Skip to content
Independent perspectives. Global stories.
BREAKING

ਆਖਿਰ ਫਟ ਹੀ ਗਿਆ ਸੂਲਰ ਘਰਾਟ ਤੇ ਬਾਰੂਦ ਦਾ ਢੇਰ

Share this story

ਦਿੜ੍ਹਬਾ ਮੰਡੀ, 20 ਸਤੰਬਰ (ਸਤਪਾਲ ਖਡਿਆਲ)- ਕਸਬਾ ਸੂਲਰ ਘਰਾਟ ਵਿਖੇ ਪਿਛਲੇ ਕਈ ਸਾਲਾਂ ਤੋਂ ਜਰਨਲ ਸਟੋਰ ਦੀ ਆੜ ਵਿੱਚ ਪਟਾਖੇ ਬਣਾਉਣ ਦਾ ਕਾਰੋਬਾਰ ਆਖਿਰ ਬੀਤੀ ਰਾਤ ਮੌਤ ਦਾ ਭਿਆਨਕ ਮੰਜਰ ਧਾਰਨ ਕਰ ਗਿਆ ।ਜਦੋਂ ਤਕਰੀਬਨ ਰਾਤ 9 ਵਜੇ ਦੇ ਕਰੀਬ ਨੈਸਨਲ ਹਾਈਵੇ -71 ਤੇ ਗੁਰਦੁਆਰਾ ਸਾਹਿਬ ਦੇ ਨਾਲ ਬਣੀਆਂ ਕੋਠੀਆ ਚ ਹੋਏ ਵੱਡੇ ਧਮਾਕੇ ਨੇ ਜਿੱਥੇ ਆਸੇ ਪਾਸੇ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ। ਉਥੇ ਹੀ ਇਸ ਜਗ੍ਹਾ ਤੇ ਕੰਮ ਕਰਨ ਵਾਲੇ ਮਜਦੂਰਾਂ ਦੀ ਜਾਨ ਵੀ ਲੈ ਲਈ। ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਦੀਪ ਕੁਮਾਰ ਸਿੰਗਲਾ ਪੁੱਤਰ ਗਾਂਧੀ ਰਾਮ ਸਿੰਗਲਾ ਵਾਸੀ ਸੂਲਰ ਨੇ ਗਾਂਧੀ ਜਰਨਲ ਸਟੋਰ ਦੀ ਆੜ ਚ ਪਟਾਖਿਆ ਦਾ ਵੱਡਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਭਰੋਸੇਯੋਗ ਸੂਤਰਾਂ ਮੁਤਾਬਿਕ ਇਹ ਕਾਰੋਬਾਰ ਐਨੇ ਵੱਡੇ ਪੱਧਰ ਤੇ ਫੈਲ ਚੁੱਕਾ ਸੀ ਕਿ ਉਹ ਪੰਜਾਬ ਦੇ ਕਈ ਹਿੱਸਿਆ ਚ ਮਾਲ ਸਪਲਾਈ ਕਰਦਾ ਸੀ। ਇਸਦੇ ਨਾਲ ਹੀ ਉਸ ਨੇ ਇਸ ਛੋਟੇ ਜਿਹੇ ਕਸਬੇ ਵਿੱਚ ਸੱਤ-ਅੱਠ ਗਡਾਉਣ ਬਣਾ ਲਏ ਸਨ। ਜੋ ਕਾਨੂੰਨੀ ਤੌਰ ਤੇ ਭਾਵੇਂ ਨਜਾਇਜ ਸਨ ਪਰ ਪ੍ਰਸਾਸਨ ਤੇ ਰਾਜਨੀਤਿਕ ਲੋਕਾਂ ਨੂੰ ਦੇਣ ਵਾਲੇ ਚੜਾਵੇ ਕਾਰਨ ਇਸ ਨੂੰ ਕੋਈ ਰੋਕ ਟੋਕ ਨਹੀਂ ਕਰਦਾ ਸੀ। ਸਥਾਨਕ ਮੀਡੀਆ ਨੇ ਕਈ ਵਾਰ ਇਸ ਮੁੱਦੇ ਨੂੰ ਉਠਾਇਆ ਪ੍ਰੰਤੂ ਪ੍ਰਦੀਪ ਕੁਮਾਰ ਨੇ ਆਪਣੀ ਹੈਸੀਅਤ ਤੇ ਉਚ ਪਹੁੰਚ ਦਾ ਸਹਾਰਾ ਲੈ ਕੇ ਇਸ ਦੀ ਪ੍ਰਵਾਹ ਨਹੀਂ ਕੀਤੀ। ਜਿਸ ਜਗ੍ਹਾ ਤੇ ਧਮਾਕਾ ਹੋਇਆ ਹੈ ਇਹ ਅਤਿ ਸੰਵੇਦਨਸ਼ੀਲ ਸੀ। ਜਿਸ ਦੇ ਨੇੜੇ ਧਾਰਮਿਕ ਮੰਦਿਰ,ਗੁਰਦੁਆਰਾ ਸਾਹਿਬ,ਹਾਈਵੇ,ਅਨਾਜ ਮੰਡੀ ਤੇ ਲਗਪਗ 200 ਮੀਟਰ ਦੇ ਘੇਰੇ ਚ ਦਿੜ੍ਹਬਾ ਦੇ ਡੀਐਸਪੀ ਦਾ ਦਫਤਰ ਸੀ । ਇਸ ਬਾਰੇ ਸਥਾਨਕ ਲੋਕਾਂ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਪੂਰੀ ਜਾਣਕਾਰੀ ਸੀ।
ਅੱਜ ਧਮਾਕੇ ਤੋਂ ਬਾਆਦ ਜਿੱਥੇ ਪ੍ਰਸ਼ਾਸਨ ਦੀ ਕੂੰਭਕਰਨੀ ਨੀਂਦ ਖੁੱਲੀ ਹੈ ।ਉਥੇ ਆਲੇ ਦੁਆਲੇ ਦੇ ਪਿੰਡਾ ਤੇ ਸੂਲਰ ਘਰਾਟ ਦੇ ਲੋਕਾਂ ਚ ਦਹਿਸਤ ਦਾ ਮਾਹੌਲ ਸੀ। ਦਿੜ੍ਹਬਾ ਪੁਲਿਸ ਥਾਣੇ ਚ ਦਰਜ ਕਰਵਾਈ ਐਫਆਈਆਰ ਮੁਤਾਬਿਕ ਸੁਖਚੈਨ ਸਿੰਘ ਉਰਫ ਗਗਨ ਪੁੱਤਰ ਬਲਦੇਵ ਸਿੰਘ ਵਾਸੀ ਢੰਡੋਲੀਕਲਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਸਿੰਗਲਾ ਪੁੱਤਰ ਗਾਂਧੀ ਰਾਮ ਸਿੰਗਲਾ ਵਾਸੀ ਸੂਲਰ ਘਰਾਟ ਅਤੇ ਗਾਂਧੀ ਰਾਮ ਸਿੰਗਲਾ ਵਾਸੀ ਸੂਲਰ ਘਰਾਟ ਦੇ ਪਟਾਖਿਆ ਵਾਲੇ ਸਟੋਰ ਵਿੱਚ ਕੰਮ ਕਰਦਾ ਹਾਂ ।ਅੱਜ ਮੈਂ ਸ਼ਾਮ 8 ਵਜੇ ਤੱਕ ਕੰਮ ਕਰਕੇ ਘਰ ਨੂੰ ਜਾਣਾ ਸੀ ਤਾਂ ਰਾਤ ਦੀ ਡਿਊਟੀ ਵਾਲੇ ਵਿਆਕਤੀਆਂ ਵਿੱਚ ਮੇਰਾ ਸਕਾ ਭਰਾ ਗੁਰਪਿਆਰ ਸਿੰਘ ਉਮਰ 25 ਸਾਲ , ਗੁਰਸ਼ਰਨ ਸਿੰਘ ਪੁੱਤਰ ਗੁਰਜੰਟ ਸਿੰਘ 22 ਸਾਲ,ਕਰਮਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਉਮਰ 19 ਸਾਲ,ਭੁਪਿੰਦਰ ਸਿੰਘ ਪੁੱਤਰ ਤਰਸੇਮ ਸਿੰਘ 19 ਸਾਲ , ਗੁਰਮੇਲ ਸਿੰਘ ਪੁੱਤਰ ਮੀਂਹਾ ਸਿੰਘ ਉਮਰ 20 ਸਾਲ ਵਾਸੀ ਢੰਡੋਲੀ ਕਲਾਂ,ਧੰਨਾ ਸਿੰਘ ਪੁੱਤਰ ਸੁਖਦੇਵ ਸਿੰਘ ਮਹਿਰਾ ਵਾਸੀ ਢੰਡੋਲੀ ਖੁਰਦ,ਅਵਤਾਰ ਸਿੰਘ ਵਾਸੀ ਤਰੰਜੀਖੇੜਾ ਆਦਿ ਕੰਮ ਤੇ ਆ ਗਏ ਸੀ ।ਉਸ ਤੋਂ ਬਾਆਦ ਮੈਂ ਆਪਣੇ ਘਰ ਨੂੰ ਜਾ ਹੀ ਰਿਹਾ ਸੀ ਤਾਂ ਅਚਾਨਕ ਜੋਰਦਾਰ ਧਮਾਕੇ ਦੀ ਆਵਾਜ ਸੁਣਾਈ ਦਿੱਤੀ । ਉਸ ਤੋਂ ਬਾਆਦ ਮੈਂ ਵਾਪਿਸ ਗਡਾਉਣ ਚ ਆ ਕੇ ਵੇਖਿਆ ਤਾਂ ਦੋਵੇਂ ਪਟਾਖਿਆ ਦੇ ਗਡਾਉਣਾ ਵਿੱਚ ਅੱਗ ਲੱਗੀ ਹੋਈ ਸੀ ।ਦੋਵੇਂ ਗਡਾਉਣ ਤਹਿਸ ਨਹਿਸ ਹੋ ਚੁੱਕੇ ਸਨ । ਧਮਾਕਾ ਐਨਾ ਜੋਰਦਾਰ ਸੀ ਕਿ ਮਲਬਾ ਜੀਟੀ ਰੋਡ ਤੱਕ ਫੈਲਣ ਤੋਂ ਇਲਾਵਾ ਨਾਲ ਲੱਗਦੇ ਘਰਾਂ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾ ਚੁੱਕਾ ਸੀ। ਅੰਦਰ ਕੰਮ ਕਰਦੇ ਮਜਦੂਰਾਂ ਦੇ ਚੀਥੜੇ ਉਡ ਚੁੱਕੇ ਸਨ ।ਮਜਦੂਰਾਂ ਦੀਆਂ ਲਾਸਾ ਤੇ ਅੰਗ ਜੀਟੀ ਰੋਡ ਤੱਕ ਖਿਲਰੇ ਪਏ ਸਨ। ਇਸ ਘਟਨਾ ਤੋਂ ਤੁਰੰਤ ਬਾਆਦ ਹੀ ਜਿਲਾ ਪ੍ਰਸ਼ਾਸਨ ਦੇ ਉਚ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ । ਜਿੰਨਾ ਨੇ ਸਥਾਨਕ ਲੋਕਾਂ ਦੀ ਮੱਦਦ ਨਾਲ ਮ੍ਰਿਤਕਾਂ ਦੀਆਂ ਲਾਸਾਂ ਤੇ ਜਖਮੀਆ ਨੂੰ ਕਬਜੇ ਵਿੱਚ ਲਿਆ । ਇਸਦੇ ਨਾਲ ਹੀ ਨਾਲ ਲੱਗਦੇ ਘਰਾਂ ਦੇ ਵਸਨੀਕ ਕਰਮਜੀਤ ਸਿੰਘ ਦਾ ਪਰਿਵਾਰ ਵੀ ਦੋ ਬੱਚਿਆਂ ਸਮੇਤ ਜਖਮੀ ਹੋ ਗਿਆ।
ਜਿੰਨਾਂ ਦਾ ਘਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ।ਜਖਮੀਆਂ ਨੂੰ ਸਿਵਲ ਹਸਤਪਤਾਲ ਸੰਗਰੂਰ, ਪਟਿਆਲਾ ਤੇ ਪੀਜੀਆਈ ਚ ਦਾਖਿਲ ਕਰਵਾਇਆ ਗਿਆ ।ਜਿੰਨਾ ਚੋ ਕਈ ਦੀ ਹਾਲਤ ਗੰਭੀਰ ਬਣੀ ਹੋਈ ਹੈ ।ਖਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਸਨ ।ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਕਾਂ ਜਾਹਿਰ ਕੀਤੀ ਜਾ ਰਹੀ ਹੈ ।ਇਸ ਘਟਨਾ ਨਾਲ ਇਲਾਕੇ ਚ ਸੋਗ ਦੀ ਲਹਿਰ ਹੈ।
ਕੀ ਕਹਿੰਦੇ ਹਨ ਮੌਕੇ ਤੇ ਪੁੱਜੇ ਅਧਿਕਾਰੀ ਤੇ ਰਾਜਨੀਤਿਕ ਲੋਕ-
ਇਸ ਮੌਕੇ ਪੁੱਜੇ ਐਸ ਐਸ ਪੀ ਸੰਗਰੂਰ ਸ੍ਰ ਮਨਦੀਪ ਸਿੰਘ ਸਿੱਧੂ ਨੇ ਜਿੱਥੇ ਘਟਨਾ ਸਥਾਨ ਦਾ ਜਾਇਜਾ ਲਿਆ ਉਥੇ ਹੀ ਕਥਿਤ ਦੋਸੀ ਪ੍ਰਦੀਪ ਕੁਮਾਰ ਸਿੰਗਲਾਂ ਪੁੱਤਰ ਗਾਂਧੀ ਰਾਮ ਸਿੰਗਲਾ ਤੇ ਗਾਂਧੀਰਾਮ ਸਿੰਗਲਾ ਖਿਲਾਫ ਧਮਾਕਾਖੇਜ ਐਕਟ ਮੁਤਾਬਿਕ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁੱਜੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਸਟਰ ਅਜੈਬ ਸਿਘ ਰਟੋਲਾਂ ਨੇ ਕਿਹਾ ਕਿ ਉਹ ਪੀੜਤ ਪਰਿਵਾਰਾ ਦੀ ਹਰ ਸੰਭਵ ਮੱਦਦ ਕਰਾਉਣ ਲਈ ਸਰਕਾਰ ਨੂੰ ਬੇਨਤੀ ਕਰਨਗੇ ।ਦੋਸੀ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕਰਨਗੇ।
ਹਲਕਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ । ਉਹਨਾਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾ ਨਾਲ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ ਇਹ ਸਾਰਾ ਵਰਤਾਰਾ ਪ੍ਰਸਾਸਨ ਦੀ ਮਿਲੀਭੁਗਤ ਦਾ ਨਤੀਜਾ ਹੈ । ਸ੍ਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਮ੍ਰਿਤਕਾ ਦੇ ਪਰਿਵਾਰਾ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਤੇ ਦਸ ਲੱਖ ਰੁਪਏ ਦਾ ਮੁਆਵਜਾ ਦੇਵੇ ।ਇਸ ਚ ਦੋਸੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਸਮੇਂ ਜਿੱਥੇ ਆਮ ਲੋਕ ਰਾਹਤ ਕਾਰਜਾ ਚ ਰੁੱਝੇ ਹੋਏ ਸਨ ਉਥੇ ਕੁੱਝ ਪੁਲਿਸ ਮੁਲਾਜਮ ਡੀਐਸਪੀ ਦਫਤਰ ਅੱਗੇ ਤਾਸ ਖੇਡਦੇ ਦੇਖੇ ਗਏ।

WRITTEN BY