ਇਤਿਹਾਸ ਗਵਾਹ ਹੈ ਕਿ ਦਸ ਗੁਰੂ ਸਾਹਿਬਾਨ ਨੇ ਦੇਹ ਸਰੂਪ ਵਿੱਚ ਹੁੰਦੇ ਹੋਏ ਵੀ ਸਿੱਖਾਂ ਨੂੰ ਸ਼ਬਦ ਗੁਰੂ ਦੀ ਮੱਹਤਤਾ ਹੀ ਦ੍ਰਿੜ ਕਰਵਾਈ। ਕਿਉਂ ਕਿ ‘ਸ਼ਬਦ ਗੁਰੂ’ ਸੰਪੂਰਨ ਮਨੁੱਖ ਦੀ ਅਤੇ ‘ਸਖਸ਼ੀ ਪੂਜਾ’ ਅਧੂਰੇ ਮਨੁੱਖ ਦੀ ਸਿਰਜਣਾ ਕਰਦੀ ਹੈ। ‘ਸ਼ਬਦ ਗੁਰੂ’ ਮਨੁੱਖ ਨੂੰ ਗਿਆਨਵਾਨ ਅਤੇ ‘ਸਖਸ਼ੀ ਪੂਜਾ’ ਅਗਿਆਨੀ ਤੇ ਕਰਮਕਾਂਡੀ ਬਣਾਉਦੀ ਹੈ। ਇਸੇ ਲਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ 7 ਅਕਤੂਬਰ ਸੰਨ 1708 ਨੂੰ ਦੇਹਧਾਰੀ ਗੁਰੂ ਪ੍ਰੰਪਰਾ ਹਮੇਸ਼ਾ ਲਈ ਖਤਮ ਕਰਕੇ ਸਾਨੂੰ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦੇ ਲੜ ਲਗਾ ਦਿੱਤਾ ਸੀ। ਕਿਉਂ ਕਿ ‘ਸ਼ਬਦ ਗੁਰੂ’ ਮਨੁੱਖਾ ਮਨ ਵਿੱਚ ਅਜ਼ਾਦ ਅਤੇ ‘ਸਖਸ਼ੀ ਪੂਜਾ’ ਗੁਲਾਮ ਮਾਨਸਿਕਤਾ ਪੈਦਾ ਕਰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਸਖਸ਼ੀ ਪੂਜਾ ਦੇ ਮੁਦਈ ਭੇਖੀ ਪਖੰਡੀ ਸੰਤ, ਬਾਬੇ, ਬ੍ਰਹਮਗਿਆਨੀ, ਡੇਰੇਦਾਰ ਅਤੇ ਦੇਹਧਾਰੀ ਗੁਰੂ ਆਪਣੇ ਬਾਡੀਗਾਰਡਾਂ ਦੇ ਮਾਨਸਿਕ ਗੁਲਾਮ ਹਨ। ਪਰ ‘ਸ਼ਬਦ ਗੁਰੂ’ ਨਿਰਭਉ ਅਤੇ ਅਜ਼ਾਦ ਹਸਤੀ ਦਾ ਮਾਲਕ ਹੈ।ਸਖਸ਼ੀ ਪੂਜਾ ਕਰਨ ਵਾਲੇ ਇਹਨਾਂ ਦੇ ਚੇਲੇ ਭਾਰਤੀ ਲੋਕ ਸਦੀਆਂ ਤੱਕ ਗੁਲਾਮ ਹੀ ਰਹੇ। ਅੰਗਰੇਜ਼ ਹਕੂਮਤ ਦੀ ਆਮਦ ਨੂੰ ਦੇਖ ਕੇ ਜਿੱਥੇ ‘ਜਗਨਨਾਥ ਪੁਰੀ’ ਦੇ ਪਾਂਡਿਆਂ ਨੇ ਕਿਹਾ ਸੀ ਕਿ ‘ਜਗਨਨਾਥ ਜੀ’ ਦੀ ਇੱਛਾ ਹੈ ਕਿ ਹੁਣ ਗੋਰੇ ਰਾਜੇ ਦੇਸ਼ ਤੇ ਰਾਜ ਕਰਨ, ਉ¤ਥੇ ਸਿੱਖ ਪੁਜਾਰੀਵਾਦ ਨੇ ਵੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਵੀ ਭੱਵਿਖ ਬਾਣੀ ਕੀਤੀ ਸੀ ਕਿ ‘ਮੇਰੇ ਟੋਪੀ ਵਾਲੇ ਗੋਰੇ ਸਿੱਖ’ ਦੇਸ਼ ਤੇ ਰਾਜ ਕਰਨਗੇ। ਇਸੇ ਕਰਕੇ ਅਰੂੜ ਸਿੰਘ ਵਰਗੇ ਗੁਲਾਮ ਮਾਨਸਿਕਤਾ ਵਾਲੇ ਪੁਜਾਰੀਆਂ ਨੇ ਜਰਨਲ ਡਾਇਰ ਵਰਗੇ ਪਾਪੀਆਂ ਨੂੰ ਗੁਰੂ ਘਰਾਂ ਵਿੱਚੋਂ ਸਿਰੋਪੇ ਦੇ ਕੇ ਨਿਵਾਜਿਆ। ਸ਼ਬਦ ਗੁਰੂ’ ਨੇ ਸਾਨੂੰ ਇੱਕ ਅਕਾਲ ਦੀ ਪੂਜਾ ਦ੍ਰਿੜ ਕਰਵਾਈ ਹੈ। ਪਰ ‘ਸਖਸ਼ੀ ਪੂਜਾ’ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਆਪਣੇ ਬਾਬਿਆਂ ਦੀਆਂ ਫੋਟੋਆਂ, ਕਬਰਾਂ, ਮੜ੍ਹੀਆਂ-ਮਸਾਣਾਂ, ਤਸਬੀਆਂ, ਮਾਲਾ, ਫੱਲਸ਼ਾਂ, ਜੁੱਤੀਆਂ, ਮੰਜੇ, ਕੁਰਸੀਆਂ ਅਤੇ ਪਲੰਘਾਂ ਆਦਿ ਦੀ ਪੂਜਾ ਵਿੱਚ ਲਗਾ ਦਿੱਤਾ ਹੈ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਗੁਰਬਾਣੀ ਸਿਧਾਂਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਰੋਜ਼ੀ ਰੋਟੀ ਲਈ ਸੰਪਟ ਪਾਠਾਂ, ਇਕੋਤਰੀਆ, ਇਕਹਿਰੈ, ਦੁਪਹਿਰੈ, ਚਉਪਹਿਰੈ, ਦੁੱਖ ਭੰਜਨੀ ਤੇ ਇੱਛਾਪੂਰਕ ਸ਼ਬਦਾਂ ਦੇ ਗੁਟਕੇ ਛਾਪਕੇ, ਜੰਤਰਾਂ-ਮੰਤਰਾਂ ਵਰਗੇ ਵਹਿਮ-ਭਰਮ ਸਿੱਖ ਘਰਾਂ ਵਿੱਚ ਫੈਲਾਏ ਜਾ ਰਹੇ ਹਨ। ਇੱਥੋਂ ਤੱਕ ਕਿ ਮਾਲਵੇ ਦੀ ਧਰਤੀ ਤੇ ਗੁਰਦੁਆਰਿਆਂ ਵਿੱਚੋਂ ਗੁਰੂ ਸਾਹਿਬਾਨ ਦੇ ਨਾਮ ਮਿਟਾਕੇ, ਨਿਸ਼ਾਨ ਸਾਹਿਬ ਪੁੱਟਕੇ, ਲੰਗਰਾਂ ਦੀ ਮਰਯਾਦਾ ਬੰਦ ਕਰ ਦਿੱਤੀ ਗਈ ਹੈ।ਪਾਲਕੀਆਂ ਵਿੱਚ ਸ਼ਬਦ ਗੁਰੂ ਦੀ ਥਾਂ ਤੇ ਸਾਧਾਂ ਦੀਆਂ ਫੋਟੋਆਂ ਰੱਖਕੇ ਨਗਰ ਕੀਰਤਨ ਨਿਕਾਲੇ ਜਾ ਰਹੇ ਹਨ।ਪਰ ਸਿੱਖ ਸਖਸ਼ੀ ਪੂਜਾ ਵਾਲਿਆਂ ਦੀ ਮਾਨਸਿਕ ਗੁਲਾਮੀ ਵਿੱਚ ਘੂਕ ਸੁੱਤੇ ਪਏ ਹਨ। ਗੁਰੂ ਕੇ ਲੰਗਰਾਂ ਵਿੱਚ ਜਾਤ-ਪਾਤ ਦੇ ਅਧਾਰ ਤੇ ਵੱਖ-ਵੱਖ ਪੰਗਤਾਂ ਲਗਾਈਆਂ ਜਾ ਰਹੀਆਂ ਹਨ ਤੇ ਮਨੁੱਖੀ ਏਕਤਾ ਦੇ ਪ੍ਰਤੀਕ ‘ਖੰਡੇ ਬਾਟੇ ਦੇ ਅੰਮ੍ਰਿਤ’ ਨੂੰ ਵੀ ਵੰਡ ਦਿੱਤਾ ਗਿਆ ਹੈ। ਸਿਰਮੌਰ ਗੁ: ਕਮੇਟੀਆਂ ਵਲੋਂ ‘ਕੁਰਸੀ’ ਪ੍ਰਾਪਤੀ ਲਈ ਗੁਰਦੁਆਰਿਆਂ ਨੂੰ ਮੰਦਰਾਂ ਦੀ ਸ਼ਕਲ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਸ਼ਬਦ ਵੀਚਾਰ ਦੀ ਥਾਂ ਮੱਸਿਆ, ਪੂਰਮਾਸ਼ੀ, ਸੰਗਰਾਂਦਾਂ, ਵਰਤਾਂ, ਦੇਵੀ-ਦੇਵਤਿਆਂ ਅਤੇ ਅਵਤਾਰਾਂ ਦੀਆਂ ਪੋਰਾਣਿਕ ਕਹਾਣੀਆਂ ਸੁਣਾ ਕੇ ਸਿੱਖੀ ਦੀ ਨਿਆਰੀ ਹੋਂਦ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਾਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਦਸਮੇਸ਼ ਪਿਤਾ ਤੋਂ ਵੱਧ ਸਿਆਣੇ ਬਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਖੌਤੀ ਕਥਾ ਵਾਚਕਾਂ ਵਲੋਂ ਬਿਮਾਰੀਆਂ ਦੇ ਇਲਾਜ ਲਈ ਮੈਡੀਕਲ ਸੇਵਾਵਾਂ ਦੀ ਥਾਂ, ‘ਵਿਗਿਆਨਕ ਤੇ ਗੁਰਮਤਿ ਸੋਚ’ ਨੂੰ ਤਿਲਾਂਜਲੀ ਦੇ ਕੇ ਸਰੋਵਰਾਂ ਦੇ ਪਾਣੀ ਅਤੇ ਜੋੜੇਖਾਨੇ ਦੀ ਮਿੱਟੀ ਨਾਲ ਇਲਾਜ ਦੱਸੇ ਜਾ ਰਹੇ ਹਨ। ਕੌਮ ਦੀ ਇਸ ਤੋਂ ਵੱਡੀ ਮਾਨਸਿਕ ਗੁਲਾਮੀ ਹੋਰ ਕੀ ਹੋ ਸਕਦੀ ਹੈ? ਜੇ ਖਾਲਸਾ ਪੰਥ, ਖਾਲਸਾਈ ਜਾਹੋ-ਜਲਾਲ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਗੁਰਗੱਦੀ ਦਿਵਸ ਉ¤ਤੇ ‘ਸ਼ਬਦ ਗੁਰੂ’ ਨੂੰ ਸਮਰਪਿਤ ਹੋ ਕੇ ਜਿੰਦਗੀ ਦੇ ਹਰ ਖੇਤਰ ਵਿੱਚ ‘ਸਖਸ਼ੀ ਪੂਜਾ’ ਨੂੰ ਰੱਦ ਕਰਕੇ, ਗੁਰਬਾਣੀ ਦਾ ਪੈਗਾਮ ਘਰ-ਘਰ ਪਹੁੰਚਾਉਣ ਲਈ ਲਾਮਬੰਦ ਹੋਣਾ ਚਾਹੀਦਾ ਹੈ।



