Skip to content
Independent perspectives. Global stories.
BREAKING

ਪਿੰਡ ਵਿਰਕ ਵਿਖੇ ਦਸਤਾਰ ਮੁਕਾਬਲੇ ਯਾਦਗਾਰੀ ਹੋ ਨਿੱਬੜੇ

Share this story

ਫਗਵਾੜਾ- ਸ਼ਹਿਰ ਦੇ ਨਾਲ ਪੈਂਦੇ ਇਤਿਹਾਸਕ ਪਿੰਡ ਵਿਰਕ ਦੇ 108 ਸੰਤ ਬਾਬਾ ਫੂਲਾ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ 3 ਨਵੰਬਰ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਏ ਜਿਸ ਦੇ ਭੋਗ ਐਤਵਾਰ 5 ਨਵੰਬਰ ਨੂੰ ਸਵੇਰੇ 10 ਵਜੇ ਪਾਏ ਗਏ। ਉਪ੍ਰੰਤ ਸ਼ਬਦ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਅਤੇ ਤਿੰਨੋ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ, ਬਹੁਦੀਪੁਰ ਪੱਤੀ ਵਿਖੇ ਵੀ 2 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਭੋਗ ਗੁਰਪੁਰਬ ਵਾਲੇ ਦਿਨ 4 ਨਵੰਬਰ ਨੂੰ ਸਵੇਰੇ 10 ਵਜੇ ਪਾਏ ਗਏ। ਸ਼ੁੱਕਰਵਾਰ 3 ਨਵੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਕ ਵਿਸ਼ਾਲ ਨਗਰ ਕੀਰਤਨ ਦਾ ਆਰੰਭ ਕਰਵਾਇਆ ਗਿਆ ਜੋ ਕਿ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਤਕਰੀਬਨ ਪੰਜ ਵਜੇ ਪਹੁੰਚਿਆ।
ਇਸ ਮੌਕੇ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਗਮਨ ਪੂਰਬ ਦੀ ਖੁਸ਼ੀ ਵਿੱਚ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰਵਾਸੀ ਪੰਜਾਬੀ ਯੂ.ਕੇ. ਨਿਵਾਸੀ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰੇਮੀ ਸ. ਤਰਲੋਚਨ ਸਿੰਘ ਵਿਰਕ ਦੀ ਪਹਿਲ ਕਦਮੀ ਨਾਲ ਪਹਿਲੀ ਵਾਰ ਇਸ ਅਸਥਾਨ ’ਤੇ ਬੱਚਿਆਂ ਅਤੇ ਨੌਜਵਾਨਾਂ ਦੇ ਦਸਤਾਰ ਮੁਕਾਬਲੇ ਵਿੱਚ 10 ਸਾਲ ਤੋਂ 20 ਸਾਲ ਉਮਰ ਤੱਕ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਨ। ਮੁੱਖ ਮਹਿਮਾਨ ਵਜੋਂ ਬਲਜੀਤ ਸਿੰਘ ਬਰਾੜ ਸੰਪਾਦਕ ‘ਰੋਜ਼ਾਨਾ ਪੰਜਾਬ ਟਾਇਮਜ਼’ ਜਲੰਧਰ ਇਸ ਮੌਕੇ ’ਤੇ ਸਭ ਨੂੰ ‘ਜੀ ਆਈਆਂ’ ਆਖਿਆ ਅਤੇ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਪ੍ਰੰਤ ਜੱਜ ਸਾਹਿਬਾਨਾਂ ਨੇ 8-14 ਗਰੁੱਪ ਨੂੰ ਮੁਕਾਬਲੇ ਦੇ ਨਿਯਮ ਦੱਸਣ ਤੋਂ ਬਾਅਦ 5,4,3,2,1 ਕਹਿ ਕੇ ਦਸਤਾਰ ਮੁਕਾਬਲੇ ਆਰੰਭ ਕਰਨ ਨੂੰ ਕਿਹਾ। ਦਸਤਾਰ ਸਜਾਉਣ ਤੋਂ ਬਾਅਦ ਹਰ ਇਕ ਭਾਗ ਲੈਣ ਵਾਲੇ ਨਾਲ ਸਵਾਲ ਜਵਾਬ ਕੀਤਾ ਗਿਆ। ਦਸਤਾਰ ਮੁਕਾਬਲੇ ਵਿੱਚ ਸਹਿਯੋਗ ਦੇਣ ਵਾਲੇ ਸ. ਤਰਲੋਚਨ ਸਿੰਘ ਵਿਰਕ ਨੇ ਜੱਜਾਂ ਦੇ ਫੈਸਲੇ ਮਤਾਬਿਕ ਸਭ ਨੂੰ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਦੋਨਾਂ ਗਰੁੱਪਾਂ ਵਿੱਚੋਂ ਤੀਜੇ ਦੂਜੇ ਅਤੇ ਪਹਿਲੇ ਨੰਬਰ ’ਤੇ ਆਏ ਜੇਤੂਆਂ ਦਾ ਐਲਾਨ ਕੀਤਾ। ਦਸਤਾਰ ਮੁਕਾਬਲੇ ਵਿੱਚ ਉਮਰ ਗਰੁੱਪ 8-14 ਸਾਲ ’ਚ 13 ਸਾਲਾ ਸ. ਹਰਮੇਲ ਸਿੰਘ ਪਿੰਡ ਪਦਿਆਣਾ ਨੇ ਪਹਿਲਾ ਸਥਾਨ, ਸੁਖਮਨ ਸਿੰਘ ਪਿੰਡ ਵਿਰਕ ਦੂਜਾ, ਰਣਜੀਤ ਸਿੰਘ ਉਮਰ 10 ਸਾਲ ਪਿੰਡ ਵਿਰਕ ਨੇ ਤੀਜਾ ਸਥਾਨ ਹਾਸਿਲ ਕੀਤਾ। ਬਲਜੀਤ ਸਿੰਘ ਉਮਰ 10 ਸਾਲ ਪਿੰਡ ਵਿਰਕ ਨੂੰ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਹੋਣ ਕਾਰਨ ਵਿਸ਼ੇਸ਼ ਤੌਰ ’ਤੇ ਸਨਮਾਨ ਦਿੱਤਾ ਗਿਆ।
ਇਸੇ ਤਰ੍ਹਾਂ 15 ਤੋਂ 20 ਸਾਲ ਉਮਰ ਗਰੁੱਪ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਜਸਕਰਨਦੀਪ ਸਿੰਘ ਉਮਰ 18 ਸਾਲ ਪਿੰਡ ਗਾਹਲੀ ਨੇ ਪਹਿਲਾ, ਰਣਜੋਤ ਸਿੰਘ ਉਮਰ 16 ਸਾਲ ਪਿੰਡ ਰਹਿਪਾ ਨੇ ਦੂਜਾ ਅਤੇ ਮਕਸੂਦਾਂ ਦੇ 16 ਸਾਲਾ ਸੰਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਵਿਸ਼ੇਸ਼ ਸਨਮਾਨ ਦਸੂਹਾ ਦੇ ਕਮਲਪ੍ਰੀਤ ਸਿੰਘ ਉਮਰ 18 ਸਾਲ ਨੂੰ ਦਿੱਤਾ ਗਿਆ। ਇਸ ਬੱਚੇ ਦਾ ਸੱਜਾ ਹੱਥ ਕੱਟਿਆ ਹੋਇਆ ਹੈ ਇਸ ਦੇ ਬਾਵਜੂਦ ਇਹ ਇਕੋ ਹੱਥ ਨਾਲ ਸੁੰਦਰ ਦਸਤਾਰ ਸਜਾਉਂਦਾ ਹੈ। ਸਾਰੇ ਬੱਚਿਆਂ ਨੂੰ ਨਗਦ ਇਨਾਮ ਦੇ ਨਾਲ-ਨਾਲ ਟਰਾਫੀਆਂ ਦਿੱਤੀਆਂ ਗਈਆਂ। ਪਹਿਲੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ 4100 ਰੁਪਏ ਦੂਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ 3100 ਰੁਪਏ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ 1100 ਰੁਪਏ ਇਨਾਮ ਦਿੱਤੇ ਗਏ। ਇਨਾਮ ਦੀ ਇਹ ਰਾਸ਼ੀ ਵਿਰਕ ਪਰਿਵਾਰ ਦੀ ਤਰਫੋਂ ਦਿੱਤੀ ਗਈ।
ਇਸ ਦਸਤਾਰ ਮੁਕਾਬਲੇ ਵਿੱਚ ਖਾਸ ਤੌਰ ’ਤੇ ਸ਼ਾਮਲ ਹੋਏ ਇਤਿਹਾਸਿਕ ਨਜ਼ਦੀਕ ਪਿੰਡ ਮੌ ਸਾਹਿਬ ਦੇ ਸਾਬਕ ਸਰਪੰਚ ਹਰਵਿੰਦਰ ਸਿੰਘ ਘੁੰਮਣ ਅਤੇ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਣੀ ਡਿਊੜੀ ਦਾ ਉਦਘਾਟਨ 10 ਨਵੰਬਰ 1999 ਨੂੰ ਕੀਤਾ ਸੀ। ਜਰਨੈਲ ਸਿੰਘ ਜੀ ਨੇ ਕਿਹਾ ਕਿ ਵਿਰਕ ਪਿੰਡ ਦੇ ਨਗਰ ਨਿਵਾਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਹੀ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਇਹ ਨੇਕ ਉਦਮ ਕੀਤਾ ਹੈ।
108 ਸੰਤ ਬਾਬਾ ਫੂਲਾ ਸਿੰਘ ਜੀ ਗੁਰਦੁਆਰੇ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੀ ਨੇ ਸਭ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਮੂਹ ਬੱਚਿਆਂ, ਨੌਜਵਾਨਾਂ, ਸਮੂਹ ਪਰਿਵਾਰ ਸ. ਤਰਲੋਚਨ ਸਿੰਘ ਵਿਰਕ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸ. ਵਿਰਕ ਨੇ ਐਲਾਨ ਕੀਤਾ ਕਿ ਇਹ ਮੁਕਾਬਲੇ ਹਰ ਸਾਲ ਕੀਤੇ ਜਾਣਗੇ ਅਤੇ ਅੱਗੋਂ ਤੋਂ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
– ਪੰਜਾਬ ਟਾਇਮਜ਼ ਬਿਊਰੋ

WRITTEN BY