ਸਾਦਿਕ, 18 ਸਤੰਬਰ (ਗੁਲਜ਼ਾਰ ਮਦੀਨਾ)-ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਲਈ 1 ਅਕਤੂਬਰ ਨੂੰ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਤੇ ਇਸ ਸਬੰਧੀ ਹਾਲੇ ਮੰਡੀਆਂ ਦੇ ਖਰੀਦ ਪ੍ਰਬੰਧ, ਬਾਰਦਾਨਾ ਤੇ ਸ਼ੈਲਰਾਂ ਦੀ ਅਲਾਟਮੈਂਟ ਤੋਂ ਬਾਅਦ ਖਰੀਦ ਇੰਸਪੈਕਟਰਾਂ ਦੀ ਡਿਊਟੀਆਂ ਵੀ ਲੱਗਣੀਆਂ ਹਨ ਤੇ ਹਰ ਸਾਲ ਦੀ ਤਰਾਂ ਝੋਨੇ ਦੀ ਸਰਕਾਰ ਖਰੀਦ 1 ਅਕਤੂਬਰ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਪਰ ਕਿਸਾਨਾਂ ਵੱਲੋਂ ਬਿਜਾਈ ਕੀਤੀ ਝੋਨੇ ਦੀ ਅਗੇਤੀ ਫਸਲ ਦੀ ਆਮਦ ਮੰਡੀਆਂ ’ਚ ਸ਼ੁਰੂ ਹੋ ਗਈ ਹੈ। ਕਿਸਾਨ ਲਖਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੌਸਮ ਠੀਕ ਰਹਿਣ ਕਾਰਨ ਇਹ ਕਿਸਮ ਦੀ ਫਸਲ ਅਗੇਤੀ ਤਿਆਰ ਹੋਈ ਜਿਸ ਕਾਰਨ ਇਸ ਨੂੰ ਕੱਟ ਦਿੱਤਾ ਗਿਆ। ਇਸ ਸਬੰਧੀ ਜਦ ਮਾਰਕੀਟ ਕਮੇਟੀ ਸਾਦਿਕ ਦੇ ਸਕੱਤਰ ਪ੍ਰਿਤਪਾਲ ਸਿੰਘ ਕੋਹਲੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਖਰੀਦ ਕੇਂਦਰ ਵਿਚ ਛਾਂ, ਬਿਜਲੀ ਅਤੇ ਪਾਣੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਕਿਉਂਕਿ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਹੀ ਸ਼ੁਰੂ ਹੋਣੀ ਹੈ ਜਦੋਂ ਕਿ ਵਪਾਰੀ ਵਰਗ ਪਹਿਲਾਂ ਵੀ ਖਰੀਦ ਸ਼ੁਰੂ ਕਰ ਦਿੰਦਾ ਹੈ।
ਸਾਦਿਕ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ



