Skip to content
Independent perspectives. Global stories.
BREAKING

ਮਾਂ ਬੋਲੀ ਦੀ ਪੋੜੀ

Share this story

ਪ੍ਰੋਗਰਾਮ ਦੋ ਵਜੇ ਕਸੌਲੀ ਪਹੁੰਚਣ ਦਾ ਸੀ, ਘਰੋਂ ਨਿਕਲਣਾ ਤਾਂ ਨੌਂ ਵਜੇ ਸੀ ਪਰ ਚਲਦੇ ਚਲਦੇ ਹੀ ਸਾਨੂੰ ਬਾਰਾਂ ਵਜ ਗਏ। ਰਸਤੇ ਵਿੱਚ ਛੱਤਬੀੜ ਲਾਗਿਉਂ ਨਿਕਲਣ ਵੇਲੇ ਛੋਟੇ ਬੇਟੇ ਨੇ ਰੌਲਾ ਪਾ ਦਿੱਤਾ ਮੈਂ ਤਾਂ ਸ਼ੇਰ ਵੇਖਣੇ, ਹਾਥੀ, ਮੌਂਕੀ ਵੇਖਣੇ। ਕਾਰ ਉਧਰ ਮੋੜ ਲਈ। ਵੱਡੇ ਬੇਟੇ ਨੇ ਨੱਕ ਬੁੱਲ੍ਹ ਚੜ੍ਹਾਏ, ਉਸ ਦੇ ਮਾਮੇ ਨੇ ਉਸ ਨੂੰ ਇਹ ਕਹਿ ਕੇ ਸ਼ਾਂਤ ਕਰ ਦਿੱਤਾ ਕਿ ਤੈਨੂੰ ਵੀ ਛੋਟੇ ਹੁੰਦੇ ਮਹੀਨੇ ਦੋ ਮਹੀਨੇ ਬਾਅਦ ਬਾਂਦਰਾਂ ਨੂੰ ਮਿਲਾਉਣ ਲੈ ਕੇ ਜਾਂਦੇ ਸੀ। ਉਂਝ ਛੋਟੇ ਬੇਟੇ ਮਾਹੀ ਤੋਂ ਬਿਨਾਂ ਸਾਰੇ ਜਲਦੀ ਜਲਦੀ ਕਸੌਲੀ ਅਪੜ੍ਹਨਾ ਚਾਹੁੰਦੇ ਸੀ। ਪਰ ਮਾਹੀ ਦੀ ਖੁਸ਼ੀ ਵਿੱਚ ਸਭ ਨੇ ਆਪਣੀ ਖੁਸ਼ੀ ਸਮਝੀ। ਉਂਝ ਵੀ ਹਾਥੀ ਨੂੰ ਝੂਮਦੇ ਵੇਖ ਜਾਂ ਬਾਂਦਰ ਨੂੰ ਟਪੂਸੀਆਂ ਮਾਰਦੇ ਦੇਖ ਜਦੋਂ ਬੱਚੇ ਕਿਲਕਾਰੀਆਂ ਮਾਰਦੇ ਹਨ, ਉਨ੍ਹਾਂ ਦੇ ਮਾਸੂਮ ਹਾਸੇ ਮਾਪਿਆਂ ਨੂੰ ਗਦ-ਗਦ ਕਰ ਦਿੰਦੇ ਹਨ, ਬਸ ਇਹੀ ਕਮਾਲ ਹੈ ਕੁਦਰਤ ਦਾ। ਉਂਝ ਇਹ ਛੱਤਬੀੜ ਮੇਰੇ ਪਰਿਵਾਰ ਦਾ ਦੋ ਮਹੀਨੇ ਵਿੱਚ ਦੂਜਾ ਗੇੜ੍ਹਾ ਸੀ। ਮੈਂ ਅਕਸਰ ਮਹੀਨੇ ਦੋ ਮਹੀਨੇ ਬਾਅਦ ਸ਼ਿਮਲਾ ਜਾਂ ਕਸੌਲੀ ਜਾਂਦਾ ਰਹਿੰਦਾ ਹਾਂ। ਕਈ ਵਾਰ ਤਾਂ ਪਟਿਆਲੇ ਤੋਂ ਪਰਵਾਣੂ ਜਾਂ ਜਾਬਲੀ ਤੱਕ ਜਾ ਕੇ ਹੀ ਵਾਪਸ ਆ ਜਾਈਦੈ। ਇਸ ਵਾਰ ਬੱਚਿਆਂ ਦਾ ਮਾਮਾ ਕਲਕੱਤੇ ਤੋਂ ਆਇਆ ਸੀ, ਉਸ ਨੂੰ ਕਸੌਲੀ ਘੁਮਾਉਣ ਦਾ ਪ੍ਰੋਗਰਾਮ ਅਚਾਨਕ ਬਣਿਆ ਸੀ। ਪਿਆਰੇ ਪਾਠਕੋ। ਵੈਸੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਅਗਰ ਨਹੀਂ ਪਤਾ ਤਾਂ ਨੋਟ ਕਰੋ ਬੀਵੀ ਨੂੰ ਖੁਸ਼ ਕਰਨ ਦਾ ਇਕ ਵੱਡਾ ਸੂਤਰ ਹੈ ਕਿ ਬੱਚਿਆਂ ਦੇ ਮਾਮਿਆਂ ਦੀ ਖੂਬ ਸੇਵਾ ਕਰੋ। ਖ਼ੈਰ ਡੇਢ ਵਜੇ ਛੱਤ ਬੀੜ ਤੋਂ ਅਸੀਂ ਵਿਦਾ ਲੈ ਕਸੌਲੀ ਨੂੰ ਚਾਲੇ ਪਾਏ। ਨਾਡਾ ਸਾਹਿਬ ਤੋਂ ਹੀ ਕੱਚੇ ਪਹਾੜ ਸ਼ੁਰੂ ਹੋ ਜਾਂਦੇ ਹਨ ਅਤੇ ਕਾਲਕਾ ਟੱਪਦੇ ਹੀ ਕੁਦਰਤ ਦੀ ਖੂਬਸੂਰਤੀ ਦਿਲ ਨੂੰ ਧਾਹ ਪਾਉਂਦੀ ਹੈ। ਪਰਵਾਣੂ, ਜਾਬਲੀ ਰੁਕਦੇ ਰੁਕਾਉਂਦੇ ਸ਼ਾਮ ਚਾਰ ਸਵਾ ਚਾਰ ਵਜੇ ਕਸੌਲੀ ਪਹੁੰਚ ਗਏ। ਕਸੌਲੀ ਛੋਟਾ ਜਿਹਾ ਬਜ਼ਾਰ ਹੈ ਪਰ ਔਰਤਾਂ ਲਈ ਬਾਜ਼ਾਰ ਵੱਡਾ ਹੋਵੇ ਜਾਂ ਛੋਟਾ ਖਰੀਦਦਾਰੀ ਬਹੁਤ ਭਾਉਂਦੀ ਹੈ। ਘੰਟਾ ਇਥੇ ਹੋਰ ਲੱਗ ਗਿਆ। ਸੋ ਆਖਰ ਸਵਾ ਪੰਜ ਵਜੇ ਉਹ ਘੜੀਆਂ ਆਈਆਂ ਜਿਸ ਲਈ ਮੇਰੇ ਦੋਨੋਂ ਬੇਟੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਉਹ ਸੀ ਮੌਂਕੀ ਪੁਆਇੰਟ ਦੀ ਯਾਤਰਾ। ਮੌਂਕੀ ਪੁਆਇੰਟ ਕਸੌਲੀ ਦੀ ਪਹਾੜੀਆਂ ਤੋਂ ਸਭ ਤੋਂ ਉ¤ਚੀ ਪਹਾੜੀ ਹੈ ਅਤੇ ਉਥੇ ਹਨੂੰਮਾਨ ਜੀ ਦਾ ਮੰਦਰ ਹੈ। ਰਵਾਇਤ ਹੈ ਕਿ ਲਕਸ਼ਮਣ ਮੂਰਛਤ ਸਮੇਂ ਸੰਜੀਵਨੀ ਬੂਟੀ ਲਿਆਉਣ ਦੌਰਾਨ ਜਦੋਂ ਹਨੂੰਮਾਨ ਜੀ ਨੇ ਸਾਰਾ ਪਹਾੜ ਆਪਣੇ ਹੱਥ ਵਿੱਚ ਚੁੱਕਿਆ ਸੀ। ਉਨ੍ਹਾਂ ਦਾ ਇਕ ਪੈਰ ਜਾਖੂ ਮੰਦਰ ਸ਼ਿਮਲੇ ਅਤੇ ਦੂਜਾ ਪੈਰ ਇਥੇ ਕਸੌਲੀ ਦੇ ਮੌਂਕੀ ਪੁਆਇੰਟ ’ਤੇ ਸੀ। ਲੋਕ ਸ਼ਰਤ ਲਾ ਕੇ ਮੌਂਕੀ ਪੁਆਇੰਟ ਦੀ ਚੜ੍ਹਾਈ ਚੜ੍ਹਦੇ ਹਨ ਅਤੇ ਇਕ ਦੂਜੇ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦੇ ਹਨ। ਸਰਦੀਆਂ ਦੀ ਰੁਤ ਸੀ ਜਦੋਂ ਮੌਂਕੀ ਪੁਆਇੰਟ ਦੀਆਂ ਜੜ੍ਹਾਂ ਵਿੱਚ ਬਣੇ ਏਅਰ ਫੋਰਸ ਸਟੇਸ਼ਨ ’ਤੇ ਪਹੁੰਚੇ ਉਸ ਸਮੇਂ ਸਾਢੇ ਪੰਜ ਵਜ ਚੁੱਕੇ ਸੀ।
ਜਦੋਂ ਮੈਂ ਸਮੇਂ ਦੇ ਡਿਊਟੀ ਅਫਸਰ ਨੂੰ ਜਾਣ ਲਈ ਪਾਸ ਦੀ ਮੰਗ ਕੀਤੀ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਉਹ ਵੀ ਸੱਚਾ ਸੀ, ਟਾਇਮ ਖਤਮ ਹੋ ਚੁੱਕਾ ਸੀ। ਬੱਚਿਆਂ ਦੇ ਮੂੰਹ ਉ¤ਤਰ ਗਏ, ਮੈਨੂੰ ਉਨ੍ਹਾਂ ਦੇ ਚਿਹਰੇ ਦੀ ਉਦਾਸੀ ਲੂ ਰਹੀ ਸੀ। ਮੈਂ ਇਕ ਹੋਰ ਹੰਭਲਾ ਮਾਰਿਆ, ਫਿਰ ਬੇਨਤੀ ਕੀਤੀ ਕਿ ਉਹ ਹਨੂੰਮਾਨ ਜੀ ਦੀ ਸੁਖਣਾ ਉਤਾਰਨ ਬੜੀ ਦੂਰੋਂ ਆਏ ਹਨ। ਮੈਨੂੰ ਉਸ ਅਫਸਰ ਦੇ ਮੱਥੇ ’ਤੇ ਲੱਗੇ ਟਿਕੇ ਤੋਂ ਇਹ ਅਨੁਭਵ ਹੋਇਆ ਹੈ ਕਿ ਉਹ ਹਨੂੰਮਾਨ ਦਾ ਭਗਤ ਲਗਦਾ ਸੀ ਤੇ ਮੈਂ ਉਸ ਦੇ ਧਾਰਮਿਕ ਜਜ਼ਬਾਤ ਨੂੰ ਪੰਘਰਾ ਕੇ ਲਾਹਾ ਲੈਣਾ ਚਾਹੁੰਦਾ ਸੀ। ਪਰ ਉਹ ਟੱਸ ਤੋਂ ਮਸ ਨਾ ਹੋਇਆ। ਹੁਣ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਮੇ ਦਾ ਵੀ ਮੂੰਹ ਉ¤ਤਰ ਗਿਆ। ਸਾਰੇ ਟਰਿੱਪ ਦਾ ਮਜ਼ਾ ਕਿਰਕਿਰਾ ਹੋ ਰਿਹਾ ਸੀ। ਬੱਚੇ ਕਈ ਦਿਨਾਂ ਤੋਂ ਇਸ ਮੌਕੇ ਦੀ ਉਡੀਕ ਵਿੱਚ ਸਨ। ਇੰਨੇ ਨੂੰ ਮੇਰੀ ਬੀਵੀ ਕਾਰ ਵਿੱਚੋਂ ਉ¤ਤਰ ਕੇ ਉਸ ਦਫਤਰ ਕੋਲ ਆ ਗਈ ਜਿਥੇ ਮੈਂ ਉਸ ਅਫਸਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੀ ਬੀਵੀ ਨੇ ਉਸ ਅਫਸਰ ਨੂੰ ਵੇਖਿਆ ਅਤੇ ਵੇਖਣ ਸਾਰ ਬੰਗਾਲੀ ਵਿੱਚ ਕਿਹਾ ਕਿ, ‘‘ਤੁਮੀਂ ਬੰਗਾਲੀ ਆਚੋ’’ (ਤੂੰ ਬੰਗਾਲੀ ਹੈਂ) ਆਪਣੀ ਮਾਂ ਬੋਲੀ ਸੁਣ ਕੇ ਉਸ ਦੇ ਚਿਹਰੇ ’ਤੇ ਖੁਸ਼ੀ ਦੀ ਲਹਿਰ ਸਪੱਸ਼ਟ ਨਜ਼ਰ ਆ ਰਹੀ ਸੀ।
ਆਮੀਓ ਬੰਗਾਲੀ ਆਚੀ (ਦਾਦਾ, ਮੈਂ ਵੀ ਬੰਗਾਲ ਤੋਂ ਹਾਂ)
ਆਮਾਰ ਭਾਈ ਕੋਲਕਾਤਾ ਤੇ ਆਸਚੇ (ਇਹ ਮੇਰਾ ਭਰਾ ਕਲਕੱਤੇ ਤੋਂ ਮਿਲਣ ਆਇਆ ਹੈ)
‘‘ਆਪਨਾਰ ਬਾੜੀ ਕੋਥਾਏ’’ (ਤੁਸੀਂ ਕਿਥੇ ਰਹਿੰਦੇ ਹੋ)
‘‘ਡਨਲਪ ਬਰਿਜ’’ ਬੀਵੀ ਨੇ ਦੱਸਿਆ।
‘‘ਆਮਾਰ ਬਾੜੀ ਦਖਨੇਸ਼ਵਰ ਆਚੇ’’ (ਮੇਰਾ ਘਰ ਦਖਨੇਸ਼ਵਰ ਹੈ)
‘‘ਤੁਸੀਂ ਜਲਦੀ ਜਲਦੀ ਮੰਦਰ ਜਾ ਆਓ। ਪਹਿਲਾਂ ਹੀ ਬਹੁਤ ਲੇਟ ਹੋ।’’ ਹੁਣ ਉਹ ਅਫਸਰ ਸਾਨੂੰ ਪਾਸ ਫੜਾ ਕੇ ਜਲਦੀ ਜਾਣ ਦੀ ਤਾਕੀਦ ਕਰ ਰਿਹਾ ਸੀ।
ਬੱਚੇ ਕਿਲਕਾਰੀਆਂ ਮਾਰ ਕੇ ਪਹਾੜ ਉ¤ਤੇ ਚੜ੍ਹਨ ਲੱਗੇ। ਸਰਦੀ ਵੱਧ ਰਹੀ ਸੀ। ਮੰਦਰ ਦੇ ਨੇੜੇ ਪਹੁੰਚ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਉਥੇ ਕੰਨਟੀਨ ਵਾਲਾ ਚਾਹ ਤਿਆਰ ਕਰੀ ਖੜ੍ਹਾ ਸੀ ਜਿਸ ਦੀ ਸਾਨੂੰ ਬਹੁਤ ਲੋੜ ਸੀ। ਜਦ ਅਸੀਂ ਪੈਸੇ ਦੇਣ ਲੱਗੇ ਤਾਂ ਉਹ ਕਹਿ ਰਿਹਾ ਸੀ।
‘‘ਨਹੀਂ ਜੀ, ਹਮ ਪੈਸੇ ਕੈਸੇ ਲੇ ਸਕਤੇ ਹੈਂ, ਆਪ ਤੋਂ ਬੈਨਰਜੀ ਬਾਬੂ ਕੇ ਗੈਸਟ ਹੈਂ।’’
ਪਹਾੜ ਦੀ ਟੀਸੀ ’ਤੇ ਪਹੁੰਚ ਕੇ ਮੈਂ ਸੋਚ ਰਿਹਾ ਸੀ ਕਿ ਉ¤ਚੀਆਂ-ਉ¤ਚੀਆਂ ਚੋਟੀਆਂ ਸਰ ਕਰਨ ਲਈ ਮਾਂ ਬੋਲੀ ਦੀ ਪੌੜੀ ਵੀ ਕਿੰਨੀ ਜ਼ਰੂਰੀ ਹੈ।

WRITTEN BY