April 15, 2026 4:12 pm

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਸਿਹਤ ਵਿਗੜੀ, ਕਾਂਗਰਸ ਵਿਧਾਇਕ ਦਲ ਦੀ ਬੈਠਕ ਛੱਡ ਕੇ ਲਿਜਾਇਆ ਗਿਆ ਦਿੱਲੀ

ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ ਤਿਆਰੀਆਂ ਲਈ ਕਾਂਗਰਸ ਵਿਧਾਇਕ ਦਲ ਦੀ ਬੈਠਕ ਲੈਣ ਚੰਡੀਗੜ੍ਹ ਪੁੱਜੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਤਬੀਅਤ ਅਚਾਨਕ ਵਿਗੜ ਗਈ। ਹੁੱਡਾ ਦਾ ਬਲੱਡ ਪ੍ਰੈੱਸ਼ਰ ਵੱਧ ਗਿਆ ਤੇ ਚੱ…

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ ਤਿਆਰੀਆਂ ਲਈ ਕਾਂਗਰਸ ਵਿਧਾਇਕ ਦਲ ਦੀ ਬੈਠਕ ਲੈਣ ਚੰਡੀਗੜ੍ਹ ਪੁੱਜੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਤਬੀਅਤ ਅਚਾਨਕ ਵਿਗੜ ਗਈ। ਹੁੱਡਾ ਦਾ ਬਲੱਡ ਪ੍ਰੈੱਸ਼ਰ ਵੱਧ ਗਿਆ ਤੇ ਚੱਕਰ ਆਉਣ ਲੱਗੇ, ਜਿਸ ਕਾਰਨ ਉਨ੍ਹਾਂ ਨੂੁੰ ਇਲਾਜ ਲਈ ਤੁਰੰਤ ਦਿੱਲੀ ਲਿਜਾਇਆ ਗਿਆ। ਬਾਅਦ ’ਚ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾ. ਨਰੇਸ਼ ਤ੍ਰੇਹਨ ਦੀ ਦੇਖਰੇਖ ’ਚ ਉਨ੍ਹਾਂ ਦਾ ਇਲਾਜ ਚੱਲਿਆ। ਹੁੱਡਾ ਦੇ ਬਿਮਾਰ ਹੋ ਜਾਣ ਕਾਰਨ ਕਾਂਗਰਸ ਵਿਧਾਇਕ ਦਲ ਦੇ ਉਪ ਨੇਤਾ ਆਫਤਾਬ ਅਹਿਮਦ ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਲੈ ਕੇ ਬਜਟ ਸੈਸ਼ਨ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ।

ਵਿਰੋਧੀ ਧਿਰ ਦੇ ਆਗੂ ਭੁਪਿੰਦਰ ਹੁੱਡਾ ਸੋਮਵਾਰ ਨੂੰ ਹੀ ਚੰਡੀਗੜ੍ਹ ਪਹੁੰਚ ਗਏ ਸਨ। ਉਹ ਰੂਟੀਨ ’ਚ ਲੋਕਾਂ ਤੇ ਪਾਰਟੀ ਵਰਕਰਾਂ ਨਾਲ ਵਿਧਾਇਕਾਂ ਨੂੰ ਮਿਲੇ। ਅਚਾਨਕ ਉਨ੍ਹਾਂ ਨੂੰ ਚੱਕਰ ਆਉਣ ਦੀ ਸ਼ਿਕਾਇਤ ਹੋਈ। ਤੁਰੰਤ ਡਾਕਟਰਾਂ ਨੂੰ ਉਨ੍ਹਾਂ ਦੇ ਨਿਵਾਸ ’ਤੇ ਬੁਲਾਇਆ ਗਿਆ। ਹੁੱਡਾ ਦੀ ਸਾਰੀ ਮੁੱਢਲੀ ਜਾਂਚ ਹੋਈ। ਉਨ੍ਹਾਂ ਦਾ ਉੱਪਰਲਾ ਬਲੱਡ ਪ੍ਰੈੱਸ਼ਰ ਹਾਈ ਸੀ ਤੇ ਹੇਠਾਂ ਦਾ ਬਲੱਡ ਪ੍ਰੈੱਸ਼ਰ ਘੱਟ ਸੀ। ਮੰਗਲਵਾਰ ਨੂੰ ਵੀ ਜਦੋਂ ਉਨ੍ਹਾਂ ਦੀ ਤਬੀਅਤ ’ਚ ਸੁਧਾਰ ਨਹੀਂ ਹੋਇਆ ਤਾਂ ਹੈਲੀਕਾਪਟਰ ਜ਼ਰੀਏ ਉਨ੍ਹਾਂ ਨੂੰ ਤੁਰੰਤ ਦਿੱਲੀ ਲਿਜਾਇਆ ਗਿਆ। ਉੱਥੋਂ ਗੁਰੂਗ੍ਰਾਮ ਮੇਦਾਂਤਾ ਹਸਪਤਾਲ ’ਚ ਦਾਖ਼ਲ ਹੋਏ।

ਦੱਸਿਆ ਜਾਂਦਾ ਹੈ ਕਿ ਗੁਰੂਗ੍ਰਾਮ ’ਚ ਉਨ੍ਹਾਂ ਦੀ ਐੱਮਆਰਆਈ ਵੀ ਹੋਵੇਗੀ। ਮੁੱਢਲੀ ਜਾਂਚ ਮਗਰੋਂ ਹੁੱਡਾ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਹੁੱਡਾ ਦੀ ਤਬੀਅਤ ਠੀਕ ਰਹਿਣ ’ਤੇ ਹੀ ਉਹ 20 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਹਿੱਸਾ ਲੈ ਸਕਣਗੇ। 24 ਫਰਵਰੀ ਤੋਂ ਛੱਤੀਸਗੜ੍ਹ ਦੇ ਰਾਏਪੁਰ ’ਚ ਕਾਂਗਰਸ ਦਾ ਪੂਰਨ ਸੈਸ਼ਨ ਹੈ। ਹੁੱਡਾ ਕਿਸਾਨ ਤੇ ਖੇਤੀ ਸਬ-ਗਰੁੱਪ ਦੇ ਪ੍ਰਧਾਨ ਹਨ। ਉਨ੍ਹਾਂ ਦੀ ਤਬੀਅਤ ’ਚ ਸੁਧਾਰ ਹੋਇਆ ਤਾਂ ਉਹ ਬਜਟ ਸੈਸ਼ਨ ਤੇ ਰਾਏਪੁਰ ਸੈਸ਼ਨ ’ਚ ਹਿੱਸਾ ਲੈਣਗੇ।

Send this to a friend