ਉਤਰੀ ਕੋਰੀਆ ਦਾ ਹਾਲੀਆ ਕੀਤਾ ਗਿਆ ਪਰਮਾਣੂ ਪ੍ਰੀਖਣ 250 ਕਿਲੋ ਟਨ ਦਾ ਸੀ। ਇਹ ਹਾਲੇ ਤਕ ਦੁਨੀਆਂ ’ਚ ਹੋਏ ਕਿਸੇ ਵੀ ਨਕਲੀ ਧਮਾਕੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ। ਪ੍ਰੀਖਣ ਵਾਲੀ ਥਾਂ ਦੀਆਂ ਜਿਹੜੀਆਂ ਉਪਗ੍ਰਹਿ ਤਸਵੀਰਾਂ ਜਨਤਕ ਹੋਈਆਂ ਹਨ ਉਹ ਵੀ ਪੂਰਾ ਇਲਾਕਾ ਬਰਬਾਦ ਹੋੋਿੲਆ ਦਰਸਾ ਰਹੀਆਂ ਹਨ। ਉਤਰੀ ਕੋਰੀਆ ਨੇ ਤਿੰਨ ਸਤੰਬਰ ਨੂੰ ਆਪਣਾ ਛੇਵਾਂ ਪਰਮਾਣੂ ਪ੍ਰੀਖਣ ਕੀਤਾ ਸੀ। ਉਸ ਦਾ ਦਾਅਵਾ ਹੈ ਕਿ ਉਸ ਨੇ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕੀਤਾ ਜਿਸ ਨੂੰ ਉਹ ਆਪਣੇ ਬੈਲਿਸਟਿਕ ਮਿਜ਼ਾਇਲ ’ਚ ਫਿੱਟ ਕਰੇਗਾ। ਜ਼ਮੀਨ ਦੇ ਹੇਠਾਂ ਕੀਤੇ ਗਏ ਇਸ ਪ੍ਰੀਖਣ ਨਾਲ ਇਲਾਕੇ ਵਿੱਚ ਰਿਕਟਰ ਸਕੇਲ ’ਤੇ 6.3 ਸ਼ਕਤੀ ਦਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਸੀ। ਉਤਰੀ ਕੋਰੀਆ ਦੀ ਇਸ ਕਾਰਵਾਈ ਤੇ ਅਮਰੀਕਾ ਨੇ ਵਾਹਵਾ ਗੁੱਸਾ ਮਨਾਇਆ ਹੈ। ਜਪਾਨ-ਦੱਖਣੀ ਕੋਰੀਆ ਨੇ ਵੀ ਉਤਰੀ ਕੋਰੀਆ ਦੀ ਇਸ ਭੱਬਕੀ ਨੂੰ ਬੁਰੀ ਤਰ੍ਹਾਂ ਲਿਆ ਹੈ। ਅਮਰੀਕਾ ਤੇ ਦੱਖਣੀ ਕੋਰੀਆ ਨੇ ਤਾਂ ਆਪਣੇ ਜੰਗਜ਼ੂ ਜਹਾਜ਼ ਵੀ ਉਤਰੀ ਕੋਰੀਆ ਖੇਤਰ ਉਤੋਂ ਲੰਘਾਏ ਹਨ ਤੇ ਆਪਣੀ ਤਾਕਤ ਦਾ ਮੁਜ਼ਾਹਰਾ ਵੀ ਕਰ ਦਿੱਤਾ ਹੈ।
ਅਮਰੀਕੀ ਚੁਣੌਤੀ ਨਾਲ ਨਜਿੱਠੇਗਾ ਉਤਰੀ ਕੋਰੀਆ:- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਤਾਜ਼ਾ ਪਾਬੰਦੀਆਂ ਨੂੰ ਉਤਰੀ ਕੋਰੀਆ ਨੇ ਅਮਰੀਕਾ ਵੱਲੋਂ ਨਵਾਂ ਹਮਲਾ ਕਰਾਰ ਦਿੱਤਾ ਹੈ। ਉਹ ਉਸ ਨਾਲ ਨਿਪਟਣ ਲਈ ਆਪਣੀ ਕੋਸ਼ਿਸ਼ ਦੁੱਗਣੀ ਕਰੇਗਾ ਜਦ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇਲ ਸਪਲਾਈ ’ਚ 30 ਫੀਸਦੀ ਦੀ ਕਟੌਤੀ ਨੂੰ ਉਤਰੀ ਕੋਰੀਆ ਖਿਲਾਫ ਛੋਟਾ ਕਦਮ ਦੱਸਿਆ ਹੈ।ਉਤਰੀ ਕੋਰੀਆ ਦੇ ਪਰਮਾਣੂ ਅਤੇ ਮਿਜ਼ਾਈਲ ਵਿਕਸਿਤ ਪ੍ਰੋਗਰਾਮ ਨੂੰ ਰੋਕਣ ਲਈ ਉਨ੍ਹਾਂ ਨੇ ਹੋਰ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਪ੍ਰਗਟਾਈ ਹੈ। ਦੂਸਰੇ ਪਾਸੇ ਕੋਰੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ ਤਾਜ਼ਾ ਪਾਬੰਦੀ ਉਤਰੀ ਕੋਰੀਆ ਦੇ ਆਤਮ ਰੱਖਿਆ ਦੇ ਅਧਿਕਾਰ ਦੀ ਉਲੰਘਣਾ ਕਰਨ ਵਾਲੀ ਹੈ। ਇਸ ਦਾ ਮਕਸਦ ਪੂਰੀ ਤਰ੍ਹਾਂ ਆਰਥਿਕ ਨਾਕੇਬੰਦੀ ਕਰਕੇ ਉਤਰੀ ਕੋਰੀਆ ਅਤੇ ਉਸ ਦੇ ਨਾਗਰਿਕਾਂ ਨੂੰ ਬਦਹਾਲ ਕਰ ਦੇਣਾ ਹੈ।
ਉਤਰੀ ਕੋਰੀਆ ਦੇ ਹਮਲਾਵਰ ਰਵੱਈਏ ਨੂੰ ਦੇਖਦਿਆਂ ਪੂਰੇ ਇਲਾਕੇ ’ਚ ਫੌਜ਼ੀ ਤਣਾਅ ਦੇ ਹਾਲਾਤ ਪੈਦਾ ਹੋ ਚੁੱਕੇ ਹਨ। ਜਾਪਾਨ ਨੇ ਮਿਜ਼ਾਈਲ ਹਮਲਿਆਂ ਦੇ ਖਦਸ਼ੇ ਨੂੰ ਦੇਖਦਿਆਂ ਮੰਗਲਵਾ ਨੂੰ ਹੋਕਾਈਦੋ ਟਾਪੂ ’ਤੇ ਅਤਿਆਧੁਕਿ ਮਿਜ਼ਾਈਲ ਰੋਕੀ ਪ੍ਰਣਾਲੀ ਪੈਟਰੀਅਟ ਅਡਵਾਂਸਡ ਕੈਪੇਬਿਲਟੀ-3 ਤਾਇਨਾਤ ਕੀਤੀ ਹੈ। ਟਾਪੂ ’ਤੇ ਇਕ ਪੀਏਸੀ-3 ਪਹਿਲਾਂ ਹੀ ਤਾਇਨਾਤ ਕੀਤੀ ਜਾ ਚੁੱਕੀ ਹੈ। ਉਤਰੀ ਕੋਰੀਆ ਵੱਲੋਂ ਗੁਆਮ ਦੇ ਅਮਰੀਕੀ ਫੌਜੀ ਅੱਡੇ ਨੂੰ ਨਸ਼ਟ ਕਰਨ ਦੀ ਧਮਕੀ ਤੋਂ ਬਾਅਦ ਪਿਛਲੇ ਮਹੀਨੇ ਦੇਸ਼ ਦੇ ਪੱਛਮੀਂ ਹਿੱਸੇ ’ਚ ਵੀ ਇਹ ਪ੍ਰਣਾਲੀ ਲਗਾਈ ਗਈ ਸੀ। ਉਤਰੀ ਕੋਰੀਆ ਨੇ 29 ਅਗਸਤ ਤੇ 15 ਸਤੰਬਰ ਨੂੰ ਦੋ ਬੈਲੇਸਟਿਕ ਮਿਜ਼ਾਈਲਾਂ ਦਾਗੀਆਂ ਸਨ। ਦੋਵੇਂ ਮਿਜ਼ਾਈਲਾਂ ਉਤਰੀ ਜਾਪਾਨ ’ਚੋਂ ਗੁਜ਼ਰੀਆਂ ਸਨ। ਜਾਪਾਨ ਨੂੰ ਨਾਗਰਿਕਾਂ ਲਈ ਚਿਤਾਵਨੀ ਤਕ ਜਾਰੀ ਕਰਨੀ ਪਈ ਸੀ। ਰੱਖਿਆ ਮੰਤਰਾਲੇ ਦੇ ਬੁਲਾਰੇ ਕੇਂਸਾਕੂ ਮਿਜੂਸੇਕੀ ਨੇ ਦੱਸਿਆ ਕਿ ਹੋਕਾਈਦੋ ਦੇ ਦੱਖਣੀ ਹਿੱਸੇ ’ਚ ਗਰਾਊਂਡ ਸੈਲਫ-ਡਿਫੈਂਸ ਫੋਰਸ ਦੇ ਅੱਡੇ ’ਤੇ ਪੀਏਸੀ-3 ਤਾਇਨਾਤ ਕੀਤੀ ਗਈ ਹੈ। ਦੂਜੀ ਮਿਜ਼ਾਈਲ ਗੁਜ਼ਰਨ ਬਾਅਦ ਪ੍ਰਧਾਨ ਮੰਤਰੀ ਸਿੰਜ਼ੋ ਨੇ ਕਿਹਾ ਸੀ ਕਿ ਦੇਸ਼ ਉਤਰੀ ਕੋਰੀਆ ਦੀ ਉਕਸਾਵੇ ਵਾਲੀ ਕਾਰਵਾਈ ਨੂੰ ਸਹਿਣ ਨਹੀਂ ਕਰੇਗਾ।
ਕੀ ਚੀਨ ਤੇ ਰੂਸ ਉਤਰੀ ਕੋਰੀਆ ਦਾ ਤਖ਼ਤਾ ਪਲਟਣ ਦੇਣਗੇ ਬਾਰੇ ਵੀ ਉਤਸੁਕਤਾ ਬਣੀ ਹੋਈ ਹੈ। ਅਮਰੀਕਾ ਵਿਰੋਧੀ ਚੀਨ ਤੇ ਰੂਸ ਉਤਰੀ ਕੋਰੀਆ ਨਾਲ ਖੜੇ ਨਜ਼ਰ ਆ ਰਹੇ ਹਨ। ਚੀਨ ਦੇ ਇੱਕ ਮਾਹਿਰ ਨੇ ਕਿਹਾ ਹੈ ਕਿ ਚੀਨ ਤੇ ਰੂਸ ਬਿਲਕੁਲ ਨਹੀਂ ਚਾਹੁੰਦੇ ਕਿ ਉਤਰੀ ਕੋਰੀਆ ਤੇ ਅਮਰੀਕਾ ਪਾਬੰਦੀਆਂ ਲਾ ਕੇ ਉਥੋਂ ਦੀ ਸਰਕਾਰ ਦਾ ਤਖ਼ਤਾ ਪਲਟ ਦੇਵੇ। ਇਨ੍ਹਾਂ ਪਾਬੰਦੀਆਂ ਨਾਲ ਉਨ੍ਹਾਂ ਦੇ ਕੌਮੀ ਹਿੱਤ ਪ੍ਰਭਾਵਿਤ ਹੋਣਗੇ ਤੇ ਖੇਤਰੀ ਕੂਟਨੀਤਕ ਸੰਤੁਲਨ ਨੂੰ ਖਤਰਾ ਪੈਦਾ ਹੋਵੇਗਾ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਮਰੀਕਾ ਵੱਲੋਂ ਰੱਖੇ ਗਏ ਇਕ ਪ੍ਰਸਤਾਵ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ, ਜਿਸ ਵਿੱਚ ਉਤਰੀ ਕੋਰੀਆ ’ਤੇ ਹੁਣ ਤੱਕ ਦੀ ਸਭ ਤੋਂ ਸਖ਼ਤ ਪਾਬੰਦੀ ਲਾਗੂ ਕੀਤੀ ਗਈ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਲਿਆਓਨਿੰਗ ਅਕੈਡਮੀ ਆਫ਼ ਸੋਸ਼ਲ ਸਾਇੰਸਿਜ਼ ਵਿੱਚ ਕੋਰੀਅਨ ਸਟੱਡੀਜ਼ ’ਤੇ ਚੀਨੀ ਮਾਹਿਰ ਲੂ ਚਾਓ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਜਾਪਾਨ ਤੇ ਦੱਖਣੀ ਕੋਰੀਆ, ਉਤਰੀ ਕੋਰੀਆ ਨੂੰ ਰੋਕਣਾ ਚਾਹੁੰਦੇ ਹਨ ਤੇ ਆਰਥਿਕ ਤੇ ਫੌਜੀ ਦਬਾਅ ਰਾਹੀਂ ਉਸ ਦੀ ਸਰਕਾਰ ਨੂੰ ਪਲਟਣਾ ਚਾਹੁੰਦੇ ਹਨ। ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਚੀਨ ਤੇ ਰੂਸ ਇਸ ਨੂੰ ਸਵੀਕਾਰ ਨਹੀਂ ਕਰਨਗੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਕੌਮੀ ਹਿੱਤ ਪ੍ਰਭਾਵਿਤ ਹੋਣਗੇ ਤੇ ਖੇਤਰੀ ਕੂਟਨੀਤਕ ਸੰਤੁਲਨ ਨੂੰ ਖਤਰਾ ਪੈਦਾ ਹੋਵੇਗਾ।
ਚੀਨ-ਉਤਰੀ ਕੋਰੀਆ ਸਰਹੱਦ ਤੋਂ ਮਿਲੀ ਰਿਪੋਰਟ ਮੁਤਾਬਿਕ ਚੀਨ ਨੇ ਕਿਸੇ ਵੀ ਸੰਭਾਵਨਾ ਲਈ ਆਪਣੇ ਫੌਜੀਆਂ ਨੂੰ ਤਿਆਰ ਰੱਖਿਆ ਹੈ ਤੇ ਇਥੋਂ ਤੱਕ ਕਿ ਉਸ ਨੇ ਵੱਖ-ਵੱਖ ਗਤੀਵਿਧੀਆਂ ਨੂੰ ਧਿਆਨ ’ਚ ਰੱਖਦਿਆਂ ਫੌਜੀ ਅਭਿਆਸ ਵੀ ਕੀਤੇ ਹਨ। ਉਤਰੀ ਕੋਰੀਆ ਦੇ ਪਰਮਾਣੂ ਪ੍ਰੀਖਣਾਂ ਦੀ ਨਿਖੇਧੀ ਕਰਨ ਦੇ ਬਾਵਜੂਦ ਚੀਨ ਉਸ ਨੂੰ ਆਪਣਾ ਕਰੀਬੀ ਸਹਿਯੋਗੀ ਮੰਨਦਾ ਹੈ।
ਕਿਮ ਜੋਂਗ ਉਨ ਦਾ ‘ਸਿਰ ਕਲਮ’ ਕਰਨ ਲਈ ‘ਖ਼ਾਸ ਯੂਨਿਟ’ ਤਿਆਰ: 1960 ਦੇ ਦਹਾਕੇ ਦੇ ਅੰਤ ’ਚ ਉਤਰੀ ਕੋਰੀਆ ਦੇ ਕਮਾਂਡੋਜ਼ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਸਿਓਲ ਨੇ ਗੁਪਤ ਤਰੀਕੇ ਨਾਲ ਜੇਲ੍ਹ ਵਿੱਚ ਬੰਦ ਕੁਝ ਕੈਦੀਆਂ ਨੂੰ ਉਤਰੀ ਕੋਰੀਆ ਵਿੱਚ ਦਾਖਲ ਹੋ ਕੇ ਉਸ ਦੇ ਆਗੂ ਕਿਮ ਇਲ-ਸੰਗ ਦਾ ਸਿਰ ਕਲਮ ਕਰਨ ਦੀ ਸਿਖਲਾਈ ਦਿੱਤੀ ਸੀ। ਹੁਣ ਜਦੋਂ ਕਿਮ ਦੇ ਪੋਤੇ ਕਿਮ ਜੋਂਗ ਉਨ ਆਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਤੇਜ਼ੀ ਨਾਲ ਵਧਾ ਰਹੇ ਹਨ ਤਾਂ ਦੱਖਣੀ ਕੋਰੀਆ ਦੁਬਾਰਾ ਪਿਓਂਗਯਾਂਗ ਦੀ ਅਗਵਾਈ ਨੂੰ ਨਿਸ਼ਾਨਾ ਬਨਾਉਣ ਲਈ ਅਜਿਹੀ ਯੂਨਿਟ ਤਿਆਰ ਕਰ ਰਹੀ ਹੈ ਜੋ ਖ਼ਾਸ ਤੌਰ ਤੇ ਸਿਰ ਕਲਮ ਕਰਨ ਲਈ ਸਿੱਖਿਅਤ ਹੋਵੇਗੀ।
ਸੰਯੁਕਤ ਰਾਸ਼ਟਰ ’ਚ ਕਸ਼ਮੀਰ ਮੁੱਦਾ ਉਠਾਉਣ ਦੀ ਕੋਸ਼ਿਸ਼ ’ਚ ਲੱਗੇ ਪਾਕਿਸਤਾਨ ਨੂੰ ਭਾਰਤ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਜਨੇਵਾ ’ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਬੈਠਕ ’ਚ ਭਾਰਤੀ ਨੁਮਾਇੰਦੇ ਸੁਮਿਤ ਸੇਠ ਅਨੁਸਾਰ ਕਸ਼ਮੀਰ ਦੇ ਮੌਜੂਦਾ ਹਾਲਾਤ ਦੀ ਜੜ੍ਹ ’ਚ ਸਰਹੱਦ ਪਾਰ ਤੋਂ ਪਾਕਿਸਤਾਨ ਵੱਲੋਂ ਫੈਲਾਇਆ ਜਾ ਰਿਹਾ ਅੱਤਵਾਦ ਹੈ। ਪਾਕਿਸਤਾਨ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਦਾ ਸ਼ੋਸ਼ਣ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ।
ਯੂ.ਐਨ ਦੇ ਮਨੁੱਖੀ ਅਧਿਕਾਰ ਮੁਖੀ ਜੈਦ ਰਾਦ ਅਲ ਹੁਸੈਨ ਨੇ ਸੁਤੰਤਰ ਪਾਰਟੀ ਨੂੰ ਕਸ਼ਮੀਰ ’ਚ ਜਾਣ ਦੀ ਇਜਾਜ਼ਤ ਨਾ ਦੇਣ ਲਈ ਭਾਰਤ ਅਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ। ਇਸ ’ਤੇ ਜਨੇਵਾ ’ਚ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਫਾਰੂਕ ਆਮਿਲ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਰਿਪੋਰਟ ਭਾਰਤੀ ਇਲਾਕੇ ਤੋਂ ਆ ਰਹੀ ਹੈ। ਇਸ ਲਈ ਦੋਨਾਂ ਦੇਸ਼ਾਂ ਦੀ ਤੁਲਨਾ ਕਰਨਾ ਸਹੀ ਨਹੀਂ ਹੈ। ਭਾਰਤ ਨੇ ਇਸ ਦਾ ਤਿੱਖਾ ਜਵਾਬ ਦਿੰਦੇ ਹੋਏ ਕਿਹਾ, ‘ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਪਾਕਿਸਤਾਨ ਵੱਲੋਂ ਇਲਾਕੇ ’ਤੇ ਕਬਜ਼ਾ ਕਰਨ ਲਈ ਅੱਤਵਾਦ ਨੂੰ ਨੀਤੀ ਬਨਾਉਣ ਦੇ ਬਾਵਜੂਦ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਬਣਿਆ ਰਹੇਗਾ। ਭਾਰਤੀ ਜਵਾਨਾਂ ਦੀ ਲਗਾਤਾਰ ਮੌਤ ਇਸ ਮੁਸ਼ਕਿਲ ਹਾਲਾਤ ’ਚ ਉਨ੍ਹਾਂ ਵੱਲੋਂ ਵਰਤੇ ਜਾ ਰਹੇ ਧੀਰਜ ਦੀ ਮਿਸਾਲੀ ਨਿਸ਼ਾਨੀ ਹੈ।
ਭਾਰਤ ਤੇ ਚੀਨ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਵੀ ਚੀਨ ਪਾਕਿਸਤਾਨ ਨਾਲ ਆਪਣੀ ਦੋਸਤੀ ਲਈ ਲਗਾਤਾਰ ਹੱਥ ਵਧਾ ਰਿਹਾ ਹੈ। ਚੀਨ ਤੇ ਰੂਸ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਜੇਕਰ ਉਸਦੇ ਖਿਲਾਫ ਕੋਈ ਅਮਰੀਕੀ ਪ੍ਰਸਤਾਵ ਆਉਂਦਾ ਹੈ ਤਾਂ ਉਹ ਡਟਕੇ ਪਾਕਿ ਨਾਲ ਖੜੇ ਹਨ। ਟਰੰਪ ਪ੍ਰਸ਼ਾਸਨ ਦੇ ਰੁਖ ਤੋਂ ਪਾਕਿਸਤਾਨ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਦੇਰ-ਸਵੇਰ ਅਮਰੀਕਾ ਅੱਤਵਾਦ ਦੇ ਸਮਰਥਨ ਲਈ ਪਾਕਿਸਤਾਨ ’ਤੇ ਪਾਬੰਦੀਆਂ ਵਰਗੀ ਕਾਰਵਾਈ ਕਰ ਸਕਦਾ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਾਕਿਸਤਾਨ ਤੇ ਅਮਰੀਕਾ ਦੇ ਸਬੰਧਾਂ ਵਿੱਚ ਲਗਾਤਾਰ ਦੂਰੀ ਵਧ ਰਹੀ ਹੈ। ਪਹਿਲੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਨਾਂ ਲੈ ਕੇ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ ਅਤੇ ਉਸ ਨਾਲ ਸਖ਼ਤੀ ਕਰਨ ਦੀ ਚਿਤਾਵਨੀ ਦਿੱਤੀ ਹੈ। ਅਫਗਾਨ ਨੀਤੀ ਵਿੱਚ ਬਦਲਾਅ ਵੀ ਇਸੇ ਤਹਿਤ ਕੀਤਾ ਗਿਆ ਹੈ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਕਿ ਅੱਤਵਾਦੀਆਂ ਨਾਲ ਰਿਸ਼ਤਾ ਰੱਖਣ ਵਾਲੇ ਕੁਝ ਪਾਕਿਸਤਾਨੀ ਅਧਿਕਾਰੀਆਂ ਖਿਲਾਫ ਪਾਬੰਦੀ ਲਗਾਉਣ ’ਤੇ ਅਮਰੀਕਾ ਦੇ ਏਜੰਡੇ ਤੇ ਹੈ। ਇਸ ਦਾ ਪਤਾ ਲੱਗਣ ’ਤੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਨੇ ਕਿਹਾ ਸੀ ਕਿ ਪਾਕਿਸਤਾਨੀ ਅਧਿਕਾਰੀਆਂ ਖਿਲਾਫ ਕਿਸੇ ਵੀ ਕਾਰਵਾਈ ਨਾਲ ਅਮਰੀਕਾ ਦੇ ਅੱਤਵਾਦ ਰੋਕੂ ਅਭਿਆਨ ਨੂੰ ਮਦਦ ਨਹੀਂ ਮਿਲੇਗੀ। ਪਾਕਿਸਤਾਨ ਵਿੱਚ ਉਚ ਪੱਧਰ ’ਤੇ ਅਮਰੀਕਾ ’ਤੇ ਨਿਰਭਰਤਾ ਘੱਟ ਕਰਨ ਦਾ ਫੈਸਲਾ ਵੀ ਲਿਆ ਜਾ ਚੁੱਕਿਆ ਹੈ। ਦੂਜੇ ਪਾਸੇ ਨਾਲ ਹੀ ਪਾਕਿਸਤਾਨ ਨੇ ਚੀਨ ਅਤੇ ਰੂਸ ਨਾਲ ਵੀ ਸੰਪਰਕ ਕਰਕੇ ਪਾਕਿਸਤਾਨ ਨੂੰ ਸੰਭਾਵਤ ਅਮਰੀਕੀ ਕਾਰਵਾਈ ਤੋਂ ਬਚਾਉਣ ਲਈ ਮਿੰਨਤ ਵੀ ਕੀਤੀ ਹੈ।
ਚੀਨ ਤੇ ਰੂਸ ਉਤਰੀ ਕੋਰੀਆ ਦਾ ਤਖਤਾ ਪਲਟਣ ਦੇਣਗੇ?



