Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਸਿੰਘ ਤੇ ਮੁਕੇਸ਼ ਅੰਬਾਨੀ ਵੱਲੋਂ ਟੈਲੀਕਾਮ-ਪ੍ਰਚੂਣ ਤੇ ਖੇਤੀਬਾੜੀ ’ਚ ਆਪਸੀ ਸਹਿਯੋਗ ਬਾਰੇ ਵਿਚਾਰ-ਵਟਾਂਦਰਾ

Share this story

ਆਰ.ਆਈ.ਐਲ. ਪੰਜਾਬ ’ਤੇ ਆਪਣਾ ਧਿਆਨ ਕੇਂਦਰਿਤ ਕਰਨ ’ਚ ਲੈ ਰਹੀ ਹੈ ਦਿਲਚਸਪੀ

ਮੁੰਬਈ, 31 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਰ.ਆਈ.ਐਲ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਟੈਲੀਕਾਮ ਅਤੇ ਡੈਟਾ ਨੈਟਵਰਕ ਤੋਂ ਇਲਾਵਾ ਖੇਤੀਬਾੜੀ ਉਤਪਾਦਕਤਾ, ਫੂਡ ਪ੍ਰੋਸੈਸਿੰਗ ਉਦਯੋਗ, ਉਤਪਾਦਨ ਸੁਵਿਧਾਵਾਂ ਅਤੇ ਪ੍ਰਚੂਣ ਸਣੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋ ਗਏ ਹਨ। ਮੁੱਖ ਮੰਤਰੀ ਅੱਜ ਮੁੰਬਈ ਵਿਖੇ ਪਹੁੰਚਣ ਤੋਂ ਛੇਤੀ ਬਾਅਦ ਅੰਬਾਨੀ ਨੂੰ ਮਿਲੇ ਜਿੱਥੇ ਉਨ੍ਹਾਂ ਨੇ ਸੀ.ਆਈ.ਆਈ. ਦੀ ਬੁੱਧਵਾਰ ਨੂੰ ਹੋਣ ਵਾਲੀ ‘ਇਨਵੈਸਟ ਨਾਰਥ’ ਮੀਟਿੰਗ ਨੂੰ ਸੰਬੋਧਨ ਕਰਨਾ ਹੈ। ਦੋਵਾਂ ਨੇ ਪਹਿਲਾਂ ਆਪਸ ਵਿੱਚ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਵਫਦ ਪੱਧਰ ਦੀ ਗੱਲਬਾਤ ਹੋਈ ਜਿਸ ਵਿੱਚ ਆਰ.ਆਈ.ਐਲ. ਨੇ ਜੀਓ ਟੈਲੀਕਾਮ ਸੇਵਾਵਾਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਕੀਤੀ। ਇਹ ਕੰਪਨੀ ਪੰਜਾਬ ਵਿੱਚ ਆਪਣਾ ਹੋਰ ਪਸਾਰ ਕਰਨਾ ਚਾਹੁੰਦੀ ਹੈ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਰ.ਆਈ.ਐਲ. ਪੰਜਾਬ ’ਤੇ ਆਪਣਾ ਧਿਆਨ ਕੇਂਦਰਿਤ ਕਰਨ ਵਿੱਚ ਦਿਲਚਸਪੀ ਲੈ ਰਹੀ ਹੈ ਕਿਉਂਕਿ ਸੂਬੇ ਦੇ ਉਦਯੋਗ ਅਤੇ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਸੁਧਾਰਵਾਦੀ ਕਦਮਾਂ ਦੇ ਕਾਰਨ ਕੰਪਨੀ ਵੱਲੋਂ ਆਪਣੀ ਵਿਸ਼ੇਸ਼ ਤੌਰ ’ਤੇ ਦਿਲਚਸਪੀ ਵਿਖਾਈ ਹੈ। ਮੁੱਖ ਮੰਤਰੀ ਨਾਲ ਸਹਿਮਤੀ ਜਤਾਉਂਦੇ ਹੋਏ ਅੰਬਾਨੀ ਨੇ ਰੋਜ਼ਗਾਰ ਪੈਦਾ ਕਰਨ ਲਈ ਤਕਨਾਲੋਜੀ ਦੀ ਤਾਇਨਾਤੀ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦੇ ਸਬੰਧ ਵਿੱਚ ਚੰਡੀਗੜ੍ਹ ਵਿਖੇ ਆਪਣੀ ਸਮਰਪਿਤ ਟੀਮ ਦੀ ਸਥਾਪਤੀ ਦੀ ਸੁਝਾਅ ਦਿੱਤਾ ਹੈ। ਆਰ.ਆਈ.ਐਲ. ਦੇ ਚੇਅਰਮੈਨ ਨੇ ਕਿਹਾ ਕਿ ਡੈਟਾ ਇਕ ਨਵੀਂ ਕਰੰਸੀ ਹੈ ਅਤੇ ਨਵੇਂ ਵਿਕਾਸ ਮਾਡਲ ਨੂੰ ਡੈਟਾ ਦੁਆਲੇ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੰਪਰਕ ਅਤੇ ਬਰਾਡਬੈਂਡ ਦੋਵਾਂ ਦੇ ਸਬੰਧ ਵਿੱਚ ਟੈਲੀਕਾਮ ਦੇ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕੇ ਜਾਣ ਦੀ ਸ਼ਨਾਖਤ ਕੀਤੀ ਕਿਉਂਕਿ ਇਹ ਪ੍ਰਮੁੱਖ ਖੇਤਰ ਹੈ ਜਿੱਥੇ ਪੰਜਾਬ ਵੱਲੋਂ ਮੌਕੇ ਤਲਾਸ਼ੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟੈਲੀਕਾਮ ਸੈਕਟਰ ਨੂੰ ਮਜ਼ਬੂਤ ਬਣਾਉਣ ਅਤੇ ਟਾਵਰ ਸਥਾਪਿਤ ਕਰਨ ਦੇ ਲਈ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਖੁਸ਼ ਹੋਵੇਗੀ। ਇਸ ਡੈਟਾ ਨੂੰ ਇਕ ਨਵੇਂ ਉਭਾਰ ਦੇ ਰੂਪ ਵਿੱਚ ਦੇਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ‘ਚੌਥੀ ਸਨਅਤੀ ਕਰਾਂਤੀ’ ਦਾ ਹਿੱਸਾ ਬਣਨ ਲਈ ਉਤਸੁਕ ਹੈ ਅਤੇ ਇਹ 18 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਮੁਹੱਈਆ ਕਰਾਉਣ ਦਾ ਆਪਣਾ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਜਿਸ ਵਿੱਚ ਇਕ ਸਾਲ ਗੱਲ ਕਰਨ ਲਈ ਮੁਫਤ ਸਮਾਂ/ਡੈਟਾ ਦਿੱਤੇ ਜਾਣਗੇ।

WRITTEN BY