Skip to content
Independent perspectives. Global stories.
BREAKING

ਅੱਜ ਸਿੱਖ ਜਗਤ ਨੂੰ ਲੋੜ ਹੈ ਦਬੰਗ ਲੀਡਰਸ਼ਿਪ ਦੀ

Share this story

ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦੀ ਮਾਨਤਾ ਹੈ ਕਿ ਸਿੱਖ ਪੰਥ ਅੱਜ ਜਿਨ੍ਹਾਂ ਗੰਭੀਰ ਅਤੇ ਦੁਬਿਧਾਪੂਰਣ ਹਾਲਾਤ ਵਿਚੋਂ ਲੰਘ ਰਿਹਾ ਹੈ, ਉਨ੍ਹਾਂ ਵਿਚੋਂ ਉਭਰਨ ਲਈ ਉਸਨੂੰ ਦਬੰਗ ਅਤੇ ਸਮਰਪਿਤ ਲੀਡਰਸ਼ਿਪ ਦੀ ਲੋੜ ਹੈ। ਜਸਟਿਸ ਸੋਢੀ ਅਨੁਸਾਰ ਸਿੱਖ ਪੰਥ ਨੂੰ ਇਸ ਸਮੇਂ, ਜਦਕਿ ਉਸਨੂੰ ਦੁਬਿਧਾਪੂਰਣ ਹਾਲਾਤ ਵਿਚੋਂ ਉਪਜੀ ਨਿਰਾਸ਼ਾਭਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਵਿੱਚੋਂ ਉਸਨੂੰ ਅਜਿਹੀ ਲੀਡਰਸ਼ਿਪ ਹੀ ਉਭਾਰ ਸਕਦੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਪੁਰ ਅਧਾਰਿਤ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੇ ਪਾਲਣ ਪ੍ਰਤੀ ਸਮਰਪਿਤ ਹੋਣ ਦੇ ਨਾਲ ਹੀ ਉਸਦੇ ਰਾਜਸੀ ਹਿੱਤਾਂ ਦੀ ਰਖਿਆ ਕਰਨ ਦੇ ਸਮਰਥਾ ਰਖਦਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਆਮ ਸਿੱਖ ਇਹ ਮਹਿਸੂਸ ਕਰਨ ਤੇ ਮਜਬੂਰ ਹੋ ਰਿਹਾ ਹੈ ਕਿ ਉਸਦੀ ਵਰਤਮਾਨ ਲੀਡਰਸ਼ਿਪ, ਜੋ ਕਈ ਦਹਾਕਿਆਂ ਤੋਂ ਇਹ ਦਾਅਵਾ ਕਰਦਿਆਂ, ਕਿ ‘ਉਹ ਸਿੱਖ-ਪੰਥ ਦੇ ਰਾਜਸੀ ਅਤੇ ਧਾਰਮਕ ਹਿੱਤਾਂ-ਅਧਿਕਾਰਾਂ ਦੇ ਨਾਲ ਹੀ ਉਸਦੀਆਂ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧ ਰਹੇਗੀ’, ਉਸਦੀ ਅਗਵਾਈ ਕਰਦੀ ਚਲੀ ਆ ਰਹੀ ਹੈ, ਰਾਜਸੀ ਸੱਤਾ ਦੀ ਲਾਲਸਾ ਦੀ ਸ਼ਿਕਾਰ ਹੋ, ਆਪਣੀ ਸਵਾਰਥ-ਸਿੱਧੀ ਲਈ ਉਸਦਾ ਧਾਰਮਕ ‘ਘਾਣ’ ਕਰਨ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰੀ ਦਾ ਸ਼ਿਕਾਰ ਬਣਾਉਣ ਵਿੱਚ ਜੁਟ ਗਈ ਹੋਈ ਹੈ। ਉਸਦੀ ਇਸੇ ਨੀਤੀ ਦਾ ਹੀ ਨਤੀਜਾ ਹੈ ਕਿ ਜੋ ਸਿੱਖ-ਪੰਥ ਕਿਸੇ ਸਮੇਂ ਦੂਜਿਆਂ ਦੇ ਹਿੱਤਾਂ-ਅਧਿਕਾਰਾਂ ਅਤੇ ਧਾਰਮਕ ਮਾਨਤਾਵਾਂ ਆਦਿ ਦੀ ਰਖਿਆਾ ਲਈ ਜੂਝਦਾ ਤੇ ਕੁਰਬਾਨੀਆਂ ਕਰਦਾ ਚਲਾ ਆ ਰਿਹਾ ਸੀ, ਅੱਜ ਉਹ ਆਪ ਹੀ ਇਤਨਾ ਸ਼ਕਤੀਹੀਨ ਹੋ ਗਿਆ ਹੈ ਕਿ ਉਸਨੂੰ ਆਪਣੀਆਂ ਧਾਰਮਕ ਮਾਨਤਾਵਾਂ ਅਤੇ ਰਾਜਸੀ ਹਿੱਤਾਂ-ਅਧਿਕਾਰਾਂ ਦੀ ਰਖਿਆ ਲਈ ਦੂਜਿਆਂ ਦਾ ਮੁਥਾਜ ਹੋਣਾ ਪੈ ਰਿਹਾ ਹੈ ’ਤੇ ਉਹ (ਦੂਜੇ) ਉਸਦੀ ਇਸ ਕਮਜ਼ੋਰੀ ਦਾ ਲਾਭ ਉਠਾ, ਉਸੇ ਦੀ ਲੀਡਰਸ਼ਿਪ ਦੇ ਸਹਾਰੇ ਉਸਦਾ ਰਾਜਨੀਤਕ ਅਤੇ ਮਾਨਸਿਕ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਜਸਟਿਸ ਸੋਢੀ ਦੇ ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਜੇ ਸਿੱਖ-ਪੰਥ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕੀਤਾ ਜਾਏ ਤਾਂ ਇਹ ਕੌੜੀ ਸੱਚਾਈ ਉਭਰ, ਸਾਹਮਣੇ ਆ ਖੜੀ ਹੁੰਦੀ ਹੈ ਕਿ ਨਿੱਜ ਰਾਜਸੀ ਸਵਾਰਥ ਦੇ ਚਲਦਿਆਂ, ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਉਸਦੀ ਮਾਣ-ਮਰਿਆਦਾ ਦੇ ਨਾਲ ਹੀ ਸਿੱਖਾਂ ਦੀ ਅਡਰੀ ਪਛਾਣ ਤੇ ਉਨ੍ਹਾਂ ਦੇ ਹਿੱਤਾਂ-ਅਧਿਕਾਰਾਂ ਦੀ ਰਖਿਆ ਪ੍ਰਤੀ ਵਚਨਬੱਧ ਰਹਿਣ ਦਾ ਦਮ ਭਰ ਸਿੱਖਾਂ ਦੀ ਅਗਵਾਈ ਕਰਦੇ ਚਲੇ ਆ ਰਹੇ, ਸਿੱਖ ਨੇਤਾਵਾਂ ਵਿਚੋਂ ਕੋਈ ਕਾਂਗ੍ਰਸ ਦੀ ਝੋਲੀ ਚੜ੍ਹ ਉਸਦਾ ਗੁਣਗਾਨ ਅਤੇ ਕੋਈ ਭਾਜਪਾ ਦੀ ਉਂਗਲ ਫੜ੍ਹ ਉਸਦੇ ਸੋਹਿਲੇ ਗਾਉਂਦਿਆਂ ਚਲਣ ਲਗਾ ਹੈ। ਇਹੀ ਕਾਰਣ ਹੈ ਕਿ ਜਸਟਿਸ ਸੋਢੀ ਦੇ ਸ਼ਬਦਾਂ ਵਿਚ ਸਿੱਖ-ਪੰਥ ਅੱਜ ਲੀਡਰਸ਼ਿਪ ਤੋਂ ਵਾਂਝਿਆਂ ਹੋ ਭਟਕ ਰਿਹਾ ਹੈ। ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਹਿੱਤਾਂ-ਅਧਿਕਾਰਾਂ ਦੇ ਨਾਲ ਹੀ ਆਤਮ-ਸਨਮਾਨ ਦੀ ਰਖਿਆ ਲਈ ਕਿਸ ਪੁਰ ਵਿਸ਼ਵਾਸ ਕਰੇ ਅਤੇ ਕਿਸ ਪੁਰ ਨਾ ਕਰੇ? ॥
ਸੁਤੰਤਰ ਹੋਂਦ ਅਤੇ ਅਡਰੀ ਪਛਾਣ : ਜਿਥੇ ਕਈ ਸਿੱਖ ਵਿਦਵਾਨ ਅਤੇ ਬੁਧੀਜੀਵੀ ਵੱਡੀਆਂ-ਵੱਡੀਆਂ ਦਲੀਲਾਂ ਦੇ ਸਿੱਖਾਂ ਨੂੰ ਮੂਲ ਧਾਰਮਕ ਉਦੇਸ਼ਾਂ, ਮਾਨਤਾਵਾਂ ਆਦਿ ਤੋਂ ਭਟਕਾ ਦੇਣ ਨੂੰ ਹੀ ਆਪਣੀ ਵਿਸ਼ੇਸ਼ ਯੋਗਤਾ ਮੰਨਦੇ ਹਨ, ਉਥੇ ਹੀ ਧਾਰਮਕ ਮਾਨਤਾਵਾਂ ਨੂੰ ਸਮਰਪਿਤ ਕਈ ਸਜਣਾਂ ਦੀ ਮਾਨਤਾ ਹੈ ਕਿ ਸਿੱਖ ਧਰਮ ਅਤੇ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਇੱਕ ਵਿਦ੍ਰੋਹੀ (ਬਾਗੀ) ਪੰਥ ਦੇ ਰੂਪ ਵਿੱਚ ਸਥਾਪਤ ਕਰ ਉਸਨੂੰ ਸੰਕੁਚਿਤ (ਸੌੜੀ) ਧਾਰਮਕ ਵਿਚਾਰਧਾਰਾ, ਪਖੰਡਾਂ, ਕਰਮਕਾਂਡਾਂ ਅਤੇ ਜਬਰ-ਜ਼ੁਲਮ ਵਿਰੁੱਧ ਜੂਝਣ ਦੇ ਸੰਕਲਪ ਦਾ ਧਾਰਨੀ ਬਣਾਇਆ ਹੈ, ਜਿਸਨੂੰ ਬੁੱਧੀਜੀਵੀਆਂ, ਕਾਨੂਨਾਂ ਜਾਂ ਅਦਾਲਤਾਂ ਵਲੋਂ ਕਿਸੇ ਵਿਸ਼ੇਸ਼ ਧਾਰਮਕ ਪ੍ਰੀਭਾਸ਼ਾ ਦੀ ਸੀਮਾ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ।
ਦਿੱਲੀ ਗੁਰਦੁਆਰਾ ਕਮੇਟੀ ਵਿੱਚ ਬਦਲਾਉ: ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੀਆਂ ਪ੍ਰਬੰਧਕ ਕਮਟੀਆਂ ਦਾ ਪੁਨਰਗਠਨ ਕਰਨ ਦੇ ਨਾਲ ਹੀ ਕਮੇਟੀ ਦੇ ਅੰਦਰੂਨੀ ਪ੍ਰਬੰਧ ਨਾਲ ਸੰਬੰਧਤ ਵੀ ਕੁਝ ਫੇਰ-ਬਦਲ ਕੀਤਾ ਗਿਆ ਹੈ। ਇਸ ਫੇਰ-ਬਦਲ ਦੇ ਤਹਿਤ ਧਰਮ ਪ੍ਰਚਾਰ ਕਮੇਟੀ ਦੀ ਕਮਾਨ ਮੁੜ ਰਾਣਾ ਪਰਮਜੀਤ ਸਿੰਘ ਨੂੰ ਅਤੇ ਕਮੇਟੀ ਦੇ ਮੁੱਖ ਸਲਾਹਕਾਰ ਦੀਆਂ ਜ਼ਿਮੇਦਾਰੀਆਂ ਸ. ਕੁਲਮੋਹਨ ਸਿੰਘ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦਸਿਆ ਜਾਂਦਾ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਚਲਦਿਆਂ ਰਾਣਾ ਪਰਮਜੀਤ ਸਿੰਘ ਨੂੰ ਜਦੋਂ ਰਾਜਿੰਦਰ ਨਗਰ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਉਨ੍ਹਾਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਣ ਇਹ ਜ਼ਿਮੇਦਾਰੀਆਂ, ਕਮੇਟੀ ਦੇ ਮੁੱਖ ਸਲਾਹਕਾਰ ਸ. ਕੁਲਮੋਹਨ ਸਿੰਘ ਨੂੰ ਸੌਂਪ ਦਿੱਤੀਆਂ ਗਈਆਂ ਸਨ। ਹਾਲਾਂਕਿ ਸ. ਕੁਲਮੋਹਨ ਸਿੰਘ ਦੀ ਜਗ੍ਹਾ ਮੁੱਖ ਸਲਾਹਕਾਰ ਸ. ਮਹਿੰਦਰਪਾਲ ਸਿੰਘ ਚੱਡਾ ਨੂੰ ਥਾਪਿਆ ਗਿਆ ਸੀ, ਫਿਰ ਵੀ ਅਪ੍ਰਤੱਖ ਰੂਪ ਵਿੱਚ ਗੁਰਦੁਆਰਾ ਪ੍ਰਬੰਧ ਦੀਆਂ ਉਲਝਣਾਂ ਨਾਲ ਨਿਪਟਣ ਦੀ ਜ਼ਿਮੇਂਦਾਰੀ ਸ. ਕੁਲਮੋਹਨ ਸਿੰਘ ਹੀ ਨਿਭਾ ਰਹੇ ਸਨ। ਇਸਦਾ ਕਾਰਣ ਇਹ ਸੀ ਕਿ ਬੀਤੇ ਸਮੇਂ ਵਿੱਚ ਗੁਰਦੁਆਰਾ ਕਮੇਟੀ ਦੇ ਸਕਤੱਰ ਅਤੇ ਜਨਰਲ ਸਕਤੱਰ ਅਹੁਦੇ ਪੁਰ ਲੰਮੇਂ ਸਮੇਂ ਤਕ ਜ਼ਿਮੇਂਦਾਰੀਆਂ ਨਿਭਾਉਂਦਿਆਂ ਰਹਿਣ ਕਾਰਣ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਦੀਆਂ ਬਰੀਕੀਆਂ ਅਤੇ ਉਲਝਣਾ ਨੂੰ ਸਮਝਣ ਤੇ ਉਨ੍ਹਾਂ ਨੂੰ ਸੁਲਝਾਣ ਦਾ ਚੰਗਾ ਅਨੁਭਵ ਹੋਣ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦਾ ਵਿਸ਼ਵਾਸ ਵੀ ਪ੍ਰਾਪਤ ਹੈ, ਇਸੇ ਸਥਿਤੀ ਦੇ ਚਲਦਿਆਂ ਹੀ ਜਦੋਂ ਸ. ਮਨਜੀਤ ਸਿੰਘ ਜੀਕੇ ਨੇ 2013 ਵਿੱਚ ਗੁਰਦੁਆਰਾ ਚੋਣ ਜਿਤ ਪਹਿਲੀ ਵਾਰ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਦਾਰੀਆਂਾਂ ਸੰਭਾਲੀਆਂ ਤਾਂ ਉਸੇ ਸਮੇਂ ਉਨ੍ਹਾਂ ਸ. ਕੁਲਮੋਹਨ ਸਿੰਘ ਦੇ ਅਨੁਭਵ ਦਾ ਲਾਭ ਉਠਾਣ ਅਤੇ ਗੁਰਦੁਆਰਾ ਪ੍ਰਬੰਧ ਨਾਲ ਸੰਬੰਧਤ ਆਪਣੀਆਂ ਜ਼ਿਮੇਂਦਾਰੀਆਂ ਦਾ ਭਾਰ ਹਲਕਾ ਕਰਨ ਲਈ, ਉਨ੍ਹਾਂ ਨੂੰ ਕਮੇਟੀ ਦੇ ਮੁੱਖ ਸਲਾਹਕਾਰ ਦੀਆਂ ਜ਼ਿਮੇਦਾਰੀਆਂ ਸੌਂਪ ਦਿੱਤੀਆਂ ਸਨ।
ਉਧਰ ਰਾਣਾ ਪਰਮਜੀਤ ਸਿੰਘ, ਜਿਨ੍ਹਾਂ ਬੀਤੇ ਸਮੇਂ ਵਿੱਚ ਲਗਭਗ ਚਾਰ ਵਰ੍ਹੇਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਪੁਰ ਰਹਿੰਦਿਆਂ ਨਾ ਕੇਵਲ ਸੁਚਾਰੂ ਰੂਪ ਵਿੱਚ ਇਸ ਅਹੁਦੇ ਦੀਆਂ ਜ਼ਿਮੇਦਾਰੀਆਂ ਨੂੰ ਨਿਭਾਇਆ, ਸਗੋਂ ਧਰਮ ਪ੍ਰਚਾਰ ਵਿੱਚ ਕਈ ਨਵੀਆਂ ਪੈੜਾਂ ਵੀ ਕਾਇਮ ਕੀਤੀਆਂ, ਜਿਨ੍ਹਾਂ ਨੇ ਧਰਮ ਪ੍ਰਚਾਰ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਨਾ ਕੇਵਲ ਲੋਕਾਂ ਵਿੱਚ ਰੁਚੀ ਵਧੀ, ਸਗੋਂ ਕਮੇਟੀ ਦੇ ਮੁੱਖੀਆਂ ਪ੍ਰਤੀ ਵੀ ਉਨ੍ਹਾਂ ਦੇ ਵਿਸ਼ਵਾਸ ਨੂੰ ਦ੍ਰਿੜ੍ਹ ਕੀਤਾ।
ਕਨਾਡਾ ਦੀ ਰਾਜਨੀਤੀ ਵਿੱਚ ਸਿੱਖ ਦਾ ਉਭਾਰ: ਕਨਾਡਾ ਦੇ ਪੰਜਾਬੀ ਸਮਾਚਾਰਪਤੱਰ ਸਮੂਹ ਨੇ ਕਨਾਡਾ ਦੀ ਰਾਜਨੀਤਕ ਪਾਰਟੀ ਐਨਡੀਪੀ ਦੇ ਨੇਤਾ ਦੀ ਹੋਈ ਚੋਣ ਵਿੱਚ ਇੱਕ ਸਿੱਖ, ਸ. ਜਗਮੀਤ ਸਿੰਘ ਦੀ ਹੋਈ ਰਿਕਾਰਡ ਜਿੱਤ ਦਾ ਸਵਾਗਤ ਕਰਦਿਆਂ, ਉਨ੍ਹਾਂ ਨੂੰ ਕਨਾਡਾ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਗਲ ਵਿੱਚ ਕੋਈ ਸ਼ਕ ਨਹੀਂ ਕਿ ਸੰਨ-2017 ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਐਨਡੀਪੀ ਵਲੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ ਜਾਣਾ ਨਿਸ਼ਚਿਤ ਹੈ। ਪ੍ਰੰਤੂ ਹੁਣੇ ਤੋਂ ਇਹ ਮੰਨ ਲਿਆ ਜਾਣਾ ਕਿ ਉਹ ਕਨਾਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ, ਸਮੇਂ ਤੋਂ ਬਹੁਤ ਪਹਿਲਾਂ ਕੀਤੀ ਗਈ ਭਵਿੱਖਬਾਣੀ ਹੋਵੇਗੀ। ਇਸਦਾ ਕਾਰਣ ਇਹ ਹੈ ਕਿ ਐਨਡੀਪੀ, ਬੀਤੇ ਸਮੇਂ ਦੌਰਾਨ ਕੌਮੀ ਮੰਚ ਪੁਰ ਆਪਣੇ ਆਪਨੂੰ ਇੱਕ ਵੱਡੀ ਰਾਜਨੀਤਕ ਪਾਰਟੀ ਵਜੋਂ ਉਭਾਰਨ ਵਿੱਚ ਸਫਲ ਨਹੀਂ ਹੋ ਸਕੀ। ਹਾਂ, 1972-1974 ਦੇ ਸਮੇਂ, ਜਦੋਂ ਵਰਤਮਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ, ਪੀਅਰੀ ਟਰੂਡੋ ਪ੍ਰਧਾਨ ਮੰਤਰੀ ਸਨ, ਨਾਲ ਉਸਨੂੰ ਸਰਕਾਰ ਵਿੱਚ ਹਿਸੇਦਾਰੀ ਨਿਭਾਣ ਦਾ ਮੌਕਾ ਜ਼ਰੂਰ ਮਿਲਿਆ ਸੀ। ਸੰਨ-2011 ਦੀਆਂ ਚੋਣਾਂ ਵਿੱਚ ਉਸਨੇ 338 ਸੀਟਾਂ ਵਿਚੋਂ 103 ਸੀਟਾਂ ਜਿੱਤ ਮੁੱਖ ਵਿਰੋਧੀ ਪਾਰਟੀ ਹੋਣ ਦਾ ਮਾਣ ਵੀ ਹਾਸਲ ਕੀਤਾ, ਪਰ ਸੰਨ-2015 ਦੀਆਂ ਚੋਣਾਂ ਵਿੱਚ ਉਹ 103 ਸੀਟਾਂ ਵਿਚੋਂ 59 ਸੀਟਾਂ ਗੁਆ, 44 ਸੀਟਾਂ ਪੁਰ ਸਿਮਟ ਕੇ ਰਹਿ ਗਈ। ਇਸਤੋਂ ਇਲਾਵਾ ਇਹ ਵੀ ਪਤਾ ਲਗਾ ਹੈ ਕਿ ਇਨ੍ਹਾਂ ਹੀ ਦਿਨਾਂ ਵਿੱਚ ਐਂਗਸੀ ਰੀਡ ਇਨਸਟੀਚਿਊਟ ਨਾਮੀ ਸੰਸਥਾ ਨੇ ਇੱਕ ਆਨ-ਲਾਈਨ ਸਰਵੇ ਕਰਵਾਇਆ ਹੈ, ਜਿਸ ਵਿੱਚ ਹਿਸਾ ਲੈਣ ਵਾਲਿਆਂ ਵਿਚੋਂ 69 ਪ੍ਰਤੀਸ਼ਤ ਨੇ ਇੱਕ ਅੰਮ੍ਰਿਤਧਾਰੀ ਦੇ ਦੇਸ਼ ਦੀ ਇੱਕ ਕੌਮੀ ਪਾਰਟੀ ਦੇ ਮੁਖੀ ਵਜੋਂ ਹੋਏ ਊਭਾਰ ਨੂੰ ਸਵੀਕਾਰ ਕੀਤਾ ਹੈ, ਪ੍ਰੰਤੂ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਜਾਪਦਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਤੇ ਹੋਰ ਦੋਸਤ ਉਨ੍ਹਾਂ ਦੀ ਇਸ ਸੋਚ ਨਾਲ ਸਹਿਮਤ ਹੋਣਗੇ। ਇਸੇ ਤਰ੍ਹਾਂ ਇਸ ਸੰਸਥਾ ਵਲੋਂ ਕੀਤੇ ਗਏ ਇੱਕ ਹੋਰ ਸਵਾਲ ਕਿ ਕਨਾਡਾ ਵਿੱਚ ਕਿਤਨੇ ਲੋਕੀ ਇੱਕ ਸਿੱਖ ਦੀ ਅਗਵਾਈ ਵਾਲੀ ਪਾਰਟੀ ਨੂੰ ਵੋਟ ਪਾਣ ਤੋਂ ਸੰਕੋਚ ਕਰਨਗੇ? ਦੇ ਜਵਾਬ ਵਿੱਚ ਉਨ੍ਹਾਂ ਹੀ 69 ਪ੍ਰਤੀਸ਼ਤ ਵਿਚੋਂ ਲਗਭਗ 80 ਪ੍ਰਤੀਸ਼ਤ ਨੇ ਇਸ ਸਵਾਲ ਨੂੰ ਬਹੁਤ ਹੀ ਗੰਭੀਰ ਕਰਾਰ ਦਿੱਤਾ ਤੇ ਇਨ੍ਹਾਂ 80 ਪ੍ਰਤੀਸ਼ਤ ਵਿਚੋਂ 21 ਪ੍ਰਤੀਸ਼ਤ ਦਾ ਜਵਾਬ ਸੀ ਕਿ ‘ਬਹੁਤ ਸਾਰੇ’ ਅਤੇ 59 ਪ੍ਰਤੀਸ਼ਤ ਦਾ ਮੰਨਣਾ ਸੀ ਕਿ ‘ਬਹੁਤ ਘਟ’। ਇਤਨਾ ਹੀ ਨਹੀਂ ਜਗਮੀਤ ਸਿੰਘ ਦੇ ਸਮਰਥਕਾਂ ਦਾ ਇਹ ਵੀ ਸ਼ਿਕਵਾ ਹੈ ਕਿ ਜਗਮੀਤ ਸਿੰਘ ਦੇ ਇੱਕ ਐਨਡੀਪੀ ਦੇ ਮੁੱਖੀ ਚੁਣੇ ਜਾਣ ਤੇ ਮੁੱਦੇ ਤੇ ਕਨਾਡਾ ਦਾ ਮੀਡੀਆ ਦਾ ਵਤੀਰਾ ਬਹੁਤ ਹੀ ਨਿਰਾਸ਼ਾਜਨਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਸ ਸਮੇਂ ਸ. ਜਗਮੀਤ ਸਿੰਘ ਦੇ ਸਾਹਮਣੇ ਪਾਰਟੀ ਨੂੰ ਵਰਤਮਾਨ ਸਥਿਤੀਆਂ ਵਿਚੋਂ ਉਭਾਰਨ ਦੀ ਸਭ ਤੋਂ ਵੱਡੀ ਚੁਨੌਤੀ ਹੋਵੇਗੀ। ਜਗਮੀਤ ਸਿੰਘ ਇਨ੍ਹਾਂ ਹਾਲਾਤ ਵਿੱਚ ਰਹਿੰਦੇ ਲਗਭਗ ਦੋ ਵਰ੍ਹਿਆਂ ਦੇ ਸਮੇਂ ਵਿੱਚ ਕਿਤਨੇ-ਕੁ ਸਫਲ ਹੋ ਪਾਣਗੇ? ਇਸਦਾ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ! ਇਥੇ ਇਹ ਗਲ ਵੀ ਵਰਣਨਯੋਗ ਹੈ ਕਿ ਕਨਾਡਾ ਵਿੱਚ ਸਿੱਖ ਵਸੋਂ, ਦੇਸ਼ ਦੀ ਕੁਲ ਅਬਾਦੀ ਦਾ ਕੇਵਲ 1.4 ਪ੍ਰਤੀਸ਼ਤ ਹੀ ਹੈ।
…ਅਤੇ ਅੰਤ ਵਿੱਚ : ਖਬਰਾਂ ਅਨੁਸਾਰ ਜਿਥੇ ਇੱਕ ਪਾਸੇ ਕਾਂਗ੍ਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਦੀਆਂ ਸਮਸਿਆਵਾਂ ਨੂੰ ਹਲ ਨਹੀਂ ਕਰ ਸਕਦੇ ਤਾਂ ਉਹ ਉਨ੍ਹਾਂ ਦੀ ਪਾਰਟੀ ਕਾਂਗ੍ਰਸ ਨੂੰ ਮੌਕਾ ਦੇ ਦੇਣ, ਉਹ 6 ਮਹੀਨਿਆਂ ਵਿੱਚ ਹੀ ਸਾਰੀਆਂ ਸਮਸਿਆਵਾਂ ਹਲ ਕਰ ਦੇਵੇਗੀ, ਉਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਜੇ ਕੈਪਟਨ (ਪੰਜਾਬ ਦੇ ਮੁੱਖ ਮੰਤਰੀ) ਉਨ੍ਹਾਂ ਨੂੰ ਮੌਕਾ ਦੇਣ ਤਾਂ ਉਹ ਇੱਕ ਹਫਤੇ ਵਿੱਚ ਪੰਜਾਬ ਦਾ ਉਹ ਖਜ਼ਾਨਾ, ਜੋ ਜਾਂਦਿਆਂ-ਜਾਂਦਿਆਂ ਖਾਲੀ ਕਰ ਗਏ ਸਨ, ਭਰ ਕੇ ਵਿਖਾ ਸਕਦੇ ਹਨ।
ਇਨ੍ਹਾਂ ਆਗੂਆਂ ਦੇ ਬਿਆਨਾਂ ਤੋਂ ਇਉਂ ਜਾਪਦਾ ਹੈ, ਜਿਵੇਂ ਇਨ੍ਹਾਂ ਨੇਤਾਵਾਂ ਨੂੰ ਆਪੋ-ਆਪਣੀਆਂ ਪਾਰਟੀਆਂ ਦੀ ਹੋਈ ਹਾਰ ਦੇ ਫਲਸਰੂਪ ਜਨਤਾ-ਜਨਾਰਦਨ ਪੁਰ ਵਿਸ਼ਵਾਸ ਨਹੀਂ ਰਿਹਾ? ਇਹੀ ਕਾਰਣ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਦਾ ਇੰਤਜ਼ਾਰ ਕਰਨ ਦੀ ਬਜਾਏ, ਭਾਵੇਂ ‘ਭਿਖਿਆ’ ਵਿੱਚ ਹੀ ਮਿਲੇ, ਤੁਰੰਤ ਸੱਤਾ ਵਾਪਸ ਪਾਣਾ ਚਾਹੁੰਦੇ ਹਨ।

WRITTEN BY