ਰਾਮਪੁਰਾ ਫੂਲ, 26 ਅਕਤੂਬਰ (ਕੁਲਜੀਤ ਢੀਂਗਰਾ)- ਸੂਬਾ ਕਮੇਟੀ ਦੇ ਸੱਦੇ ਉਪਰ ਮੈਡੀਕਲ ਪ੍ਰੈਕਟੀਸ਼ਨਰਜ ਐਸੋਸਿਏਸ਼ਨ ਬਲਾਕ ਰਾਮਪੁਰਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਜੀ.ਐਸ.ਟੀ ਦੇ ਵਿਰੋਧ ਵਿੱਚ ਫੂਲ ਟਾਊਨ ਵਿਖੇ ਅੱਜ ਦੁਪਿਹਰ ਰੋਸ਼ ਰੈਲੀ ਕੱਢੀ ਗਈ।ਇਸ ਦੌਰਾਨ ਐਸੋਸਿਏਸ਼ਨ ਦੇ ਮੈਂਬਰਾਂ ਵੱਲੋਂ ਐਸ.ਡੀ.ਐਮ. ਫੂਲ ਸੁਭਾਸ਼ ਖਟਕ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਜਿਲਾ ਪ੍ਰਧਾਨ ਡਾਕਟਰ ਜਗਤਾਰ ਸਿੰਘ ਫੂਲ ਨੇ ਕਿਹਾ ਕਿ ਜੀ.ਐਸ.ਟੀ. ਲਾਗੂ ਹੋਣ ਕਾਰਣ ਸਮਾਜ ਦਾ ਹਰ ਵਰਗ ਕਾਫੀ ਪ੍ਰਭਾਵਿਤ ਹੋਇਆ ਹੈ।ਇਸ ਦਾ ਸਭ ਤੋਂ ਮਾੜਾ ਅਸਰ ਵਪਾਰ ਤੇ ਪਿਆ ਹੈ ਅਤੇ ਵਪਾਰੀ ਵਰਗ ਨੂੰ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜੀ.ਐਸ.ਟੀ. ਲਾਗੂ ਹੋਣ ਤੋਂ ਬਾਦ ਜੀਵਨ ਰਕਸ਼ਕ ਦਵਾਈਆਂ ਦੀ ਕੀਮਤ ਵਿੱਚ ਵਾਧਾ ਹੋਣ ਕਾਰਣ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਸੂਬਾ ਕਮੇਟੀ ਮੈਂਬਰ ਡਾਕਟਰ ਹਰਦੇਵ ਸ਼ਰਮਾ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਪੱਛਮੀ ਬੰਗਾਲ ਦੀ ਤਰਜ ਤੇ ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਹੈਲਥ ਵਰਕਰ ਦਾ ਦਰਜਾ ਦੇਣ ਦਾ ਕੀਤਾ ਗਿਆ ਵਾਅਦਾ ਸਰਕਾਰ ਬਣਨ ਤੋਂ ਸੱਤ ਮਹੀਨੇ ਬਾਦ ਵੀ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਣ ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਾਨੂੰ ਰੋਸ਼ ਰੈਲੀਆਂ ਕੱਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸ ਮੌਕੇ ਬਲਾਕ ਚੇਅਰਮੈਨ ਡਾ. ਹਰਜਿੰਦਰ ਸਿੰਘ, ਜਨਰਲ ਸਕੱਤਰ ਡਾ. ਮਲਕੀਤ ਸਿੰਘ ਸੰਧੂ ਖੁਰਦ, ਖਜਾਨਚੀ ਡਾ. ਕੌਰ ਸਿੰਘ ਫੂਲ, ਪ੍ਰੈਸ ਸਕੱਤਰ ਡਾ. ਦਰਸ਼ਨ ਜਿੰਦਲ, ਸਹਾਇਕ ਖਜਾਨਚੀ ਡਾ. ਹਰਵਿੰਦਰ ਸਿੰਘ, ਸਲਾਹਕਾਰ ਡਾ. ਇਕਬਾਲ ਸਿੰਘ, ਸਹਾਇਕ ਸਕੱਤਰ ਡਾ. ਗੁਰਾਂਦਿੱਤਾ, ਕਾਨੂੰਨੀ ਸਲਾਹਕਾਰ ਡਾ. ਭਰਥਰੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਐਸੋਸਿਏਸ਼ਨ ਦੇ ਮੈਂਬਰ ਹਾਜਰ ਸਨ।
ਜੀ.ਐਸ.ਟੀ ਦੇ ਵਿਰੋਧ ’ਚ ਫੂਲ ਟਾਊਨ ਵਿਖੇ ਰੋਸ ਰੈਲੀ



