿਲੇ ਲਾਈਕਸ ਤੋਂ ਹੀ ਮਾਪੀ ਜਾਣ ਲੱਗੀ ਹੈ। ਲੋਕਾਂ ਦੇ ਇਸ ਰੁਝਾਣ ਨੂੰ ਵੇਖ ਕੇ ਬਹੁਤ ਸਾਰੀਆਂ ਕੰਪਨੀਆਂ ਇਸ ਬਿਜਨਸ ਵਿੱਚ ਆ ਗਈਆਂ ਹਨ। ਅਜਿਹੀਆਂ ਕੰਪਨੀਆਂ ਪੈਸੇ ਲੈ ਕੇ ਜ਼ਿਆਦਾ ਲਾਈਕਸ ਦਿਵਾਉਣ ਦਾ ਦਾਅਵਾ ਕਰਦੀਆਂ ਹਨ।
ਫੇਸਬੁੱਕ ਉਤੇ ਮਿਲ ਰਹੇ ਲਾਈਕਸ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਲਾਈਕਸ ਕਰਨ ਵਾਲਾ ਤੁਹਾਡੀ ਪੋਸਟ ਨੂੰ ਲਾਈਕ ਕਰ ਰਿਹਾ ਹੈ। ਇਸ ਦੇ ਹੋਰ ਵੀ ਕਈ ਅਰਥ ਹੋ ਸਕਦੇ ਹਨ। ਸਮਾਜਕ ਰਿਸ਼ਤਿਆਂ ’ਚ ਬੱਝੇ ਲੋਕ ਲਾਇਕ ਅਤੇ ਨਾ ਲਾਇਕਸ ਨੂੰ ਰਿਸ਼ਤੇ ਦੀ ਨਜ਼ਦੀਕੀ ਜਾਂ ਨਰਾਜ਼ਗੀ ਦੇ ਤੌਰ ’ਤੇ ਵੀ ਲੈਂਦੇ ਹਨ। ਉਸ ਦੀ ਵਾਈਫ ਅੱਜ ਕੱਲ੍ਹ ਨਰਾਜ਼ ਚੱਲ ਰਹੀ ਹੈ। ਪਤਾ ਨਹੀਂ ਕਿਉਂ ਰੁਸ ਗਈ। ਮੇਰੀ ਪਤਨੀ ਕਹਿ ਰਹੀ ਹੈ।
‘‘ਤੈਨੂੰ ਕਿਵੇਂ ਪਤਾ ਲੱਗਾ, ਉਸ ਨੇ ਕੁਝ ਕਿਹਾ ਹੈ? ਮੈਂ ਪੁੱਛਦਾ ਹਾਂ ‘‘ਨਹੀਂ ਜੀ ਮੈਨੂੰ ਪਤਾ ਹੈ, ਅੱਜ ਕੱਲ੍ਹ ਉਹ ਮੇਰੀ ਕਿਸੇ ਵੀ ਪੋਸਟ ਨੂੰ ਲਾਈਕ ਨਹੀਂ ਕਰ ਰਹੀ’’ ਮੇਰੀ ਪਤਨੀ ਦਾ ਜਵਾਬ ਜੀ ਅਤੇ ਉਹ ਠੀਕ ਹੀ ਰਹਿ ਰਹੀ ਸੀ। ਸੋ, ਲਾਈਕਸ ਦਾ ਸਬੰਧ ਤੁਹਾਡੇ ਰਿਸ਼ਤੇ ਨਾਲ ਹੁੰਦਾ ਹੈ ਨਾ ਕਿ ਪੋਸਟ ਨਾਲ। ਭਾਵੇਂ ਕਿ ਅਜਿਹਾ ਹਰ ਥਾਂ ਨਹੀਂ ਹੁੰਦਾ ਹੈ। ਇੱਕ ਗੱਲ ਹੋਰ ਪੋਸਟ ਨੂੰ ਲਾਈਕ ਕਰਨ ਵਾਲੇ ਕਈ ਵਾਰ ਸਿਰਫ ਹਾਜ਼ਰੀ ਲਵਾਉਣ ਲਈ ਹੀ ਲਾਈਕ ਕਰਦੇ ਹਨ ਨਾ ਕਿ ਪੋਸਟ ਨੂੰ ਦੇਖ ਕੇ। ਪਿਛਲੇ ਇੱਕ ਵਰ੍ਹੇ ਤੋਂ ਮੇਰਾ ਰੋਜ਼ਾਨਾ ਕਾਲਮ ‘ਅੱਜ ਦੀ ਗੱਲ’ ਰੋਜ਼ਾਨਾ ਫੇਸਬੁੱਕ ’ਤੇ ਪੋਸਟ ਹੋ ਰਿਹਾ ਹੈ। ਕਈ ਵਾਰ ਤਾਂ ਪੋਸਟ ਕਰਨ ਤੋਂ ਦੋ ਸੈਕਿੰਡ ਬਾਅਦ ਹੀ ਦੋ ਤਿੰਨ ਲਾਈਕਸ ਦੇਖਣ ਨੂੰ ਮਿਲ ਜਾਂਦੀਆਂ ਹਨ। ਜਦੋਂ ਕਿ ਕਾਲਮ ਨੂੰ ਪੜ੍ਹਣ ਲਈ ਘੱਟੋ-ਘੱਟ 10 ਮਿੰਟ ਤਾਂ ਲਗਦੇ ਹਨ। ਬਹੁਤ ਸਾਰੇ ਲੋਕ ਆਪਣੀਆਂ ਚੰਗੀਆਂ ਮੰਦੀਆਂ ਨਿੱਜੀ ਗੱਲਾਂ ਵੀ ਫੇਸਬੁੱਕ ’ਤੇ ਪੋਸਟ ਕਰ ਦਿੰਦੇ ਹਨ। ਪਿਛਲੇ ਦਿਨੀਂ ਇੱਕ ਵਿਅਕਤੀ ਨੇ ਐਕਸੀਡੈਂਟ ਤੋਂ ਬਾਅਦ ਹਸਪਤਾਲ ਵਿੱਚ ਪਏ ਹੋਏ ਆਪਣੀ ਫੋਟੋ ਪੋਸਟ ਕਰ ਦਿੱਤੀ। ਇਸ ਪੋਸਟ ਵਿੱਚ ਲਾਈਕਸ ਕਰਨ ਵਾਲੀ ਕਿਹੜੀ ਗੱਲ ਸੀ ਪਰ ਲੋਕ ਇਸ ਨੂੰ ਲਾਈਕ ਕਰ ਰਹੇ ਸਨ। ਮੇਰੇ ਕਈ ਕਲਾਕਾਰ ਵਿਦਿਆਰਥੀ ਫੇਸਬੁੱਕ ’ਤੇ ਸਰਗਰਮ ਹਨ। ਉਨ੍ਹਾਂ ਵਿੱਚੋਂ ਕਈ ਕਲਾਕਾਰਾਂ ਨੇ ਆਪਣੀਆਂ ਲਾਈਕਸ ਨੂੰ ਵਧਾਉਣ ਲਈ ਹਜ਼ਾਰਾਂ ਰੁਪਏ ਖਰਚੇ ਹਨ। ਇਹ ਇੱਕ ਅੰਨ੍ਹੀ ਦੌੜ ਬਣਦੀ ਜਾ ਰਹੀ ਹੈ। ਸੋਸ਼ਲ ਮੀਡੀਆ ਦਾ ਇਹ ਪੱਖ ਸਮਾਜਕ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਪ੍ਰਭਾਤ ਕਰਨ ਲੱਗਾ ਹੈ। ਮੇਰੇ ਨਾਲ ਨਰਾਜ਼ ਦੋਸਤ ਮੇਰੀ ਪੋਸਟ ਨੂੰ ਕਦੇ ਵੀ ਲਾਈਕਸ ਨਹੀਂ ਕਰਨਗੇ ਅਤੇ ਜੇ ਕਦੇ ਭੁਲੇਖੇ ਨਾਲ ਲਾਈਕਸ ਦਾ ਬਟਨ ਦੱਬ ਦੇਣ ਤਾਂ ਉਹ ਚਰਚਾ ਦਾ ਵਿਸ਼ਾ ਬਣ ਜਾਣਗੇ। ਮੈਂ ਇੱਕ ਤਜ਼ੁਰਬਾ ਕੀਤਾ। ਮੇਰਾ ਇੱਕ ਪੱਤਰਕਾਰ ਮਿੱਤਰ ਕਿਸੇ ਗੱਲੋਂ ਮੇਰੇ ਨਾਲ ਨਰਾਜ਼ ਹੋ ਗਿਆ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਉਸ ਨੂੰ ਨਹੀਂ ਮਨਾ ਸਕਿਆ। ਫਿਰ ਮੈਂ ਉਸਦੀ ਹਰ ਪੋਸਟ ਨੂੰ ਲਾਈਕ ਕਰਨ ਲੱਗਾ। ਨਤੀਜੇ ਵਜੋਂ ਮਹੀਨੇ ਦੋ ਮਹੀਨੇ ਬਾਅਦ ਉਸ ਦੀ ਨਰਾਜ਼ਗੀ ਦੂਰ ਹੋ ਗਈ। ਸੋ ਇਹ ਨਰਾਜ਼ਗੀ ਦੂਰ ਕਰਨ ਦਾ ਕਾਰਨ ਵੀ ਬਣ ਸਕਦੀ। ਅੱਜ ਸਿਰਫ ਲਾਈਕਸ ਬਾਰੇ ਚਰਚਾ ਕਰ ਰਹੇ ਹਾਂ ਅਤੇ ਕਮੈਂਟਸ ਬਾਰੇ ਫਿਰ ਕਿਸੇ ਕਾਲਮ ਵਿੱਚ ਚਰਚਾ ਕਰਾਂਗੇ, ਪਰ ਇੱਕ ਗੱਲ ਸਪਸ਼ਟ ਹੈ ਕਿ ਸੋਸ਼ਲ ਮੀਡੀਆ ਦੇ ਇਸ ਪੱਖ ਨੇ ਕਰੋੜਾਂ ਲੋਕਾਂ ਨੂੰ ਇੱਕ ਕੰਮ ਦੇ ਦਿੱਤਾ ਹੈ। ਲੋਕ ਫੇਸਬੁੱਕ ’ਤੇ ਫੋਟੋ ਪੋਸਟ ਕਰਕੇ ਇਹ ਦੇਖਣ ਵਿੱਚ ਰੁੱਝ ਜਾਂਦੇ ਹਨ ਕਿ ਕਿੰਨੇ ਲਾਈਕਸ ਜਾਂ ਕਮੈਂਟ ਆਏ ਹਨ। ਫਿਰ ਜੇ ਕੋਈ ਉਨ੍ਹਾਂ ਦਾ ਆਪਣਾ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਉਨ੍ਹਾਂ ਦੀ ਪੋਸਟ ਲਾਈਕਸ ਨਹੀਂ ਕਰਦਾ ਤਾਂ ਉਹ ਉਦਾਸ ਵੀ ਹੋ ਜਾਂਦੇ ਹਨ ਅਤੇ ਕਦੇ-ਕਦੇ ਨਰਾਜ਼ ਵੀ। ਤਕਨਾਲੌਜੀ ਦੀ ਕਮਾਲ ਦੇਖੋ ਕਿ ਉਹ ਸਾਡੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰਨ ਲੱਗੀ ਹੈ ਜੋ ਕੋਈ ਚੰਗਾ ਰੁਝਾਨ ਨਹੀਂ।

WRITTEN BY