Skip to content
Independent perspectives. Global stories.
BREAKING

ਅਮਰੀਕਾ ਵੱਲੋਂ ਪਾਕਿਸਤਾਨ ਨੂੰ ਝਾੜ

Share this story

ਅਮਰੀਕਾ ਦਾ ਦੱਖਣੀ ਏਸ਼ੀਆ ਸਬੰਧੀ ਨਜ਼ਰੀਆ ਤੇਜ਼ੀ ਨਾਲ ਬਦਲ ਰਿਹਾ ਪ੍ਰਤੀਤ ਹੋ ਰਿਹਾ ਹੈ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸਖ਼ਤ ਲਫ਼ਜ਼ਾਂ ’ਚ ਹਦਾਇਤ ਕੀਤੀ ਹੈ ਕਿ ਜੇਕਰ ਉਹ ਦਹਿਸ਼ਤਗਰਦ ਧੜਿਆਂ ਖ਼ਿਲਾਫ਼ ‘ਫ਼ੈਸਲਾਕੁਨ’ ਕਾਰਵਾਈ ਕਰਨ ’ਚ ਨਾਕਾਮ ਰਿਹਾ ਤਾਂ ਅਮਰੀਕਾ ਆਪਣੀ ਰਣਨੀਤੀ ’ਚ ਬਦਲਾਅ ਕਰਕੇ ਵਖਰੇ ਢੰਗ ਨਾਲ ਇਸ ਮੰਤਵ ਨੂੰ ਹਾਸਲ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਸ਼੍ਰੀ ਰੈਕਸ ਟਿਲਰਸਨ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਦਹਿਸ਼ਤੀ ਗੁਟਾਂ ਖ਼ਿਲਾਫ਼ ਕਾਰਵਾਈ ਕਰਕੇ ਆਪਣੀ ਧਰਤੀ ਤੋਂ ਸੁਰਖਿਅਤ ਟਿਕਾਣਿਆਂ ਨੂੰ ਨਸ਼ਟ ਕਰੇ।।ਸ਼੍ਰੀ ਟਿਲਰਸਨ ਵਲੋਂ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਪਲੇਠੇ ਦੌਰੇ ਦੀ ਸਮਾਪਤੀ ਦੇ ਇਕ ਦਿਨ ਬਾਅਦ ਇਹ ਬਿਆਨ ਆਇਆ ਹੈ। ਅਮਰੀਕਾ ਸਰਕਾਰ ਦਾ ਇਹ ਰੁੱਖ ਕਈ ਪੱਖਾਂ ਤੋਂ ਅਹਿਮ ਹੈ। ਭਾਵੇਂ ਇਸ ਤੋਂ ਪਹਿਲਾਂ ਵੀ ਅਮਰੀਕਾ ਸਰਕਾਰ ਪਾਕਿਸਤਾਨ ਨੂੰ ਕਈ ਵਾਰ ਚੇਤਾਵਨੀ ਦੇ ਚੁੱਕੀ ਹੈ। ਪ੍ਰੰਤੂ ਨਵੇਂ ਹਾਲਾਤਾਂ ਵਿੱਚ ਅਮਰੀਕਾ ਦਾ ਰੁੱਖ ਕੁਝ ਸਖਤ ਜਾਪ ਰਿਹਾ ਹੈ। ਅਮਰੀਕਾ ਪਾਕਿਸਤਾਨ ਤੋਂ ਨਤੀਜਾਜਨਕ ਕਾਰਵਾਈ ਦੀ ਉਮੀਦ ਕਰ ਰਿਹਾ ਹੈ। ਬੇਸ਼ਕ ਪਾਕਿਸਤਾਨ ਇਕ ਖੁਦਮੁਖਤਿਆਰ ਮੁਲਕ ਹੈ ਪ੍ਰੰਤੂ ਉਸ ਨੂੰ ਅਮਰੀਕਾ ਦੀ ਗਲ ਸਮਝਣੀ ਚਾਹੀਦੀ ਹੈ। ਅਮਰੀਕਾ ਦਾ ਪਾਕਿਸਤਾਨ ਪ੍ਰਤੀ ਨਜ਼ਰੀਆ ਬਦਲਿਆ ਹੋਇਆ ਹੈ। ਉਸ ਦੀ ਵਿਦੇਸ਼ ਨੀਤੀ ਵਿੱਚ ਭਾਰਤ ਪ੍ਰਤੀ ਝੁਕਾਅ ਸਾਫ ਨਜ਼ਰ ਆ ਰਿਹਾ ਹੈ। ਅਮਰੀਕਾ ਅਤੇ ਭਾਰਤ ਕਈ ਖੇਤਰਾਂ ਵਿੱਚ ਆਪਸੀ ਸਹਿਯੋਗ ਕਰ ਰਹੇ ਹਨ। ਦੋਵੇਂ ਦੇਸ਼ਾਂ ਵੱਲੋਂ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਆਪਣੀ ਸਰਜ਼ਮੀਨ ਤੋਂ ਚਲਾਏ ਜਾ ਰਹੇ ਦਹਿਸ਼ਤਵਾਦ ਦੇ ਢਾਂਚੇ ਨੂੰ ਤਬਾਹ ਕਰੇ ਕਿਉਂਕਿ ਇਸ ਮੁਲਕ ’ਚ ਦਹਿਸ਼ਤਗਰਦਾਂ ਦੇ ਸੁਰਖਿਅਤ ਟਿਕਾਣਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਤੇ ਅਮਰੀਕੀ ਵਿਦੇਸ਼ ਮੰਤਰੀ ਸ਼ੀ ਰੈਕਸ ਟਿਲਰਸਨ ਦਰਮਿਆਨ ਨਵੀਂ ਦਿੱਲੀ ਵਿਖੇ ਕਈ ਮਸਲਿਆਂ ’ਤੇ ਹੋਈ ਚਰਚਾ ਦੌਰਾਨ ਵੀ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਇਸ ਖਿਤੇ ਖਾਸ ਤੌਰ ’ਤੇ ਅਫ਼ਗ਼ਾਨਿਸਤਾਨ ’ਚ ਸ਼ਾਂਤੀ ਤੇ ਸੁਰਖਿਆ ਯਕੀਨੀ ਬਣਾਉਣ ਲਈ ਇਸਲਾਮਾਬਾਦ ਨੂੰ ਦਹਿਸ਼ਤਵਾਦੀ ਜਥੇਬੰਦੀਆਂ ਖ਼ਿਲਾਫ਼ ਠੋਸ ਕਦਮ ਚੁਕਣ ਦੀ ਲੋੜ ਹੈ। ਭਾਰਤ ਅਤੇ ਅਮਰੀਕਾ ਦੀ ਨਵੀਂ ਦਿੱਲੀ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਵੀ ਇਸ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਾਕਿਸਤਾਨ ਨੂੰ ਸਥਿਤੀ ਦੀ ਨਾਜ਼ੁਕਤਾ ਸਮਝਣੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ

WRITTEN BY