Skip to content
Independent perspectives. Global stories.
BREAKING

ਜਲ ਸਪਲਾਈ ਤੇ ਸੈਨੀਟੈਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੰਗਾਂ ਲਈ 7 ਨਵੰਬਰ ਨੂੰ ਪਰਿਵਾਰਾਂ ਸਮੇਤ ਹੈਡ ਆਫਿਸ ਦਾ ਕੀਤਾ ਜਾਵੇਗਾ ਘੇਰਾਓ : ਵਰਿੰਦਰ ਸਿੰਘ ਮੋਮੀ

Share this story

ਸ਼ਾਹਕੋਟ – ਜਲ ਸਪਲਾਈ ਅਤੇ ਸੈਨੀਟੈਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜ਼ਿ.31) ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਦੀ ਯਮਲਾ ਜੱਟ ਪਾਰਕ ਵਿਖੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਟੇਟ ਕਮੇਟੀ ਦੇ ਮੈਂਬਰ, ਵੱਖ ਵੱਖ ਜ਼ਿਲਿਆਂ ਦੇ ਪ੍ਰਧਾਨ, ਜਨਰਲ ਸਕੱਤਰ ਤੇ ਸਰਕਲ ਪ੍ਰਧਾਨਾਂ ਨੇ ਹਿੱਸਾ ਲਿਆ। ਇਸ ਸਬੰਧੀ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਅਤੇ ਜਸਵੀਰ ਸਿੰਘ ਸੀਰਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਲੁਧਿਆਣਾ ਵਿਖੇ ਆਯੋਜਿਤ ਮੀਟਿੰਗ ਦੇ ਦੌਰਾਨ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਣ ਰੋਕਣ, ਪਿਛਲੇ ਸਮੇਂ ਦੌਰਾਨ ਕੀਤੇ ਗਏ ਘੋਲਾਂ, ਕੱਢੇ ਗਏ ਵਰਕਰਾਂ ਦੀ ਬਹਾਲੀ, ਲੁਧਿਆਣਾ ਐਸ.ਸੀ ਵਲੋਂ ਜਾਰੀ ਨਵੇਂ ਰੇਟਾਂ ਦੀ ਚਿੱਠੀ ਨੂੰ ਲਾਗੂ ਕਰਵਾਉਣ, ਸਬ ਕਮੇਟੀ ਦਫਤਰੀ ਸਟਾਫ ਦੇ ਘੋਲਾਂ,ਥਰਮਲਾਂ ਦੇ ਕਾਮਿਆਂ ਦੀ 7 ਨਵੰਬਰ ਦੀ ਪਟਿਆਲਾ ਰੈਲੀ ਵਿੱਚ ਹਿੱਸਾ ਲੈਣ, ਇਨਲਿਸਟ ਪਾਲਸੀ ਨੂੰ ਤੋੜਨ ਸਮੇਤ ਜਲ ਸਪਲਾਈ ਦੇ ਕੰਟਰੈਕਟ ਵਰਕਰਾਂ ਦੀਆਂ ਹੋਰ ਜਾਇਜ ਮੰਗਾਂ ਦੇ ਸਬੰਧ ਵਿੱਚ ਪਟਿਆਲਾ ਹੈਡ ਆਫਿਸ ਦਾ ਘੇਰਾਓ ਕਰਨ ਸਮੇਤ 15 ਦੇ ਕਰੀਬ ਵੱਖ ਵੱਖ ਏਜੰਡਿਆ ’ਤੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਸੰਬੋਧਨ ਕਰਦਿਆ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜ਼ਿ.31) ਦੇ ਦਬਾਅ ਸਦਕਾ ਨਵੇਂ ਰੇਟਾਂ ਦੀ ਚਿੱਠੀ ਐਸ.ਸੀ. ਲੁਧਿਆਣਾ ਵਲੋਂ ਕੱਢੀ ਗਈ ਹੈ, ਇਸ ਚਿੱਠੀ ਮੁਤਾਬਿਕ ਕਾਮਿਆਂ ਦੇ ਰੇਟ ਲਾਗੂ ਕਰਵਾਉਣ ਲਈ ਜੀਤੋੜ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਣ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਯੂਨੀਅਨ ਵਲੋਂ ਇਸਦੇ ਵਿਰੋਧ ਵਿੱਚ ਉਲੀਕੇ ਗਏ ਜਾਗਰੂਕਤਾ ਪ੍ਰੋਗਰਾਮ ਨੂੰ ਭਵਿੱਖ ਵਿੱਚ ਜਾਰੀ ਰੱਖਿਆ ਜਾਵੇਗਾ। ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨਲਿਸਟਮੈਂਟ ਪਾਲਸੀ ਨੂੰ ਤੋੜ ਕੇ ਕੰਟਰੈਕਟ ਵਰਕਰਾਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਅੰਦਰ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹਿਣਗੇ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਕਤੂਬਰ ਦੇ ਪਹਿਲਾਂ ਹਫਤੇ ਜੱਥੇਬੰਦੀ ਨਾਲ ਦੁਬਾਰਾ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ ਲੇਕਿਨ ਤ੍ਰਾਂਸਦੀ ਇਹ ਹੈ ਕਿ ਹਾਲੇ ਤੱਕ ਨਾ ਤਾਂ ਮਹਿਕਮੇ ਦੇ ਮੰਤਰੀ ਵਲੋਂ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਨਾ ਹੀ ਯੂਨੀਅਨ ਦੀਆਂ ਮੰਗਾਂ ਦਾ ਹੱਲ ਕੀਤਾ ਗਿਆ ਹੈ। ਜਿਸਦੇ ਕਾਰਨ ਯੂਨੀਅਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਹੁਣ ਸਟੇਟ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਲੁਧਿਆਣਾ ਐਸ.ਸੀ. ਵਲੋਂ ਜਾਰੀ ਨਵੇਂ ਰੇਟਾਂ ਦੀ ਚਿੱਠੀ ਨੂੰ ਲਾਗੂ ਕਰਵਾਉਣ, ਇਨਲਿਸਟਮੈਂਟ ਪਾਲਸੀ ਨੂੰ ਤੋੜਨ ਸਮੇਤ ਹੋਰਨਾਂ ਮੰਗਾਂ ਜਿਵੇਂ ਕਿ ਮੰਤਰੀ ਨਾਲ ਹੋਈ ਮੀਟਿੰਗ ਤੋਂ ਮੰਗਾਂ ਦਾ ਹੱਲ ਨਾ ਹੋਣ ਦੇ ਵਿਰੋਧ ਵਿੱਚ 7 ਨਵੰਬਰ ਨੂੰ ਹੈਡ ਆਫਿਸ ਪਟਿਆਲਾ ਅੱਗੇ ਪਰਿਵਾਰਾਂ ਸਮੇਤ ਸ਼ਾਂਤਮਈ ਢੰਗ ਨਾਲ ਧਰਨਾ ਦੇ ਕੇ ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਜਿਸਦੇ ਬਾਅਦ ਇਥੇ ਪਟਿਆਲਾ ਵਿਖੇ ਥਰਮਲਾਂ ਤੇ ਪਾਵਰ ਕਾਮ ਦੇ ਕਾਮਿਆਂ ਵਲੋਂ ਦਿੱਤੇ ਜਾਣ ਵਾਲੇ ਧਰਨੇ ਦੀ ਹਮਾਇਤ ਕੀਤੀ ਜਾਵੇਗੀ। ਇਸ ਐਕਸ਼ਨ ਦੀ ਤਿਆਰੀ ਸਬੰਧੀ ਸੂਬੇ ਭਰ ਵਿੱਚ ਜਿਲ੍ਹਾ ਪੱਧਰੀ ਜਨਰਲ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਦੇ ਦੌਰਾਨ ਵਰਕਰਾਂ ਨੂੰ ਆਪਣੇ ਪਰਿਵਾਰਾਂ ਸਮੇਤ ਧਰਨੇ ਵਿੱਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਤੇ ਵਿਭਾਗ ਵਲੋਂ ਯੂਨੀਅਨ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਲਦੀ ਹੀ ਸਟੇਟ ਕਮੇਟੀ ਦੀ ਮੀਟਿੰਗ ਬੁਲਾਅ ਕੇ ਸੰਘਰਸ਼ ਤੇਜ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਸਬ ਕਮੇਟੀ ਦਫਤਰੀ ਸਟਾਫ ਵਲੋਂ 15 ਨਵੰਬਰ ਨੂੰ ਮੋਹਾਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਵਰਕਰ ਵੀ ਸ਼ਾਮਿਲ ਹੋ ਕੇ ਹਮਾਇਤ ਕਰਨਗੇ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸਲਾਹਕਾਰ ਮਲਾਗਰ ਸਿੰਘ ਖਮਾਣੋ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁਢੇਵਾਲ, ਸੂਬਾ ਵਿੱਤ ਸਕੱਤਰ ਜਸਪ੍ਰੀਤ ਸਿੰਘ ਰੋਪੜ,ਸੀਨੀਅਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ, ਸੁਰੇਸ਼ ਕੁਮਾਰ ਮੁਹਾਲੀ,ਉਪ ਪ੍ਰਧਾਨ ਮਨਪ੍ਰੀਤ ਸਿੰਘ ਸੰਗਰੂਰ, ਸੰਦੀਪ ਖਾਂ ਬਠਿੰਡਾ, ਸਹਾਇਕ ਕੈਸ਼ੀਅਰ ਸੁਰਿੰਦਰ ਸਿੰਘ ਮਾਨਸਾ, ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ, ਜਸਵੀਰ ਸਿੰਘ ਸੀਰਾ,ਸਬ ਕਮੇਟੀ ਪ੍ਰਧਾਨ ਸੌਰਵ ਕਿੰਗਰ ਸੰਗਰੂਰ, ਦਫਤਰੀ ਸਕੱਤਰ ਉਕਾਰ ਸਿੰਘ ਹੁਸ਼ਿਆਰਪੁਰ, ਪ੍ਰਚਾਰ ਸਕੱਤਰ ਪ੍ਰਦੂਮਣ ਸਿੰਘ ਅਮ੍ਰਿਤਸਰ ਆਦਿ ਤੋਂ ਇਲਾਵਾ ਵੱਖ ਜਿਲ੍ਹਿਆ ਦੇ ਪ੍ਰਧਾਨ, ਜਨਰਲ ਸਕੱਤਰ ਤੇ ਸਰਕਲ ਪ੍ਰਧਾਨ ਵੀ ਹਾਜ਼ਰ ਸਨ।
– ਸੁਰਿੰਦਰ ਸਿੰਘ ਖਾਲਸਾ

WRITTEN BY