Skip to content
Independent perspectives. Global stories.
BREAKING

ਪੰਜਾਬੀ ਨੂੰ ਲਾਗੂ ਕਰਨ ਸਬੰਧੀ ਕੁੱਝ ਸੁਝਾਉ

Share this story

ਪੰਜਾਬੀਅਤ ਪੰਜਾਬ ਦਾ ਪਿਆਰ ਹੈ। ਪੰਜਾਬੀ ਜ਼ੁਬਾਨ ਦਾ ਪਿਆਰ ਹੈ। ਪੰਜਾਬੀ ਰਹਿਤਲ ਦਾ ਪਿਆਰ ਹੈ। ਪੰਜਾਬੀਅਤ ਦੀ ਅੰਤਰਰਾਸ਼ਟਰੀਅਤਾ ਇੱਕ ਵਿਆਪਕ ਸੱਚ ਹੈ। ਅੱਜ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਵੱਸੋਂ ਅਤੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਤਾਂ ਪੰਜਾਬੀ ਦੀ ਪੜ੍ਹਾਈ ਲਈ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਸਬੰਧੀ ਸਮੱਸਿਆਵਾਂ ਦੀ ਸਮਝ ਆਉਂਦੀ ਹੈ ਪਰ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਵਿੱਚ ਪੰਜਾਬੀ ਨਾਲ ਹੋ ਰਹੇ ਵਿਤਕਰੇ ਨੂੰ ਸਮਝਣਾ ਅਤੇ ਹਜ਼ਮ ਕਰਨਾ ਬਹੁਤ ਔਖਾ ਹੈ। ਪੰਜਾਬੀ ਬੁੱਧੀਜੀਵੀਆਂ ਅਤੇ ਜਾਗਰੂਕ ਪੰਜਾਬੀਆਂ ਨੂੰ ਸੰਪ੍ਰਦਾਕਿਤਾ ਇਕ ਪਾਸੇ ਰੱਖਕੇ ਪੰਜਾਬੀਅਤ ਦੇ ਉਮਦਾ ਤੱਤਾਂ ਨੂੰ ਉਭਾਰ ਕੇ ਸੰਚਾਰ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ। ਜੇ ਅਸੀਂ ਆਪਣੀ ਮਾਂ ਬੋਲੀ ਲਈ ਅਵੇਸਲੇ ਰਹਾਂਗੇ ਅਤੇ ਪੰਜਾਬੀ ਨਾਲ ਹੋ ਰਹੇ ਵਿਤਕਰੇ ਬਾਰੇ ਚੁੱਪ ਰਹਾਂਗੇ ਤਾਂ ਇਹ ਗੱਲ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲੀਆਂ ਸਾਡੀਆਂ ਆਪਣੀਆਂ ਹੀ ਪੀੜ੍ਹੀਆਂ ਸਾਡੀ ਭਾਸ਼ਾਈ ਜਿਹਨੀ-ਗੁਲਾਮੀ ਦਾ ਤ੍ਰਿਸਕਾਰ ਕਰਨਗੀਆਂ। ਸਾਡੇ ਵਾਰਿਸ ਸਾਡੇ ਵੱਲੋਂ ਵਰਤੀ ਭਾਸ਼ਾਈ-ਦਵੱਲਪੁਣੇ ਲਈ ਸਾਨੂੰ ਕੋਸਣਗੇ। ਮਾਂ ਬੋਲੀ ਦੇ ਮਹੱਤਵ ਨੂੰ ਨਾ ਮੰਨਣਾ, ਸਮਾਜ ਨੂੰ ਕੁਰਾਹੇ ਪਾਉਣਾ ਤੇ ਇਤਿਹਾਸ ਦਾ ਕਲੰਕ ਖੱਟਣਾ ਹੈ। ਇਸ ਕਲੰਕ ਤੋਂ ਬਚਣ ਲਈ ਸਾਨੂੰ ਪੰਜਾਬੀ ਦੇ ਹੱਕ ਵਿੱਚ ਉਠਣਾ ਪਵੇਗਾ। ਇਸ ਸਬੰਧੀ ਕੁੱਝ ਸੁਝਾਓ ਤੁਹਾਡੇ ਅੱਗੇ ਰੱਖ ਰਿਹਾ ਹਾਂ।
1. ਪੰਜਾਬ ਸਰਕਾਰ ਪੰਜਾਬ ਵਿੱਚ ਗੁਰਮੁੱਖੀ ਪੰਜਾਬੀ ਦੇ ਸਿਖਿਆ ਮਾਧਿਅਮ ਨੂੰ ਇਕਾਗਰਤਾ ਅਤੇ ਪੂਰੀ ਸਮਰਥਾ ਨਾਲ ਲਾਗੂ ਕਰੇ। ਇਸ ਦਾ ਉਲੰਘਣ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ। ਲੋੜਵੰਦਾਂ ਨੂੰ ਸਹੂਲਤਾਂ ਦਿੱਤੀਆਂ ਜਾਣ।
2. ਸਾਰੇ ਪੰਜਾਬ ਦੀ ਕਾਲਜ ਵਿਦਿਆ ਵਿੱਚ ਹਰ ਪ੍ਰਕਾਰ ਦੇ ਵਿਦਿਆਰਥੀਆਂ ਲਈ ਗੁਰਮੁੱਖੀ ਪੰਜਾਬੀ ਨੂੰ ਲਾਜ਼ਮੀ ਕਰਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦਾ ਹਰ ਇਕ ਸੁਸਿਖਿਅਤ ਨਾਗਰਿਕ ਗੁਰਮੁੱਖੀ ਪੰਜਾਬੀ ਤੋਂ ਅਣਜਾਣ ਨਾ ਰਹੇ।
3. ਪੰਜਾਬ ਵਿੱਚ ਥਾਂ-ਥਾਂ ਖੁੰਬਾਂ ਵਾਂਗ ਉਗੇ ਅੰਗਰੇਜ਼ੀ ਮਾਡਲ ਅਤੇ ਪਬਲਿਕ ਸਕੂਲ ਭਾਸ਼ਾਈ ਪੱਖ ਤੋਂ ਵੱਡੇ ਗੁਨਾਹਗਾਰ ਹਨ। ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਕੇਵਲ ਅੰਗਰੇਜ਼ੀ ਤੇ ਹਿੰਦੀ ਬੋਲਣ ਲਈ ਮਜ਼ਬੂਰ ਕਰਨਾ ਸੰਵਿਧਾਨਕ ਅਤੇ ਇਖਲਾਕੀ ਜ਼ੁਰਮ ਹੈ। ਪੰਜਾਬੀ ਹਿਤੈਸ਼ੀਆਂ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਹਰ ਸ਼ਹਿਰ ਵਿੱਚ ਪੰਜਾਬੀ ਪ੍ਰੇਮੀ ਕਮੇਟੀਆਂ ਬਣਾਕੇ ਅਜਿਹੇ ਸਕੂਲਾਂ ’ਤੇ ਨਜ਼ਰ ਰੱਖਣ ਅਤੇ ਲੋੜ ਪੈਣ ’ਤੇ ਕਾਰਵਾਈ ਕਰਨ।
4. ਪੰਜਾਬੀ ਦੇ ਅਧਿਆਪਨ ਲਈ ਕੁੱਝ ਅਜਿਹੀਆਂ ਬੁਨਿਆਦੀ ਪਾਠ-ਪੁਸਤਕਾਂ ਤਿਆਰ ਕੀਤੀਆਂ ਜਾਣ ਜੋ ਗੁਰਮੁੱਖੀ ਲਿੱਪੀ ਸਿੱਖਣ ਵਿੱਚ ਨਿਰਵਿਘਨ ਸਹਾਈ ਹੋਣ। ਇਸ ਬੁਨਿਆਦੀ ਕਾਰਜ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ ਅਤੇ ਪੰਜਾਬੀ ਬੁੱਧੀਜੀਵੀਆਂ ਦੀ ਯੋਗਤਾ ਪ੍ਰਾਪਤ ਕੀਤੀ ਜਾਵੇ।
5. ਸਰਕਾਰੀ ਦਫਤਰਾਂ ਵਿੱਚ ਹਰ ਪੱਧਰ ’ਤੇ ਪੰਜਾਬੀ ਵਿੱਚ ਕੰਮ ਕਰਨਾ ਅਤੇ ਕਰਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਮਿਲੇ ਅਤੇ ਉਨ੍ਹਾਂ ਦੀ ਸਾਲਾਨਾ ਰਿਪੋਰਟਾਂ ਵੀ ਨਾਕਾਰਾਤਮਕ ਕਰ ਦਿੱਤੀਆਂ ਜਾਣ। ਜਿਵੇਂ ਕਿ ਦੇਸ਼ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਅਦਾਲਤਾਂ ਦਾ ਕੰਮ ਵੀ ਮਾਂ ਬੋਲੀ ਵਿੱਚ ਹੋਵੇ, ਇਸ ਪੱਖੋਂ ਵੀ ਪੰਜਾਬੀ ਹਿਤੈਸ਼ੀ ਅੱਗੇ ਆਉਣ। 2005 ਦੇ ਜਾਣਕਾਰੀ ਦੇ ਕਾਨੂੰਨ ਦੀ ਮੱਦਦ ਨਾਲ ਪੰਜਾਬੀ ਵਿਰੋਧੀ ਅਨਸਰਾਂ ’ਤੇ ਨਿਕੇਲ ਕੱਸੀ ਜਾ ਸਕਦੀ ਹੈ।
6. ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਆਪਣੇ-ਆਪਣੇ ਵਿਸ਼ੇ ’ਤੇ ਘੱਟੋ-ਘੱਟ ਦੋ ਪੁਸਤਕਾਂ ਪੰਜਾਬੀ ਵਿੱਚ ਲਿਖਣੀਆਂ ਲਾਜ਼ਮੀ ਕਰਨੀਆਂ ਚਾਹੀਦੀਆਂ ਹਨ। ਇਉਂ ਹਰ ਵਿਸ਼ੇ ’ਤੇ ਸਮੱਗਰੀ ਉਪਲੱਬਧ ਹੋ ਜਾਵੇਗੀ।
7. ਉਤਰ ਪ੍ਰਦੇਸ਼ ਦੀ ਮਾਨਯੋਗ ਹਾਈਕੋਰਟ ਦੇ ਫੈਸਲੇ ਵਾਂਗ ਪੰਜਾਬ ਵਿੱਚ ਵੀ ਸਰਕਾਰੀ ਅਫਸਰਾਂ ਅਤੇ ਅਧਿਆਪਕਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਣਾ ਲਾਜ਼ਮੀ ਕਰ ਦਿੱਤਾ ਜਾਵੇ। ਨੌਕਰੀ ਲਈ ਵੀ ਇਹ ਸ਼ਰਤ ਰੱਖੀ ਜਾ ਸਕਦੀ ਹੈ।
5. ਦੋਹਾਂ ਪੰਜਾਬਾਂ ਵਿੱਚ ਪੰਜਾਬੀ ਦੇ ਲੋਕ ਮੁਖੀ ਸਰੂਪ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਜਿਥੇ ਪਾਕਿਸਤਾਨੀ ਪੰਜਾਬੀ ਵਿਦਵਾਨ ਭਾਰਤੀ ਪੰਜਾਬੀ ਦੀ ਸੰਸਕ੍ਰਿਤ ਛਾਪ ਤੋਂ ਦੁਖੀ ਹਨ ਉਥੇ ਗੁਰਮੁੱਖੀ ਪੰਜਾਬੀ ਦਾ ਵਿਦਿਆਰਥੀ ਉਰਦੂ ਫਾਰਸੀ ਸ਼ਬਦਾਵਲੀ ਦੀ ਭਰਮਾਰ ਤੋਂ ਦੁਖੀ ਹੈ। ਦੋਹਾਂ ਖੇਤਰਾਂ ਦੇ ਪੰਜਾਬੀਆਂ ਵਿੱਚ ਵਿਆਪਕ ਤਾਲਮੇਲ ਦੀ ਲੋੜ ਹੈ। ਬੇਸ਼ਕ ਇਸ ਵਿੱਚ ਅਜੋਕੀਆਂ ਰਾਜਨੀਤਿਕ ਹਾਲਤਾਂ ਦੀ ਦਖਲ ਅੰਦਾਜ਼ੀ ਹੈ, ਪਰ ਪੰਜਾਬੀਅਤ ਦੇ ਅਲੰਬਰਦਾਰਾਂ ਨੂੰ ਸਰਹੱਦੋਂ ਆਰ-ਪਾਰ ਦੇ ਉਪਰਾਲੇ ਤੇਜ਼ ਕਰਨੇ ਚਾਹੀਦੇ ਹਨ।
6. ਸਾਰੇ ਭਾਰਤੀ ਪੰਜਾਬੀਆਂ ਨੂੰ ਗੁਰਮੁੱਖੀ-ਪੰਜਾਬੀ ਲਿਖਣੀ, ਪੜ੍ਹਨੀ ਚਾਹੀਦੀ ਹੈ। ਜਿਹੜੇ ਲੋਕ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਦਾ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦਾ ਵਿਰੋਧ ਕਰਨ ਦੀ ਲੋੜ ਹੈ। ਪੰਜਾਬੀ ਨਾਲ ਸਬੰਧਤ ਸਾਰੇ ਅਦਾਰੇ ਅਤੇ ਸੰਸਥਾਵਾਂ ਆਪਣੇ ਸਾਰੇ ਵਸੀਲੇ ਜੁਟਾਕੇ ਇਸਦਾ ਜ਼ੋਰਦਾਰ ਪ੍ਰਚਾਰ ਕਰਨ।
ਉਕਤ ਸੁਝਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜੋ ਪੰਜਾਬੀ ਸਹੀ ਢੰਗ ਨਾਲ ਲਾਗੂ ਕਰਨ ਹਿੱਤ ਕੀਤੀਆਂ ਜਾ ਸਕਦੀਆਂ ਹਨ।
ਸਥਾਨ ਦੀ ਸੀਮਾ ਨੂੰ ਮੁੱਖ ਰੱਖਦੇ ਹੋਏ ਅੱਜ ਇੰਨੇ ਸੁਝਾਅ ਹੀ ਕਬੂਲ ਫਰਮਾਉ। ਆਓ ਆਪਾਂ ਜਿਹਨੀ ਗੁਲਾਮੀ ਤੋਂ ਛੁਕਟਾਰਾ ਪਾ ਕੇ ਆਪਣੀ ਆਤਮਾ ਦੇ ਮੁਕੰਮਲ ਪ੍ਰਗਟਾਵੇ ਲਈ ਪੰਜਾਬੀ ਅਪਣਾਈਏ।

WRITTEN BY