ਬਰਨਾਲਾ, 15 ਨਵੰਬਰ (ਕੁਲਦੀਪ ਗਰੇਵਾਲ)- ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਵਲੋਂ ਸ਼ਹਿਰੀ ਮਿਸ਼ਨ-2017-18 ਅਧੀਨ ਜਿਲ੍ਹਾ ਬਰਨਾਲਾ ਅੰਦਰ ਚਲ ਰਹੇ ਵਖ-ਵਖ ਵਿਕਾਸ ਕੰਮਾਂ ਲਈ 292.16 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਥੋਰੀ ਨੇ ਦਸਿਆ ਕਿ ਪੀ.ਆਈ.ਡੀ.ਬੀ. ਵਲੋਂ ਸ਼ਹਿਰੀ ਮਿਸ਼ਨ-2017-18 ਅਧੀਨ ਬਰਨਾਲਾ ਸ਼ਹਿਰ ਅੰਦਰ ਚਲ ਰਹੇ ਵਿਕਾਸ ਕੰਮਾਂ ਲਈ 2 ਕਰੋੜ 53 ਲਖ 23 ਹਜਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਤਪਾ ਵਿਚ ਚਲ ਰਹੇ ਵਿਕਾਸ ਕੰਮਾਂ ਲਈ 35 ਲਖ 91 ਹਜਾਰ ਰਪੁਏ ਅਤੇ ਭਦੌੜ ਸ਼ਹਿਰ ਵਿਚ ਚਲੇ ਰਹੇ ਵਿਕਾਸ ਕੰਮਾਂ ਲਈ 3 ਲਖ ਰੁਪਏ ਦੇ ਫੰਡ ਅਲਾਟ ਕੀਤੇ ਗਏ ਹਨ। ਥੋਰੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਫੰਡਾਂ ਦੀ ਘਾਟ ਕਾਰਨ ਰੁਕੇ ਵਿਕਾਸ ਕਾਰਜਾਂ ਨੂੰ ਹੁਣ ਪੰਜਾਬ ਸਰਕਾਰ ਦੁਆਰਾ ਪ੍ਰਾਪਤ ਫੰਡਾਂ ਦੇ ਜਰੀਏ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪ੍ਰਵੀਨ ਕੁਮਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵਲੋਂ ਸ਼ਹਿਰੀ ਮਿਸ਼ਨ-2017-18 ਅਧੀਨ ਜਾਰੀ ਕੀਤੇ ਗਏ 292.16 ਕਰੋੜ ਰੁਪਏ ਦੇ ਫੰਡਾਂ ਨੂੰ ਕੇਵਲ ਚਲ ਰਹੇ ਵਿਕਾਸ ਕਾਰਜਾਂ ਲਈ ਹੀ ਖ਼ਰਚ ਕੀਤਾ ਜਾਵੇ ਅਤੇ ਪੀ.ਆਈ.ਡੀ.ਬੀ. ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਨੂੰ ਧਿਆਨ ਵਿਚ ਰਖਦਿਆਂ ਹੀ ਫੰਡਾਂ ਦੀ ਵਰਤੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਪ੍ਰਵੀਨ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਚਲ ਰਹੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ ਅਤੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕੰਮਾਂ ਲਈ 292.16 ਕਰੋੜ ਦੀ ਰਾਸ਼ੀ ਜਾਰੀ : ਡੀ.ਸੀ.ਬਰਨਾਲਾ



