ਤਿਆਗ, ਕੁਰਬਾਨੀ, ਸੂਰਮਗਤੀ ਅਤੇ ਸੁਖਾਵਤ ਨੇ ਹਮੇਸ਼ਾ ਹੀ ਲੋਕ-ਮਨਾਂ ਨੂੰ ਟੁੰਬਿਆ ਹੈ ਅਤੇ ਅਜਿਹੇ ਗੁਣਾਂ ਵਾਲੇ ਲੋਕ ਹੀ ਲੋਕ ਪ੍ਰਤਿਭਾ ਨੂੰ ਟੁੰਬਦੇ ਅਤੇ ਪ੍ਰੇਰਤ ਕਰਦੇ ਹਨ। ਇਨ੍ਹਾਂ ਦੀ ਲੋਕਾਂ ਨੇ ਹਮੇਸ਼ਾਂ ਹੀ ਨਾਇਕਾਂ ਵਾਂਗ ਭਗਤੀ ਮੰਨਕੇ ਉਨ੍ਹਾਂ ਦੀ ਕੀਰਤੀ ਦੇ ਸਾਕੇ ਗਾਏ ਹਨ। ਪੰਜਾਬੀ ਦੇ ਪ੍ਰਸਿੱਧ ਲੋਕ-ਕਵੀਸ਼ਰ ਨੇ ਇਸ ਲੋਕ ਪ੍ਰਵਿਰਤੀ ਨੂੰ ਆਪਣੀ ਇਕ ਛੰਦ ਦੀ ਟੇਕ ਵਿੱਚ ਇਉਂ ਬਿਆਨ ਕੀਤਾ ਹੈ :
ਦਾਤੇ ਤੇ ਭਗਤ ਸੂਰਮੇ
ਤਿੰਨੇ ਜੱਗ ਜਿਉਂਦੇ ਐ।
ਲੋਕ ਗਥਾਵਾਂ ਦਾ ਹਰੇਕ ਅਧਿਅਨ ਉਪ੍ਰੋਕਤ ਕਥਨ ਦਾ ਸਮਰਥਨ ਕਰਦਾ ਹੈ। ਗਾਥਾ ਕਿਸੇ ਨਾਇਕ ਦੀ ਪ੍ਰੰਪਰਾਗਤ ਛੰਦ ਬੱਧ ਕੀਰਤੀ ਗਾਥਾ ਹੁੰਦੀ ਹੈ ਜਿਸ ਨੂੰ ਇਕ ਜਾਂ ਅਨੇਕ ਲੋਕ-ਕਵੀ ਇਕ ਜਾਂ ਅਨੇਕ ਛੰਦਾਂ ਵਿੱਚ ਸਿਰਜਕੇ, ਲੋਕ-ਪ੍ਰਵਾਹ ਵਿੱਚ ਵਿਖੇਰ ਦਿੰਦੇ ਹਨ। ਪੰਜਾਬੀ ਦਾ ਸਾਰਾ ਢਾਡੀ ਅਤੇ ਕਵੀਸ਼ਰੀ ਕਾਵਿ ਇਕਤੁਰਾਂ ਦਾ ਲੋਕ-ਮੁੱਖੀ ਗਾਥਾ ਕਾਵਿ ਹੈ। ਜਿਥੇ ਢਾਡੀ ਕਵਿਤਾ ਆਪਣੀਆਂ ਟੁੰਬਵੀਆਂ ਤੁਕਾਂ ਦੇ ਦੁਹਰਾਉ ਅਤੇ ਗੂੰਜਵੇਂ ਸਾਜਾਂ ਦੀ ਸੰਗਤ ਨਾਲ ਬਹਾਦਰਾਂ, ਯੋਧਿਆਂ ਅਤੇ ਸ਼ਹੀਦਾਂ ਦੀ ਕੀਰਤੀ ਦਾ ਗਾਇਨ ਕਰਕੇ ਸਰੋਤਿਆਂ ਨੂੰ ਹਰੇਕ ਕੁਰਬਾਨੀ ਲਈ ਤਿਆਰ ਕਰਦੀ ਹੈ ਉਥੇ ਸਾਜ ਤੋਂ ਬਿਨਾਂ ਕਵੀਸ਼ਰੀ ਬਹੁ-ਪੱਖੀਆਂ ਮਿਥਿਆਸਕ, ਇਤਿਹਾਸਕ, ਧਾਰਮਿਕ ਅਤੇ ਆਪਣੇ ਇਲਾਕੇ ਦੇ ਬੀਰ-ਬਹਾਦਰਾਂ, ਜੰਗੀਰੂ ਪ੍ਰੰਪਰਾ ਤੋਂ ਬਗਾਵਤ ਕਰਨ ਵਾਲੇ ਡਕੈਤਾਂ, ਸਿਰਲੱਥ ਸ਼ਹੀਦਾਂ, ਬਲਕਾਰ ਪ੍ਰੀਤਵਾਨਾਂ, ਸਿਦਕਵਾਨਾਂ, ਘੋਰ ਤੱਪ ਕਰਨ ਵਾਲੇ ਸੰਤਾਂ, ਪੀਰਾਂ, ਫਕੀਰਾਂ ਅਤੇ ਸਭਿਆਵਾਨ ਪ੍ਰਤੀਬੱਧ ਨਾਰੀਆਂ ਦੀ ਵਿਲੱਖਣਤਾ ਦਾ ਮੰਗਲ ਗਾਉਂਦੀ ਹੈ।
ਪੰਜਾਬੀਆਂ ਕੋਲ ਬੇਹ¤ਦ ਅਮੀਰ ਗਾਥਾ ਮੱਤ ਵਿਰਸਾ ਹੈ ਅਤੇ ਸਿੱਖ ਇਤਿਹਾਸ ਦੇ ਲਹੂ ਭਿਜੇ 500 ਵਰ੍ਹੇ ਅਜਿਹੀਆਂ ਸੂਰਮਗਤੀਆਂ ਅਤੇ ਸ਼ਹੀਦੀਆਂ ਨਾਲ ਭਰੇ ਪਏ ਹਨ ਜਿਨ੍ਹਾਂ ਦੇ ਸ਼ਹੀਦੀ ਸਾਕੇ ਪ੍ਰਸੰਗ ਤੇ ਦੀਵਾਨ ਸਾਰੇ ਸਿੱਖ ਸਮਾਜ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਦੇ ਹਨ। ਸਮਰੱਥ ਗਾਥਾ ਕਵੀਆਂ ਨੇ ਹਰੇਕ ਨਵੀਂ ਘਟਨਾ ਨੂੰ ਪੰਜਾਬੀ ਲੋਕ-ਗਾਥਾ ਕਾਵਿ ਦਾ ਅੰਗ ਬਣਾ ਦਿੱਤਾ ਹੈ। ਬੇਸ਼ੱਕ ਬਹੁਤ ਸਾਰੀਆਂ ਗਥਾਵਾਂ ਪ੍ਰਸੰਗ ਅਤੇ ਢਾਡੀ ਵਾਰਾਂ ਅਤੇ ਵਿਸ਼ਸਟ ਲੋਕ ਕਵੀ ਕਵੀਸ਼ਰ ਹੀ ਲਿਖਦੇ ਹਨ ਅਤੇ ਇਹ ਹਕੀਕਤ ਹੈ ਕਿ ਹਰੇਕ ਕਵੀਸ਼ਰ ਜਾਂ ਗਾਉਣ ਵਾਲਾ ਖੁਦ ਰਚਨਾਤਮਕ ਕਵੀ ਨਹੀਂ ਹੁੰਦਾ ਜਾਂ ਤਾਂ ਉਹ ਆਪਣੇ ਉਸਤਾਦ ਦੀ ਕ੍ਰਿਪਾ ਕਵਿਤਾ ਗਾਉਂਦਾ ਹੈ ਜਾਂ ਹੋਰਨਾਂ ਪ੍ਰਸਿੱਧ ਕਵੀਸ਼ਰਾਂ ਦੀਆਂ ਰਚਨਾਵਾਂ ਉ¤ਤੇ ਝੂਠੀ ਚਾਦਰ ਪਾ ਕੇ ਗਾਉਣ ਲਗਦਾ ਹੈ। ਹੋਰ ਚੋਰੀਆਂ ਵਾਂਗ ਸਾਹਿਤ ਦੀ ਇਹ ਚੋਰੀ ਵੀ ਵਿਸ਼ਵ ਵਿਆਪਕ ਹੈ। ਲੋਕ ਆਪਣੇ ਮਨ ਭਾਉਂਦੀ ਚੀਜ਼ ਨੂੰ ਅਪਣਾਕੇ ਯਾਦ ਰੱਖਦੇ ਹਨ ਉਨ੍ਹਾਂ ਨੂੰ ਸਿਰਜਕ ਨਾਲ ਕੋਈ ਸਾਰੋਕਾਰ ਨਹੀਂ ਹੁੰਦਾ ਇਸ ਲਈ ਹੀ ਕਿਸੇ ਸਮੇਂ ਵਿਸ਼ੇਸ਼ ਵਿਅਕਤੀਆਂ ਦਾ ਲਿਖਿਆ ਸਾਹਿਤ ਆਪਣੇ ਸਿਰਜਕ ਦੇ ਨਾਂ ਦੀ ਕਲੰਗੀ ਲਾ ਕੇ ਲੋਕ -ਧਾਰਾ ਵਿੱਚ ਵਿਲੀਨ ਹੋ ਕੇ ਲੋਕ ਸਾਹਿਤ ਬਣ ਜਾਂਦਾ ਹੈ। ਗਥਾਵਾਂ ਨਾਲ ਸਬੰਧਤ ਕਵੀਸ਼ਰੀ ਅਤੇ ਢਾਡੀ ਗਾਈਕੀਆਂ ਨੂੰ ਹਰ ਪ੍ਰਕਾਰ ਦੇ ਉਤੇਜਕ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ ਅਤੇ ਰਾਜਸੀ ਪਾਰਟੀਆਂ ਅਜੋਕੇ ਸਾਧਨ ਅਤੇ ਸਰਕਾਰੀ ਏਜੰਸੀਆਂ ਇੰਨਾ ਕਾਵਿ ਰੂਪਾਂ ਨੂੰ ਆਪਣੇ-ਆਪਣੇ ਉਦੇਸ਼ਾਂ ਲਈ ਬੜੀ ਸੌਖ ਨਾਲ ਵਰਤਦੀਆਂ ਹਨ। ਕਿਸੇ ਗੱਲ ਦਾ ਪ੍ਰਚਾਰ ਜਿਸ ਸੌਖ ਤੇ ਵਿਆਪਕਤਾ ਨਾਲ ਲੋਕ ਗਾਇਕ ਕਰ ਸਕਦੇ ਹਨ ਸ਼ਾਇਦ ਕੋਈ ਹੋਰ ਵਿਸ਼ਸ਼ਟ ਪ੍ਰਚਾਰਕ ਨਹੀਂ ਕਰ ਸਕਦਾ। ਇਸ ਲਈ ਅਜਿਹੀਆਂ ਲੋਕ ਪ੍ਰੰਪਰਾਵਾਂ ਵੀ ਅਜੋਕੇ ਵਿਕਸਤ ਸੰਚਾਰ ਸਾਧਨ ਭਰਪੂਰ ਕਰਦੇ ਹਨ।
ਜਿਸ ਤਰ੍ਹਾਂ ਦੀ ਗਾਇਕੀ ਅੱਜ ਕੱਲ੍ਹ ਪ੍ਰਚੱਲਤ ਅਤੇ ਪ੍ਰਫੁਲਤ ਹੋ ਰਹੀ ਹੈ ਉਸ ਵਿੱਚ ਲੋਕ ਗਥਾਵਾਂ ਨੂੰ ਕੋਈ ਵਿਸ਼ੇਸ਼ ਸਥਾਨ ਨਹੀਂ ਮਿਲ ਰਿਹਾ। ਲੋਕ ਗਥਾਵਾਂ ਨੂੰ ਸੁਣਨ ਵਾਲੇ ਅਤੇ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਪਰ ਨਵੇਂ ਗਾਇਕਾਂ ਨੇ ਇਸ ਪਾਸੇ ਧਿਆਨ ਹੀ ਘੱਟ ਦਿੱਤਾ ਹੈ। ਮੇਰੀ ਜਾਚੇ ਜੋ ਵੀ ਗਾਇਕ ਇਸ ਖੇਤਰ ਨੂੰ ਗੰਭੀਰਤਾ ਨਾਲ ਅਪਣਾਵੇਗਾ ਅਤੇ ਲੋਕ ਗਥਾਵਾਂ ਨੂੰ ਸ਼ਿਦਤ ਨਾਲ ਗਾਵੇਗਾ, ਉਹ ਹੋਰਨਾਂ ਗਾਇਕਾਂ ਦੇ ਮੁਕਾਬਲੇ ਜਲਦੀ ਸਥਾਪਤ ਹੋਵੇਗਾ। ਸੰਚਾਰ ਦੇ ਇਸ ਯੁੱਗ ਵਿੱਚ ਲੋਕ ਗਥਾਵਾਂ ਨੂੰ ਗਾਉਣਾ ਅਤੇ ਫਿਲਮਾਉਣਾ ਬਹੁਤ ਸੌਖਾ ਅਤੇ ਸਸਤਾ ਹੋ ਗਿਆ ਹੈ। ਜਿਵੇਂ ਕਿ ਮੈਂ ਆਰੰਭ ਵਿੱਚ ਦੱਸਿਆ ਹੈ ਕਿ ਲੋਕ ਗਥਾਵਾਂ ਲੋਕ ਮਨਾਂ ਦੇ ਨੇੜੇ ਹੁੰਦੀਆਂ ਹਨ ਅਤੇ ਜੋ ਵੀ ਚੀਜ਼ ਲੋਕ ਮਨਾਂ ਦੇ ਨੇੜੇ ਹੋਵੇਗੀ, ਸੁਭਾਵਕ ਹੀ ਹੈ ਲੋਕ ਉਸ ਨੂੰ ਪਿਆਰ ਕਰਨਗੇ। ਸੋ, ਜੋ ਵੀ ਗਾਇਕ ਲੋਕ ਗਥਾਵਾਂ ਨੂੰ ਪਿਆਰ ਨਾਲ ਗਾਵੇਗਾ, ਉਹ ਲੋਕਾਂ ਦਾ ਪਿਆਰ ਵੀ ਪਾਵੇਗਾ ਅਤੇ ਸਤਿਕਾਰ ਵੀ ਖੱਟੇਗਾ ਅਤੇ ਪੈਸੇ ਦੀ ਉਸ ਨੂੰ ਕੋਈ ਕਮੀ ਨਹੀਂ ਰਹੇਗੀ।



