Skip to content
Independent perspectives. Global stories.
BREAKING

ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਯਾਦਗਾਰ ਬਣਾਵੇ ਸ਼੍ਰੋਮਣੀ ਕਮੇਟੀ

Share this story

ਅੱਜ ਜਦੋਂ ਮੈਂ ਆਪਣਾ ਰੋਜ਼ਾਨਾ ਕਾਲਮ ਲਿਖਣ ਲਈ ਕਲਮ ਚੁੱਕੀ ਤਾਂ ਮੈਨੂੰ ਸਿੱਖ ਕੌਮ ਦੇ ਮਹਾਨ ਇਤਿਹਾਸ ਦਾ ਉਹ ਪੰਨਾ ਯਾਦ ਆਇਆ ਜਦੋਂ 20 ਅਕਤੂਬਰ 1783 ਨੂੰ ਕੌਮ ਦਾ ਮਹਾਨ ਜਰਨੈਲ, ਬੰਦੀਛੋੜ, ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਦਾ ਲਈ ਗੁਰ-ਚਰਨਾਂ ਵਿੱਚ ਜਾ ਬਿਰਾਜੇ ਸਨ। ‘ਗੁਰੂ ਕੇ ਲਾਲ’ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ 3 ਮਈ 1718 ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਹੋਇਆ ਸੀ। 18ਵੀਂ ਸਦੀ ਦਾ ਇਹ ਮਹਾਨ ਸਿੱਖ ਨਾਇਕ ਆਪਣੀ 65 ਵਰ੍ਹਿਆਂ ਦੀ ਉਮਰ ਵਿੱਚੋਂ 50 ਵਰ੍ਹੇ ਸਿੱਖ ਕੌਮ ਦੀ ਚੜ੍ਹਤ ਅਤੇ ਸਿੱਖ ਕੌਮ ਦੀਆਂ ਜੜ੍ਹਾਂ ਮਜ਼ਬੂਤ ਕਰਨ ਹਿੱਤ ਯੁੱਧ ਕਰਕੇ ਕੌਮ ਨੂੰ ਚੜ੍ਹਦੀਕਲਾ ਦਾ ਸੁਨੇਹਾ ਦਿੰਦਾ ਰਿਹਾ। ਲਾਹੌਰ ਦੇ ਲਾਗਲੇ ਪਿੰਡ ਆਹਲੂ ਵਿਖੇ ਪਿਤਾ ਸ. ਬਿਦਰ ਸਿੰਘ ਦੇ ਘਰ ਪੈਦਾ ਹੋਏ ਸ. ਜੱਸਾ ਸਿੰਘ ਦੇ ਮਾਤਾ ਜੀ ਬਹੁਤ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਦੇ ਪਵਿੱਤਰ ਜੀਵਨ ਦਾ ਪ੍ਰਭਾਵ ਸ. ਜੱਸਾ ਸਿੰਘ ਦੇ ਜੀਵਨ ਉਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ। ਅਜੇ ਆਪ ਸਿਰਫ 4 ਸਾਲਾਂ ਦੇ ਹੀ ਹੋਏ ਸਨ ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਇਹ ਸਮਾਂ ਸਿੱਖਾਂ ਲਈ ਬੜਾ ਭਿਆਨਕ ਸਮਾਂ ਸੀ। ਸਮੇਂ ਦੀ ਸਰਕਾਰ ਸਮੇਤ ਪੱਤਾ-ਪੱਤਾ ਸਿੱਖਾਂ ਦਾ ਵੈਰੀ ਸੀ। ਅਜਿਹੀ ਹਾਲਤ ਵਿੱਚ ਮਾਮਾ ਸ. ਬਾਘ ਸਿੰਘ ਨੇ ਆਪਣੀ ਭੈਣ ਅਤੇ ਮਾਸੂਮ ਭਾਣਜੇ ਸ. ਜੱਸਾ ਸਿੰਘ ਨੂੰ ਦਿੱਲੀ, ਮਾਤਾ ਸੁੰਦਰ ਕੌਰ ਜੀ ਕੋਲ ਭੇਜ ਦਿੱਤਾ। ਸ. ਜੱਸਾ ਸਿੰਘ ਨੇ ਗਿਆਰਾਂ ਸਾਲ ਤੱਕ ਮਾਤਾ ਸੁੰਦਰ ਜੀ ਪਾਸ ਰਹਿਕੇ ਹਰ ਤਰ੍ਹਾਂ ਦੀ ਵਿਦਿਆ ਵਿੱਚ ਪ੍ਰਬੀਣਤਾ ਹਾਸਲ ਕੀਤੀ। ਮਾਤਾ ਸੁੰਦਰ ਕੌਰ ਜੀ ਤੋਂ ਆਸ਼ੀਰਵਾਦ ਲੈ ਕੇ ਸ. ਜੱਸਾ ਸਿੰਘ ਪੰਜਾਬ ਗਏ ਅਤੇ ਫਿਰ ਨਵਾਬ ਕਪੂਰ ਸਿੰਘ ਦੇ ਸੰਪਰਕ ਵਿੱਚ ਆ ਗਏ। ਉਨ੍ਹਾਂ ਸ. ਜੱਸਾ ਸਿੰਘ ਨੂੰ ਆਪਣਾ ਧਰਮ ਪੁੱਤਰ ਬਣਾਇਆ। ਇਥੇ ਜੱਸਾ ਸਿੰਘ ਘੋੜ ਸਵਾਰੀ, ਤਲਵਾਰ ਅਤੇ ਨੇਜ਼ੇਬਾਜ਼ੀ ਆਦਿ ਸ਼ਸਤਰ ਵਿਦਿਆ ’ਚ ਮਾਹਿਰ ਬਣ ਗਏ। ਆਪ ਬੜੇ ਗੰਭੀਰ, ਨੀਤੀਵਾਨ ਅਤੇ ਤੀਖਣ ਬੁੱਧੀ, ਬਲਵਾਨ ਯੋਧੇ ਸਨ। ਆਪ ਨੇ ਸਿੱਖੀ ਦੇ ਪ੍ਰਚਾਰ, ਪਸਾਰ ਅਤੇ ਜ਼ਾਲਮਾਂ ਨੂੰ ਸਜ਼ਾ ਦੇਣ ਲਈ ਪੰਜਾਹ ਸਾਲ ਜੰਗ ਦੇ ਮੈਦਾਨ ਵਿੱਚ ਗੁਜਾਰੇ।
ਸ. ਜੱਸਾ ਸਿੰਘ ਆਹਲੂਵਾਲੀਆ ਨੇ ਦੀਵਾਨ ਲੱਖਪਤ ਰਾਏ ਅਤੇ ਦੀਵਨ ਜਸਪਤ ਰਾਏ ਨੂੰ ਸੋਧਿਆ ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ 1753 ਈ. ਵਿੱਚ ਆਪ ਨੂੰ ਜਥੇਦਾਰ ਥਾਪਿਆ ਗਿਆ ਅਤੇ ਨਵਾਬ ਦੀ ਉਪਾਧੀ ਦਿੱਤੀ ਗਈ। ਆਪ ਨੇ ਸਿੱਖ ਫੌਜਾਂ ਨੂੰ ਬਾਰਾਂ ਮਿਸਲਾਂ ਵਿੱਚ ਵੰਡਿਆ ਅਤੇ ਆਪ ਦਲ ਖਾਲਸਾ ਦੇ ਪਹਿਲੇ ਮੁਖੀ ਥਾਪੇ ਗਏ ਸਨ। 5 ਫਰਵਰੀ 1762 ਨੂੰ ਅਹਿਮਦਗੜ੍ਹ ਨੇੜੇ ਕੁੱਪ ਰਹੀੜੇ ਦੇ ਥੇਹ ਉਤੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਪੂਰੀ ਤਾਕਤ ਨਾਲ ਸਿੱਖਾਂ ’ਤੇ ਹਮਲਾ ਕੀਤਾ, ਜਿਸ ਨੂੰ ਇਤਿਹਾਸ ਵਿੱਚ ‘ਵੱਡਾ ਘੱਲੂਘਾਰਾ’ ਕਿਹਾ ਜਾਂਦਾ ਹੈ। ਇਸ ਔਖੇ ਵਕਤ ਦਲ ਖਾਲਸਾ ਦੀ ਕਮਾਂਡ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੋਲ ਸੀ। ਬੇਸ਼ਕ ਇਸ ਯੁੱਧ ਵਿੱਚ ਸਿੱਖਾਂ ਦਾ ਬੜਾ ਭਾਰੀ ਜਾਨੀ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਵੈਰੀਆਂ ਦੇ ਹਮਲਿਆਂ ਦਾ ਅਨੋਖੀ ਬਹਾਦਰੀ, ਦਲੇਰੀ ਅਤੇ ਹੌਂਸਲੇ ਨਾਲ ਮੁਕਾਬਲਾ ਕੀਤਾ, ਦੁਨੀਆਂ ਦੇ ਇਤਿਹਾਸਕਾਰ ਹੈਰਾਨੀ ਨਾਲ ਲਿਖਦੇ ਹਨ ਕਿ ਇੰਨੇ ਜਾਨੀ ਨੁਕਸਾਨ ਦੇ ਬਾਵਜੂਦ ਸਿੱਖਾਂ ਨੇ ਅਗਲੇ ਵਰ੍ਹੇ ਸੰਨ 1763 ਈ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਰਹੰਦ ’ਤੇ ਮੁੜ ਕਬਜ਼ਾ ਕਰ ਲਿਆ ਅਤੇ ਅਬਦਾਲੀ ਦਾ ਸਾਥ ਦੇਣ ਵਾਲੇ ਜੈਨ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਤਰ੍ਹਾਂ ਜਦੋਂ ਦਲ ਖਾਲਸਾ ਨੇ 1761 ਵਿੱਚ ਲਾਹੌਰ ਤੇ ਕਬਜ਼ਾ ਕੀਤਾ ਸੀ। ਉਸ ਵੇਲੇ ਵੀ ਸਿੱਖਾਂ ਦੀ ਕਮਾਨ ਸ. ਨਵਾਬ ਜੱਸਾ ਸਿੰਘ ਆਹਲੂਵਾਲੀਆ ਕੋਲ ਸੀ। ਇਸ ਜਿੱਤ ਤੋਂ ਬਾਅਦ ਸਿੱਖਾਂ ਨੇ ਆਪਣਾ ਸਿੱਕਾ ਜਾਰੀ ਕੀਤਾ ਸੀ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿੱਤਾ ਅਤੇ ਆਪਣਾ ਬਾਦਸ਼ਾਹ ਥਾਪ ਦਿੱਤਾ। ਇਉਂ ਸੁਤੰਤਰ ਖਾਲਸਾ ਰਾਜ ਦੀ ਨੀਂਹ ਰੱਖੀ ਗਈ। ਇਥੇ ਇਕ ਹੋਰ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਜਦੋਂ ਅਹਿਮਦਸ਼ਾਹ ਅਬਦਾਲੀ ਹਿੰਦੋਸਤਾਨ ਨੂੰ ਲੁਟ ਕੇ ਮੁੜਦਾ ਸੀ, ਉਹ ਆਪਣੇ ਨਾਲ ਇਥੋਂ ਦੀਆਂ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਲੈ ਜਾਂਦਾ ਸੀ। ਨਵਾਬ ਜੱਸਾ ਸਿੰਘ ਦੀ ਅਗਵਾਈ ਵਿੱਚ ਜਿਥੇ ਖਾਲਸਾ ਲੁੱਟ ਦੇ ਮਾਲ ਨੂੰ ਲੁੱਟਦਾ ਸੀ ਉਥੇ ਬੰਦੀ ਬਣਾਈਆਂ ਔਰਤਾਂ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਇਆ ਜਾਂਦਾ ਸੀ। ਇਸੇ ਕਾਰਨ ਇਨ੍ਹਾਂ ਨੂੰ ਬੰਦੀਛੋੜ ਦਾ ਖਿਤਾਬ ਵੀ ਦਿੱਤਾ ਗਿਆ।
ਉਹ ਅਜਿਹਾ ਸਮਾਂ ਸੀ ਕਿ ਹਿੰਦੋਸਤਾਨ ਵਿੱਚ ਅਜਿਹੀ ਕੋਈ ਸ਼ਕਤੀ ਨਹੀਂ ਸੀ ਜਿਹੜੀ ਅਹਿਮਦਸ਼ਾਹ ਨਾਲ ਟੱਕਰ ਲੈ ਸਕਦੀ। ਅਜਿਹੇ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਇਕ ਸ਼ਕਤੀ ਦੇ ਰੂਪ ਵਿੱਚ ਉਭਰੇ ਅਤੇ ਥੋੜ੍ਹੇ ਸਮੇਂ ਵਿੱਚ ਹੀ ਅਜਿਹੀ ਬਲਵਾਨ ਸ਼ਕਤੀ ਬਣ ਗਏ ਕਿ ਜਮਨਾ ਤੋਂ ਅਟਕ ਕੇ ਵਿਚਕਾਰਲਾ ਇਲਾਕਾ ਸਿੰਘਾਂ ਦੇ ਘੋੜਿਆਂ ਦੇ ਸੁੰਮਾਂ ਹੇਠ ਦਰੜਿਆ ਗਿਆ। ਪੰਜਾਬ ਦੇ ਜੰਗਲ ਬੇਲੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜਣ ਲੱਗੇ। ਮੁਗਲ ਸਾਮਰਾਜ ਅਤੇ ਅਹਿਦਸ਼ਾਹ ਅਬਦਾਲੀ ਕੇਵਲ ਨਾਮ ਦੇ ਹਾਕਮ ਰਹਿ ਗਏ ਸਨ। ਅਸਲੀ ਤੌਰ ’ਤੇ ਸਾਰੇ ਪੰਜਾਬ ਉਤੇ ਦਲ ਖਾਲਸਾ ਰਾਜ ਕਾਇਮ ਹੋ ਗਿਆ ਸੀ। ਨਵਾਬ ਜੱਸਾ ਸਿੰਘ ਦੀ ਅਗਵਾਈ ਵਿੱਚ ਇਕ ਹੋਰ ਸੁਨਹਿਰੀ ਪੰਨਾ ਉਦੋਂ ਲਿਖਿਆ ਗਿਆ ਜਦੋਂ 11 ਮਾਰਚ 1783 ਨੂੰ ਸਿੱਖ ਫੌਜਾਂ ਨੇ ਦਿੱਲੀ ਦੇ ਲਾਲ ਕਿਲੇ ’ਤੇ ਕਬਜ਼ਾ ਕਰ ਲਿਆ। ਦਲ ਖਾਲਸਾ ਦੇ ਮੁਖੀ ਨਵਾਬ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਵੱਲੋਂ ਦੀਵਾਨੇ ਆਮ ’ਤੇ ਬੈਠਾਇਆ ਗਿਆ ਤੇ ਬਾਦਸ਼ਾਹ ਐਲਾਨਿਆ ਗਿਆ। ਇਹ ਉਹ ਸਮਾਂ ਸੀ ਜਦੋਂ ਸਿੱਖ ਹਿੰਦੋਸਤਾਨ ਦੇ ਰਾਜੇ ਬਣੇ ਸਨ। ਇਸ ਲਾਸਾਨੀ ਯੋਧੇ ਅਤੇ ਅਣਖੀਲੇ ਜਰਨੈਲ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਇਸ ਕਾਲਮ ਰਾਹੀਂ ਤਾਂ ਮੈਂ ਸਿੱਖ ਕੌਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਹਾਂ ਕਿ ਕੌਮ ਦੇ ਇਸ ਜਰਨੈਲ ਦੀ 3 ਮਈ 2018 ਨੂੰ 300ਵੀਂ ਜਨਮ ਸ਼ਤਾਬਦੀ ਆ ਰਹੀ ਹੈ। ਇਸ ਦਿਨ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਲੋੜ ਹੈ। ਜਿਸ ਜਰਨੈਲ ਨੇ ਦਿੱਲੀ ਝੁਕਾਈ, ਕਾਬਲ ਨੂੰ ਝੁਕਾਇਆ ਅਤੇ ਪੰਜਾਬ ਦਾ ਰਾਜ ਪੰਜਾਬ ਦੇ ਵਾਰਸਾਂ ਦੇ ਹਵਾਲੇ ਕੀਤਾ। ਜਿਸ ਨੇ ਸਰਹੰਦ ਜਿੱਤੀ, ਕਪੂਰਥਲਾ ਜਿੱਤਿਆ, ਲਾਹੌਰ ਜਿਤਿਆ ਅਤੇ ਦਿੱਲੀ ਜਿੱਤੀ ਜੋ ਬੁੱਢਾ ਦਲ ਦਾ ਮੁਖੀ ਰਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਿਹਾ, ਦਲ ਖਾਲਸਾ ਦਾ ਸੁਪਰੀਮ ਕਮਾਂਡਰ ਰਿਹਾ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਮੁੜ ਉਸਾਰਿਆ। ਅਜਿਹੇ ਬਹਾਦਰ, ਨਿੱਡਰ ਅਤੇ ਅਡੋਲ ਜਰਨੈਲ ਦੀ 300ਵੀਂ ਵਰ੍ਹੇਗੰਢ ਕੌਮ ਵੱਲੋਂ ਧੂਮ-ਧਾਮ ਨਾਲ ਮਨਾਈ ਜਾਵੇ। ਹਿੰਦੋਸਤਾਨ ਦੀ ਸਰਕਾਰ ਨੇ 1985 ਵਿੱਚ ਇਕ ਡਾਕ ਟਿਕਟ ਜਾਰੀ ਕੀਤਾ ਸੀ ਪਰ ਕੋਈ ਵੀ ਢੁਕਵੀਂ ਯਾਦਗਾਰ ਨਹੀਂ ਬਣਾਈ ਗਈ। ਸ਼੍ਰੋਮਣੀ ਕਮੇਟੀ ਅੱਗੇ ਆਵੇ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਕੋਈ ਢੁਕਵੀਂ ਯਾਦਗਾਰ ਬਣਾਵੇ।

WRITTEN BY