‘‘ਰਿਪੋਰਟਰ ਬਣਨ ਦਾ ਸੁਨਹਿਰੀ ਮੌਕਾ। ਲੋੜ ਹੈ ਪੱਤਰਕਾਰਾਂ ਦੀ ਅਤੇ ਕੈਮਰਾ ਮੈਨ ਦੀ। ਚਾਹਵਾਨ ਲੋਕ ਦਿੱਤੇ ਗਏ ਨੰਬਰ ’ਤੇ ਸੰਪਰਕ ਕਰਨ’’ ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਹੈ ਅੱਜ ਕੱਲ੍ਹ। ਅਜਿਹੇ ਵਿਗਿਆਪਨਾਂ ਤੋਂ ਇਲਾਵਾ ਮੈਨੂੰ ਨਿੱਜੀ ਤੌਰ ’ਤੇ ਹਰ ਮਹੀਨੇ ਦੋ ਚਾਰ ਫੋਨ ਆਉਂਦੇ ਹਨ ਜੋ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਸਿਖਲਾਈ ਲਈ ਟਰੇਨੀ ਜਾਂ ਇੰਟਰਨ ਦੇ ਤੌਰ ’ਤੇ ਬੁਲਾਉਂਦੇ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਨਖਾਹ ਕਿੰਨੀ ਦਿਓਗੇ ਤਾਂ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਪਹਿਲੇ ਤਿੰਨ ਮਹੀਨੇ ਤਾਂ ਅਸੀਂ ਕੰਮ ਸਿਖਾਵਾਂਗੇ ਅਤੇ ਫਿਰ ਉਨ੍ਹਾਂ ਦੀ ਸਕਿਲ ਦੇ ਮੁਤਾਬਿਕ ਤਨਖਾਹ ਵੀ ਦੇ ਦੇਵਾਂਗੇ। ਅਜਿਹੀ ਪੇਸ਼ਕਸ਼ ਜਦੋਂ ਕਿਸੇ ਚੰਗੇ ਅਖ਼ਬਾਰ ਜਾਂ ਟੀ.ਵੀ. ਚੈਨਲ ਵੱਲੋਂ ਆਉਂਦੀ ਹੈ ਤਾਂ ਮੈਂ ਬੱਚਿਆਂ ਨੂੰ ਉਨ੍ਹਾਂ ਦੀ ਸਕਿਲ ਜਾਂ ਪਰਬੀਨਤਾ ਮੁਤਾਬਿਕ ਸਲਾਹ ਦੇ ਦਿੰਦਾ ਹਾਂ ਅਤੇ ਸਿਫਾਰਸ਼ ਵੀ ਕਰ ਦਿੰਦਾ ਹਾਂ। ਕਈ ਵਾਰ ਚੈਨਲਾਂ ਵਾਲੇ ਯੂਨੀਵਰਸਿਟੀ ਆ ਕੇ ਵਿਦਿਆਰਥੀਆਂ ਦੇ ਟੈਸਟ ਲੈ ਕੇ ਯੋਗ ਵਿਦਿਆਰਥੀਆਂ ਨੂੰ ਚੁਣ ਲੈਂਦੇ ਹਨ। ਪਰ ਮੈਂ ਆਰੰਭ ਵਿੱਚ ਜਿਨ੍ਹਾਂ ਇਸ਼ਤਿਹਾਰਾਂ ਦੀ ਗੱਲ ਕੀਤੀ ਹੈ ਉਹ ਨਾ ਤਾਂ ਕਿਸੇ ਜਾਣੇ ਪਹਿਚਾਣੇ ਅਦਾਰੇ ਵੱਲੋਂ ਹੁੰਦੇ ਹਨ ਅਤੇ ਨਾ ਉਨ੍ਹਾਂ ਦੇ ਮਾਲਕਾਂ ਦੀ ਕੋਈ ਵਿਸ਼ਵਾਸਯੋਗਤਾ ਹੁੰਦੀ ਹੈ।
ਇਸ ਤਰ੍ਹਾਂ ਦਾ ਧੰਦਾ ਜ਼ਿਆਦਾਤਰ ਨਿਤ ਨਵੀਆਂ ਖੁਲ੍ਹ ਰਹੀਆਂ ਨਿਊਜ਼ ਵੈ¤ਬ ਸਾਈਟਾਂ ਦੁਆਰਾ ਕੀਤਾ ਜਾ ਰਿਹਾ ਹੈ। ਅਜਿਹੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਦੇ ਕੇ ਪੱਤਰਕਾਰੀ ਨੂੰ ਇਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਵੱਟਸਅੱਪ ਗਰੁੱਪਾਂ ’ਚ ਅਜਿਹੇ ‘ਜ਼ਰੂਰਤ ਹੈ’ ਵਾਲੇ ਇਸ਼ਤਿਹਾਰ ਅਕਸਰ ਦੇਖਣ ਨੂੰ ਮਿਲ ਜਾਂਦੇ ਹਨ। ਬਹੁਤ ਸਾਰੇ ਅਖ਼ਬਾਰਾਂ ਵਾਲੇ ਵੀ ਆਪਣੇ ‘ਵੈਬ ਚੈਨਲ’ ਲਈ ਪੱਤਰਕਾਰਾਂ ਦੀ ਮੰਗ ਵਾਲੇ ਵਿਗਿਆਪਨ ਵੀ ਦੇ ਰਹੇ ਹਨ। ਇਸ ਕੰਮ ਵਿੱਚ ਸਾਰੇ ਛੋਟੇ ਵੱਡੇ ਅਖ਼ਬਾਰ ਸ਼ਾਮਲ ਹਨ ਪਰ ਹੈਰਾਨੀ ਤਾਂ ਵੈਬਸਾਈਟਾਂ ਵੱਲੋਂ ਰਿਪੋਰਟਰਾਂ ਦੀ ਮੰਗ ਕਰਨ ਦੇ ਇਸ਼ਤਿਹਾਰਾਂ ’ਤੇ ਹੁੰਦੀ ਹੈ। ਇਕ ਸੀਨੀਅਰ ਰਿਪੋਰਟਰ ਨੇ ਦੱਸਿਆ ਕਿ ਉਸ ਨੇ ਅਜਿਹੇ ਇਕ ਇਸ਼ਤਿਹਾਰ ਨੂੰ ਹੁੰਗਾਰਾ ਦਿੰਦੇ ਹੋਏ ਇਕ ਨਿਊਜ਼ ਵੈਬਸਾਈਟ ਨੂੰ ਦਿੱਤੇ ਹੋਏ ਨੰਬਰ ’ਤੇ ਫੋਨ ਕੀਤਾ। ਉਸ ਨੂੰ ਪੁੱਛਿਆ ਗਿਆ ਕਿ ਮੇਰਾ ਪੱਤਰਕਾਰੀ ਦਾ ਕੋਈ ਅਨੁਭਵ ਹੈ ਅਤੇ ਮੈਂ ਨਾਂਹ ਵਿੱਚ ਜਵਾਬ ਦਿੱਤਾ ਤਾਂ ਉਨ੍ਹਾਂ ਨੇ ਪੁਛਿਆ ਕਿ ਮੈਂ ਪੱਤਰਕਾਰ ਕਿਉਂ ਬਣਨਾ ਚਾਹੁੰਦਾ ਹਾਂ। ਜਵਾਬ ਵਿੱਚ ਸੀਨੀਅਰ ਪੱਤਰਕਾਰ ਨੇ ਮਚਲੇ ਹੋ ਕੇ ਕਿਹਾ ਕਿ ਬਸ ਸ਼ੌਕ ਪੂਰਾ ਕਰਨਾ ਹੈ। ਇਸ ਤਰ੍ਹਾਂ ਇੰਟਰਵਿਊ ਦੇ ਡਰਾਮੇ ਤੋਂ ਬਾਅਦ ਨਿਊਜ਼ ਵੈਬਸਾਇਟ ਦੇ ਮਾਲਕ ਨੇ ਕਿਹਾ ਪੰਜ ਫੋਟੋਆਂ ਦੇ ਨਾਲ ਕੁਝ ਹਜ਼ਾਰ ਰੁਪਏ ਭੇਜੋ ਤਾਂ ਕਿ ਤੁਹਾਡੀ ਆਈ ਕਾਰਡ, ਅਥਾਰਟੀ ਲੈਟਰ ਅਤੇ ਮਾਈਕ ਆਈਡੀ ਭੇਜ ਸਕੀਏ। ਜਦੋਂ ਪੱਤਰਕਾਰ ਨੇ ਪੁਛਿਆ ਕਿ ਤਨਖਾਹ ਕਿੰਨੀ ਦੇਵੋਗੇ ਤਾਂ ਜਵਾਬ ਆਇਆ ਤਨਖਾਹ ਨਹੀਂ ਮਿਲੇਗੀ ਸਿਰਫ ਕਮਿਸ਼ਨ ਮਿਲੇਗਾ ਇਸ਼ਤਿਹਾਰਾਂ ਵਿੱਚੋਂ। ਜੋ ਵੀ ਇਸ਼ਤਿਹਾਰ ਤੁਸੀਂ ਲੈ ਕੇ ਆਓਗੇ ਤਾਂ ਤੁਹਾਨੂੰ 30-40ਫੀਸਦੀ ਕਮਿਸ਼ਨ ਦਿੱਤਾ ਜਾਵੇਗਾ। ਇਹ ਤੁਹਾਡੀ ਹਿੰਮਤ ਹੈ ਜਿੰਨੇ ਮਰਜ਼ੀ ਪੈਸੇ ਕਮਾ ਲਵੋ। ਇਸੇ ਤਰ੍ਹਾਂ ਵੱਖ-ਵੱਖ ਵੈਬ ਚੈਨਲਾਂ ਨੇ ਆਪੋ-ਆਪਣੇ ਤਰੀਕੇ ਖੋਜ ਰੱਖੇ ਨੇ ਪੈਸੇ ਬਟੋਰਨ ਦੇ ਅਤੇ ਪੱਤਰਕਾਰ ਬਣਾਉਣ ਦੇ। ਇਸ ਤਰ੍ਹਾਂ ਪੱਤਰਕਾਰ ਬਣਾਉਣ ਦਾ ਇਹ ਗੋਰਖਧੰਦਾ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਕਈ ਵਾਰ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਯੂਨੀਵਰਸਿਟੀਆਂ ਵਿੱਚ 2 ਸਾਲ ਪੂਰੀ ਮਿਹਨਤ ਤੋਂ ਬਾਅਦ ਥਿਊਰੀ ਅਤੇ ਪ੍ਰੈਕਟੀਕਲ ਕਰਵਾਕੇ ਪੱਤਰਕਾਰੀ ਦੀ ਡਿਗਰੀ ਦਿੰਦੇ ਹਾਂ। ਅਜਿਹੇ ਵੈਬ ਚੈਨਲ ਵਾਲੇ ਕੁਝ ਰੁਪਏ ’ਚ ਅਨਪੜ੍ਹਾਂ ਅਤੇ ਅੱਧਪੜਾਂ ਨੂੰ ਮਿੰਟਾਂ ਵਿੱਚ ਪੱਤਰਕਾਰ ਹੋਣ ਦਾ ਸਰਟੀਫਿਕੇਟ ਦੇ ਦਿੰਦੇ ਹਨ।
ਮੈਨੂੰ ਅਕਸਰ ਪੱਤਰਕਾਰੀ ਦੀ ਵਿਸ਼ਵਾਸਯੋਗਤਾ ਬਾਰੇ ਸਵਾਲ ਕੀਤੇ ਜਾਂਦੇ ਹਨ। ਹੁਣ ਆਪਣਾ ਝੱਗਾ ਚੱਕਾਂਗੇ ਤਾਂ ਕਹਿਣ ਦੀ ਲੋੜ ਨਹੀਂ ਤਾਂ ਕੀ ਹੋਵੇਗਾ। ਅਜਿਹੇ ਸੜਕਛਾਪ ਪੱਤਰਕਾਰ ਫਿਰ ਪੱਤਰਕਾਰੀ ਦੇ ਨਾਮ ’ਤੇ ਦਲਾਲੀ ਕਰਨ ਲੱਗਦੇ ਹਨ ਜਾਂ ਫਿਰ ਬਲੈਕ ਮੇਲਿੰਗ ਦੇ ਧੰਦੇ ਵਿੱਚ ਪੈ ਕੇ ਪੱਤਰਕਾਰੀ ਦਾ ਰੰਗ ਪੀਲਾ ਕਰ ਦਿੰਦੇ ਹਨ। ਪੈਸੇ ਦੇ ਕੇ ਆਈ ਕਾਰਡ ਖਰੀਦਣ ਵਾਲੇ ਪੱਤਰਕਾਰ ਆਪਣੇ ਵਾਹਨਾਂ ’ਤੇ ਪ੍ਰੈਸ ਲਿਖਵਾਕੇ ਗਰਦਨ ਅਕੜਾਈ ਫਿਰਦੇ ਨਜ਼ਰੀਂ ਪੈਂਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਰੋਅਬ ਝਾੜਦੇ ਹੋਏ ਕਈ ਵਾਰ ਆਪਣੀ ਝਾੜ-ਝੰਬ ਵੀ ਕਰਵਾ ਲੈਂਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਲੋਕ ਨੈਤਿਕਤਾ ਦੇ ਅਨੁਸਾਰ ਪੱਤਰਕਾਰੀ ਕਰਨ ਵਾਲੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਕਿਉਂਕਿ
ਪੀਨੇ ਵਾਲਾ ਏਕ ਹੋ ਜਾ ਦੋ
ਮੁਫ਼ਤ ਮੇਂ ਮੈਖਾਨਾ ਬਦਨਾਮ ਹੋਤਾ ਹੈ।
ਵੈਬ ਸਾਈਟਾਂ ਵੱਲੋਂ ਪੱਤਰਕਾਰ ਬਣਾਉਣ ਦਾ ਵੱਧ ਰਿਹੈ ਗੋਰਖਧੰਦਾ



