ਇਕ ਸ਼ਰਾਬੀ ਸੀ ਅਤੇ ਉਸ ਸ਼ਰਾਬੀ ਨੇ ਆਪਣਾ ਸਾਰਾ ਧਨ ਨਸ਼ੇ ਵਿੱਚ ਬਰਬਾਦ ਕਰ ਦਿੱਤਾ ਸੀ। ਉਸ ਦੇ ਦੋ ਪੁੱਤਰ ਸਨ। ਸ਼ਰਾਬੀ ਦੇ ਦੋਵੇਂ ਪੁੱਤਰਾਂ ਵਿੱਚੋਂ ਇਕ ਬਹੁਤ ਵੱਡਾ ਅਤੇ ਸਫ਼ਲ ਵਪਾਰੀ ਬਣਿਆ ਅਤੇ ਦੂਜਾ ਨਸ਼ੇੜੀ, ਗਰੀਬ ਅਤੇ ਬੇਕਾਰ ਆਦਮੀ ਬਣਿਆ। ਇਕ ਦਿਨ ਪੱਤਰਕਾਰਾਂ ਨੇ ਦੋਵਾਂ ਨੂੰ ਇੰਟਰਵਿਊ ਕੀਤਾ। ਸਫ਼ਲ ਵਪਾਰੀ ਨੇ ਦੱਸਿਆ, ‘‘ਮੈਂ ਆਪਣੇ ਪਿਤਾ ਕਾਰਨ ਸਫਲ ਹੋਇਆ ਹਾਂ। ਮੇਰਾ ਪਿਤਾ ਸ਼ਰਾਬੀ ਸੀ ਅਤੇ ਨਸ਼ੇ ਨਾਲ ਜ਼ਿੰਗਦੀ ਨਸ਼ਟ ਕਰ ਗਿਆ। ਮੈਂ ਸੋਚਿਆ ਕਿ ਮੈਂ ਕਦੇ ਵੀ ਨਸ਼ਾ ਨਹੀਂ ਕਰਾਂਗਾ ਅਤੇ ਪਿਤਾ ਵਾਂਗ ਜ਼ਿੰਦਗੀ ਖਰਾਬ ਨਹੀਂ ਕਰਾਂਗਾ ਅਤੇ ਨਾ ਹੀ ਗਰੀਬ ਕਰਾਂਗਾ। ਸੋ ਮੈਂ ਪਿਤਾ ਨੂੰ ਵੇਖਕੇ ਸਫਲ ਵਿਅਕਤੀ ਬਣਿਆ। ਦੂਜੇ ਪੁੱਤਰ ਦਾ ਜਵਾਬ ਸੀ ਕਿ ਮੈਂ ਸ਼ਰਾਬ ਪੀਣੀ ਆਪਣੇ ਪਿਤਾ ਤੋਂ ਸਿੱਖੀ। ਮੈਂ ਬਚਪਨ ਵਿੱਚ ਹੀ ਆਪਣੇ ਪਿਤਾ ਨੂੰ ਵੇਖ-ਵ੍ਯੇਖ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਸੋ ਮੇਰੀ ਇਸ ਹਾਲਤ ਦਾ ਮੇਰਾ ਪਿਤਾ ਹੀ ਜ਼ਿੰਮੇਵਾਰ ਹੈ।
ਸੂਤਰ ਸਪੱਸ਼ਟ ਹੈ ਕਿ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਘਟਨਾ, ਵਿਅਕਤੀ ਜਾਂ ਵਸਤੂ ਨੂੰ ਕਿਸ ਨਜ਼ਰ ਨਾਲ ਵੇਖਦੇ ਹਾਂ। ਇਕ ਹੀ ਪ੍ਰੇਰਨਾ ਸਰੋਤ ਤੋਂ ਵੱਖ-ਵੱਖ ਵਿਅਕਤੀ ਵੱਖ-ਵੱਖ ਗੱਲਾਂ ਸਿੱਖਦੇ ਹਨ। ਇਹ ਸਿੱਖਣ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰੇਰਨਾ ਨੂੰ ਕਿਸ ਨਜ਼ਰੀਏ ਤੋਂ ਵੇਖਦਾ ਹੈ। ਵੇਖਣ ਵਾਲੇ ਦੀ ਨਜ਼ਰ ’ਤੇ ਹੀ ਨਿਰਭਰ ਕਰਦਾ ਹੈ ਅਤੇ ਉਸ ਦੀ ਨਜ਼ਰ ਅਤੇ ਸੋਚ ਹੀ ਉਸ ਨੂੰ ਸਫ਼ਲਤਾ ਜਾਂ ਅਸਫ਼ਲਤਾ ਦੇ ਰਾਹ ਲੈ ਕੇ ਜਾਂਦੀ ਹੈ। ਜਦੋਂ ਕੋਈ ਆਪਣੇ ਮਨ ਵਿੱਚ ਉਸ ਨੂੰ ਪੂਰਾ ਕਰਨ ਹਿੱਤ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਜੁੱਟ ਜਾਂਦਾ ਹੈ ਤਾਂ ਕਾਮਯਾਬੀ ਅਵੱਸ਼ ਮਿਲਦੀ ਹੈ। ਧਨੀ ਰਾਮ ਚਾਤ੍ਰਿਕ ਵੀ ਅਜਿਹਾ ਹੀ ਕਹਿੰਦੇ ਹਨ :
ਜੋ ਤੂੰ ਚਾਹੇਂ ਬਣ ਸਕਦਾ ਹੈਂ,
ਹਿੰਮਤ ਅਤੇ ਇਰਾਦੇ ਨਾਲ।
ਤਾਰਿਆਂ ਤੋਂ ਭੀ ਪਾਰ ਪਹੁੰਚ ਜਾ,
ਯਾ ਗਿਰ ਕੇ ਧਸ ਜਾ ਪਤਾਲ।
ਕਰਮ ਕਲਪਤਰੂ ਢਲ ਦੇਂਦਾ ਹੈ,
ਮਨੋਕਾਮਨਾ ਦੇ ਅਨੁਸਾਰ,
ਖੇਤੀ ਕਰਮਾਂ ਸੇਤੀ, ਕਹਿੰਦੇ,
ਜੈਸੀ ਚਾਹੇ ਕਿਸਮਤ ਢਾਲ।
ਧਨੀ ਰਾਮ ਚਾਤ੍ਰਿਕ ਵੀ ਇਹੀ ਕਹਿ ਰਹੇ ਨੇ ਕਲਪਤਰੂ ਬ੍ਰਿਖ ਤੁਹਾਡੀ ਮਨੋਕਾਮਨਾ ਦੇ ਅਨੁਸਾਰ ਹੀ ਫਲ ਦਿੰਦਾ ਹੈ। ਸੋ ਜੋ ਤੁਹਾਡੀ ਦ੍ਰਿਸ਼ਟੀ ਅਨੁਸਾਰ ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ :
ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ।
ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਇਕ ਵਿਚਾਰ ਲਵੋ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਵੋ, ਉਸ ਵਿਚਾਰ ਬਾਰੇ ਸੋਚੋ, ਉਸ ਦੇ ਸੁਪਨੇ ਲਵੋ, ਉਸ ਵਿਚਾਰ ਨੂੰ ਜੀਓ, ਆਪਣੇ ਮਸਤਿਕ, ਮਾਸਪੇਸ਼ੀਆਂ, ਨਸ਼ਾ, ਸਰੀਰ ਦੇ ਹਰ ਹਿੱਸੇ ਨੂੰ ਉਸ ਵਿਚਾਰ ਵਿੱਚ ਡੁੱਬ ਜਾਣ ਦੇਵੋ ਅਤੇ ਬਾਕੀ ਸਾਰੇ ਵਿਚਾਰ ਇਕ ਪਾਸੇ ਰੁੱਖ ਦਿਉ। ਇਹੀ ਸਫਲਤਾ ਦਾ ਤਰੀਕਾ ਹੈ। ਸੋ, ਸਪੱਸ਼ਟ ਹੈ ਕਿ ਵਿਚਾਰ ਹੀ ਸਾਡੀ ਜ਼ਿੰਦਗੀ ਬਣਾਉਂਦੇ ਹਨ। ਅਜਿਹਾ ਵਿਚਾਰ ਲਈ ਸਾਨੂੰ ਲਗਾਤਾਰ ਪ੍ਰੇਰਿਤ ਹੋਣ ਦੀ ਲੋੜ ਹੁੰਦੀ ਹੈ।
ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਹਮੇਸ਼ਾ ਆਪਣੇ ਉਦੇਸ਼ ਨੂੰ ਯਾਦ ਰੱਖੋ ਅਤੇ ਆਪਣੇ ਆਪ ਨੂੰ ਸਵਾਲ ਕਰੋ ਕਿ ਆਪਣੇ ਮੰਤਵ ਨੂੰ ਪੂਰਾ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ਅਤੇ ਜੋ ਕੰਮ ਤੁਸੀਂ ਕਰ ਰਹੇ ਹੋ ਉਸ ਬਾਰੇ ਸੋਚੋ ਕਿ ਉਹ ਕੰਮ ਤੁਹਾਡੇ ਉਦੇਸ਼ ਦੀ ਪੂਰਤੀ ਵਿੱਚ ਮੱਦਦਗਾਰ ਹੈ ਕਿ ਨਹੀਂ। ਇਹ ਵੀ ਸੋਚਿਆ ਜਾਣਾ ਚਾਹੀਦਾ ਹੈ ਕਿ ਮੇਰਾ ਕਿਹੜਾ ਕੰਮ ਮੈਨੂੰ ਆਪਣੀ ਮੰਜ਼ਿਲ ਦੀ ਤਰਫ ਲੈ ਕੇ ਜਾ ਰਿਹਾ ਹੈ ਜਾਂ ਲਿਜਾ ਸਕਦਾ ਹੈ। ਆਪਣੇ ਆਪ ਨੂੰ ਸਕਾਰਤਮਕ ਵਿਚਾਰਾਂ ਨਾਲ ਭਰਪੂਰ ਰੱਖਣਾ ਚਾਹੀਦਾ ਹੈ। ਆਪਣਾ ਮੇਲ ਜੋਲ ਸਕਾਰਤਮਕ ਸੋਚ ਵਾਲੇ ਲੋਕਾਂ ਨਾਲ ਰੱਖਣਾ ਚਾਹੀਦਾ ਹੈ। ਨਕਾਰਤਮਕ ਗੱਲਾਂ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਣੀਆਂ ਚਾਹੀਦੀਆਂ ਹਨ।
ਸਫ਼ਲਤਾ ਲਈ ਲੋੜੀਂਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਨ ਦੇ ਯਤਨ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਹਿੰਮਤ ਅਤੇ ਹੌਂਸਲਾ ਵਧਾਉਣ ਵਾਲਾ ਸਾਹਿਤ ਪੜ੍ਹਦੇ ਰਹਿਣੇ ਚਾਹੀਦਾ ਹੈ। ਪ੍ਰੋ. ਜਗਤਾਰ ਦਾ ਆਹ ਸ਼ੇਅਰ ਪੜ੍ਹਿਆ ਜਾ ਸਕਦਾ ਹੈ :
ਜੇ ਘਰਾਂ ਤੋਂ ਤੁਰ ਪਏ ਹੋ ਦੋਸਤ
ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ
ਜਦੋਂ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ
ਜਦ ਤੁਰੋ ਤਾਂ ਰੌਸ਼ਨੀ ਵਾਂਗੂੰ ਤੁਰੋ।
ਜਦ ਤੁਰੋ ਤਾਂ ਰੌਸ਼ਨੀ ਵਾਂਗ ਤੁਰੋ



