ਸ਼ਖਸੀਅਤ ਮਨੁੱਖ ਦੀਆਂ ਅੰਦਰਲੀਆਂ ਸਿਫਤਾਂ ਅਤੇ ਗੁਣਾਂ ਦਾ ਬਾਹਰਲਾ ਪ੍ਰਕਾਸ਼ ਹੈ। ਸ਼ਖਸੀਅਤ ਉਸਾਰੀ ਇਕ ਨਿਰੰਤਰ ਪ੍ਰੀਕਿਰਿਆ ਹੁੰਦੀ ਹੈ। ਹਰ ਮਨੁੱਖ ਦਾ ਜੀਵਨ ਢੰਗ ਆਪਣਾ ਹੁੰਦਾ ਹੈ ਅਤੇ ਦੂਜਿਆਂ ਤੋਂ ਵੱਖਰਾ ਅਤੇ ਅਨੂਠਾ ਹੁੰਦਾ ਹੈ। ਬੰਦੇ ਦੀ ਸ਼ਖਸੀਅਤ ਉਸ ਨੂੰ ਹਰਮਨ ਪਿਆਰਾ ਵੀ ਬਣਾ ਸਕਦੀ ਹੈ ਅਤੇ ਦੂਜਿਆਂ ਦੀ ਨਫਰਤ ਦਾ ਪਾਤਰ ਵੀ। ਮਨੁੱਖ ਦੀ ਸ਼ਖਸੀਅਤ ਹੀ ਹੁੰਦੀ ਹੈ ਜੋ ਉਸ ਨੂੰ ਨਿੱਘਾ, ਮਿਲਾਪੜਾ ਅਤੇ ਸਕਾਰਤਮਕ ਬਣਾਉਂਦੀ ਹੈ ਅਤੇ ਕਈ ਬੰਦਿਆਂ ਦੇ ਵਿਅਕਤੀਤਵ ਦਾ ਨਿਰਮਾਣ ਨਕਾਰਤਮਕ ਤੱਤਾਂ ਕਾਰਨ ਨਫਰਤੀ ਸੁਭਾਅ, ਗੁਸੈਲਾ, ਲੜਾਕਾ ਅਤੇ ਸ਼ੱਕੀ ਕਿਸਮ ਦਾ ਹੁੰਦਾ ਹੈ। ਅਜਿਹੀ ਸ਼ਖਸੀਅਤ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਲੋਕਾਂ ਦੀ ਪਸੰਦ ਅਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੇ ਬੰਦੇ ਸਮਾਜ ਵਿੱਚ ਸਤਿਕਾਰ ਪਾਉਂਦੇ ਹਨ, ਸ਼ੋਹਰਤ ਪਾਉਂਦੇ ਹਨ ਅਤੇ ਪਿਆਰ ਪਾਉਂਦੇ ਹਨ। ਲੋਕਾਂ ਦਾ ਪਿਆਰਾ ਬਣਨ ਲਈ ਕੁਝ ਸਵਾਲਾਂ ਦੇ ਜਵਾਬ ਆਪਣੇ ਆਪ ਨੂੰ ਪੁਛਣੇ ਜ਼ਰੂਰੀ ਹਨ। ਜੇ ਤੁਸੀਂ ਹੇਠ ਲਿਖੇ ਸਵਾਲਾਂ ਬਾਰੇ ਡੂੰਘੀ ਸੋਚ ਵਿਚਾਰ ਕਰਕੇ ਲੋੜੀਂਦੀ ਤਬਦੀਲੀ ਲਿਆਉਂਗੇ ਤਾਂ ਮਨ ਭਾਉਂਦੀ ਸ਼ਖਸੀਅਤ ਦੇ ਮਾਲਕ ਬਣ ਸਕੋਗੇ।
1. ਕੀ ਤੁਸੀਂ ਦੂਜਿਆਂ ਵਿੱਚ ਦਿਲਚਸਪੀ ਲੈਂਦੇ ਹੋ?
ਜਦੋਂ ਤੁਸੀਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਵਿਚ ਦਿਲਚਸਪੀ ਲਵੋਗੇ। ਉਨ੍ਹਾਂ ਦੀ ਗੱਲਾਂ ਨੂੰ ਦਿਲਚਸਪੀ ਨਾਲ ਸੁਣੋਗੇ। ਹੋਰਾਂ ਦੀਆਂ ਮੁਸ਼ਕਿਲਾਂ, ਦੁਖਾਂ ਅਤੇ ਤਕਲੀਫਾਂ ਨੂੰ ਦਿਲਚਸਪੀ ਨਾਲ ਸੁਣਕੇ ਆਪਣੇ ਵਿੱਤ ਮੁਤਾਬਿਕ ਮਦਦ ਕਰਦੇ ਹੋ ਤਾਂ ਤੁਸੀਂ ਉਨ੍ਹਾਂ ਦੇ ਦਿਲਾਂ ’ਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹੋ। ਹਰ ਮਨੁੱਖ ਧਿਆਨ ਮੰਗਦਾ ਹੈ। ਆਪਣੀਆਂ ਗੱਲਾਂ ਲਈ ਹੁੰਗਾਰਾ ਮੰਗਦਾ ਹੈ। ਹੋਰਨਾਂ ’ਚ ਦਿਲਚਸਪੀ ਲਵੋ। ਉਸ ਵੱਲ ਧਿਆਨ ਦੇਵੋ ਅਤੇ ਉਸਦੀਆਂ ਗੱਲਾਂ ਦਾ ਭਰਪੂਰ ਹੁੰਗਾਰਾ ਭਰੋ।
2. ਕੀ ਤੁਸੀਂ ਦੂਜਿਆਂ ਦੀ ਪ੍ਰਸ਼ੰਸਾ ਕਰਦੇ ਹੋ?
ਦੂਜਿਆਂ ਦੀ ਪ੍ਰਸ਼ੰਸਾ ਕਰਨਾ ਕਿਸੇ ਵੀ ਸ਼ਖਸੀਅਤ ਦਾ ਵੱਡਾ ਗੁਣ ਹੁੰਦਾ ਹੈ। ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਹੀ ਪ੍ਰਸੰਸਾ ਕਰੋ। ਪ੍ਰਸੰਸਾ ਕਰਨੀ ਚਾਹੀਦੀ ਹੈ ਨਾ ਕਿ ਚਾਪਲੂਸੀ। ਪ੍ਰਸੰਸਾ ਕਰਨ ਲਈ ਸਹੀ ਮੁੱਦਾ ਲੱਭਣਾ ਚਾਹੀਦਾ ਹੈ। ਹਰ ਬੰਦੇ ਨੂੰ ਆਪਣੀ ਪ੍ਰਸੰਸਾ ਚੰਗੀ ਲੱਗਦੀ ਹੈ। ਜਦੋਂ ਤੁਸੀਂ ਕਿਸੇ ਦੀ ਸ਼ਲਾਘਾ ਜਾਂ ਪ੍ਰਸੰਸਾ ਕਰਦੇ ਹੋ ਤਾਂ ਉਸ ਦੇ ਮਨ ਵਿੱਚ ਤੁਹਾਡੇ ਪ੍ਰਤੀ ਪਿਆਰ ਉਮੜਦਾ ਹੈ। ਸੋ, ਇਸ ਗੁਣ ਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਓ ਅਤੇ ਹਰਮਨ ਪਿਆਰਤਾ ਵੱਲ ਕਦਮ ਵਧਾਉ।
3. ਕੀ ਤੁਸੀਂ ਹਮੇਸ਼ਾਂ ਮੁਸਕਰਾਕੇ ਮਿਲਦੇ ਹੋ?
ਮੁਸਕਰਾਕੇ ਮਿਲਣ ਵਾਲੇ ਲੋਕਾਂ ਨੂੰ ਹਰ ਮਹਿਫਲ ਵਿੱਚ ਪਿਆਰ ਮਿਲਦਾ ਹੈ। ਮੁਸਕਰਾਉਂਦੇ ਚਿਹਰਿਆਂ ਦਾ ਹਰ ਮਹਿਫਲ ਵਿੱਚ ਸਵਾਗਤ ਹੁੰਦਾ ਹੈ। ਕੀ ਤੁਹਾਡਾ ਚਿਹਰਾ ਫੁੱਲਾਂ ਵਾਂਗ ਖਿੜਿਆ ਰਹਿੰਦਾ ਹੈ? ਕੀ ਤੁਸੀਂ ਦੂਸਰਿਆਂ ਨੂੰ ਹਸਦੇ ਹੋਏ ਚਿਹਰੇ ਨਾਲ ਮਿਲਦੇ ਹੋ? ਜਿਸ ਦੀ ਸ਼ਖਸੀਅਤ ਵਿੱਚ ਇਹ ਗੁਣ ਹੁੰਦਾ ਹੈ ਅਤੇ ਦਿਲਾਂ ਨੂੰ ਜਿੱਤਦਾ ਜਿੱਤਦਾ ਹਰਮਨ ਪਿਆਰਾ ਬਣਨ ਜਾਂਦਾ ਹੈ।
4. ਕੀ ਚੁਗਲੀ ਜ਼ਰੂਰੀ ਹੈ?
ਗੈਰ ਹਾਜ਼ਰ ਦੋਸਤਾਂ ਬਾਰੇ ਨਕਾਰਤਮਕ ਗੱਲਾਂ ਕਰਨਾ ਨਿੰਦਾ ਚੁਗਲੀ ਹੁੰਦੀ ਹੈ। ਸਮਾਜ ਵਿੱਚ ਅਨੇਕਾਂ ਲੋਕ ਅਜਿਹੇ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਨਿੰਦਾ ਚੁਗਲੀ ਦੀ ਆਦਤ ਹੁੰਦੀ ਹੈ। ਅਜਿਹੇ ਲੋਕਾਂ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਯਾਦ ਰਖੋ ਜੋ ਤੁਹਾਡੇ ਕੋਲ ਕਿਸੇ ਹੋਰ ਨੂੰ ਛੁਟਿਉਂਦਾ ਹੈ, ਉਹ ਤੁਹਾਨੂੰ ਵੀ ਨਹੀਂ ਬਖਸ਼ੇਗਾ। ਦੋਸਤਾਂ ਨੂੰ ਦੁਸ਼ਮਣ ਬਣਾਉਣ ਦਾ ਇਹ ਵੱਡਾ ਕਾਰਨ ਹੁੰਦਾ ਹੈ। ਨਿੰਦਾ ਚੁਗਲੀ ਕਰਨ ਵਾਲਿਆਂ ਦੇ ਦੋਸਤਾਂ ਦੀ ਗਿਣਤੀ ਘਟਦੀ ਜਾਂਦੀ ਹੈ। ਲੋਕ ਅਜਿਹੇ ਲੋਕਾਂ ਨੂੰ ਪਿਆਰ ਨਹੀਂ ਕਰਦੇ। ਸੋ, ਸੋਚਣਾ ਜ਼ਰੂਰੀ ਹੈ ਕਿ ਤੁਹਾਡੀ ਸ਼ਖਸੀਅਤ ਵਿੱਚ ਇਹ ਕਮੀ ਤਾਂ ਨਹੀਂ।
5. ਕੀ ਚੁਭਵੀਆਂ ਗੱਲਾਂ ਕਰਨ ਦੀ ਆਦਤ ਤਾਂ ਨਹੀਂ?
ਜ਼ਿੰਦਗੀ ਵਿੱਚ ਸਿਸ਼ਟਾਚਾਰ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਕਿਸੇ ਨੂੰ ਪਸੰਦ ਜਾਂ ਨਾਪਸੰਦ ਕਰਨਾ ਹੋਰ ਗੱਲ ਹੈ ਪਰ ਕਿਸੇ ਨੂੰ ਅਜਿਹੀ ਚੁਭਵੀਂ ਗੱਲ ਕਰਨਾ, ਜਿਸ ਨਾਲ ਉਸ ਦਾ ਦਿਲ ਦੁਖੇ, ਬਹੁਤ ਹੀ ਗਲਤ ਗੱਲ ਹੈ। ਸਾਡੇ ਆਲੇ-ਦੁਆਲੇ ਅਜਿਹੇ ਬੰਦੇ ਮਿਲ ਜਾਂਦੇ ਹਨ ਜੋ ਦਿਲ ਨੂੰ ਦੁਖਾਉਣ ਵਾਲੀਆਂ ਗੱਲਾਂ ਕਰਕੇ ਖੁਸ਼ ਹੁੰਦੇ ਹਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜ਼ੁਬਾਨ ਦਾ ਜ਼ਖਮ ਕਦੇ ਨਹੀਂ ਭਰਦਾ। ਤੁਹਾਡੇ ਬੋਲਾਂ ਨਾਲ ਦੁਖੀ ਹੋਇਆ ਬੰਦਾ ਕਦੇ ਵੀ ਮੁਆਫ਼ ਨਹੀਂ ਕਰਦਾ। ਇਸ ਕਰਕੇ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿਸੇ ਨੂੰ ਜਾਣੇ ਜਾਂ ਅਣਜਾਣੇ ਵਿੱਚ ਵੀ ਕੋਈ ਅਜਿਹੀ ਗੱਲ ਨਾ ਕਹੀ ਜਾਵੇ, ਜਿਸ ਨਾਲ ਉਸ ਦਾ ਦਿਲ ਦੁਖੇ। ਇਸ ਆਦਤ ਨੂੰ ਕਦੇ ਵੀ ਸ਼ਖਸੀਅਤ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੀਂਦਾ।
6. ਸਵੈ-ਪ੍ਰਸੰਸਾ ਵਾਲੀਆਂ ਗੱਲਾਂ ਤਾਂ ਨਹੀਂ ਕਰਦੇ?
ਸਿਆਣੇ ਬੰਦੇ ਆਪਣੀ ਗੱਲਬਾਤ ਵਿੱਚ ‘ਮੈਂ’ ਦੀ ਬਹੁਤ ਘੱਟ ਵਰਤੋਂ ਕਰਦੇ ਹਨ। ‘ਮੈਂ’ ਦੀ ਵਰਤੋਂ ਤੋਂ ਬਚਣ ਦਾ ਮਤਲਬ ਹੈ ਕਿ ਸਵੈ-ਪ੍ਰਸੰਸਾ ਤੋਂ ਬਚੋ। ਸਵੈ-ਪ੍ਰਸ਼ੰਸਾ ਕਰਨ ਵਾਲੇ ਲੋਕਾਂ ਨੂੰ ਸਮਾਜ ਪਸੰਦ ਨਹੀਂ ਕਰਦਾ। ‘ਮੈਂ’ ਦੀ ਬਜਾਇ ‘ਅਸੀਂ’ ਸ਼ਬਦ ਨੂੰ ਅਪਣਾਉ।
– ਬਾਕੀ ਕੱਲ੍ਹ ਪੜ੍ਹੋ
ਜੇ ਹਰਮਨ ਪਿਆਰਾ ਬਣਨਾ ਚਾਹੁੰਦੇ ਹੋ ਤਾਂ…



