ਖ਼ਬਰ ਧੂਰੀ ਦੇ ਲਾਗਲੇ ਪਿੰਡ ਬਰੜਵਾਲ ਦੀ ਹੈ। ਬਰੜਵਾਲ ਦਾ ਕਿਸਾਨ ਅਮਰੀਕ ਸਿੰਘ ਮਿਹਨਤੀ ਬੰਦਾ ਸੀ। ਮਿਹਨਤ ਨਾਲ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਅਮਰੀਕ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਦੇ ਸੁਪਨੇ ਵੱਡੇ ਸਨ ਪਰ ਡੱਕਾ ਤੋੜ ਕੇ ਰਾਜ਼ੀ ਨਹੀਂ ਸੀ। ਨਿਤ ਦਿਨ ਕਲੇਸ਼ ਰਹਿੰਦਾ ਸੀ। ਰਾਜਵਿੰਦਰ ਸਿੰਘ ਜਿਸ ਨੂੰ ਪਿਆਰ ਨਾਲ ਰਾਜੂ ਕਹਿੰਦੇ ਸਨ, ਆਪਣੇ ਪਿਉ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਅਮਰੀਕ ਨੇ ਸਮਝਾਇਆ ਕਿ ਉਸ ਦਾ ਹੱਥ ਤੰਗ ਹੈ। ਉਸ ਨੇ ਰਾਜੂ ਨੂੰ ਕਿਹਾ ਕਿ ਉਹ ਉਸ ਨਾਲ ਹੱਥ ਵਟਾਏ ਅਤੇ ਚਾਰ ਪੈਸੇ ਕਮਾਉਣ ਦਾ ਹੀਲਾ ਕਰੇ। ਦੂਜੇ ਪਾਸੇ ਰਾਜੂ ਆਪਣੇ ਪਿਤਾ ਨੂੰ ਮਜ਼ਬੂਰ ਕਰ ਰਿਹਾ ਸੀ ਕਿ ਉਹ ਮੱਝ ਵੇਚ ਕੇ ਪੈਸੇ ਦੇ ਦੇਵੇ ਪਰ ਅਮਰੀਕ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੱਝ ਦਾ ਦੁੱਧ ਵੇਚਕੇ ਉਸ ਨੂੰ ਥੋੜ੍ਹੀ ਆਮਦਨ ਹੋ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵੇਂ ਪਿਉ-ਪੁਤਾਂ ਦਾ ਝਗੜਾ ਹੋਇਆ। ਅਮਰੀਕ ਨੂੰ ਖਦਸ਼ਾ ਸੀ ਕਿ ਰਾਜੂ ਕੋਈ ਕਾਰਾ ਕਰ ਸਕਦਾ ਹੈ ਅਤੇ ਰਾਤ ਬਰਾਤੇ ਮੱਝ ਨੂੰ ਲਿਜਾ ਸਕਦਾ ਹੈ। ਇਸ ਕਾਰਨ ਉਹ ਮੱਝ ਦੇ ਲਾਗੇ ਹੀ ਸੌਂ ਗਿਆ। ਰਾਜੂ ਨੇ ਟਿੱਕੀ ਰਾਤ ਗਏ ਸੁੱਤੇ ਪਏ ਅਮਰੀਕ ’ਤੇ ਖਪਰੇ ਨਾਲ ਵਾਰ ਕੀਤਾ ਅਤੇ ਅਮਰੀਕ ਸੁੱਤਾ ਪਿਆ ਹੀ ਸਦਾ ਦੀ ਨੀਂਦ ਸੌਂ ਗਿਆ। ਕਤਲ ਕਰਨ ਤੋਂ ਬਾਅਦ ਪੁੱਤਰ ਨੇ ਆਪਣੇ ਪਿਉ ਦੀ ਲਾਸ਼ ਨਾਲ ਲਗਦੇ ਖੇਤਾਂ ਵਿੱਚ ਸੁੱਟ ਦਿੱਤੀ। ਸਵੇਰੇ ਜਦੋਂ ਪਰਿਵਾਰ ਵਾਲੇ ਉ¤ਠੇ ਤਾਂ ਉਨ੍ਹਾਂ ਦੇਖਿਆ ਕਿ ਮੱਝ ਦੇ ਨੇੜੇ ਖੂਨ ਬਿਖਰਿਆ ਪਿਆ ਸੀ ਅਤੇ ਅਮਰੀਕ ਸਿੰਘ ਗਾਇਬ ਸੀ। ਉਨ੍ਹਾਂ ਵੱਲੋਂ ਭਾਲ ਕਰਨ ’ਤੇ ਖੇਤ ’ਚੋਂ ਅਮਰੀਕ ਦੀ ਲਾਸ਼ ਮਿਲ ਗਈ। ਪੁਲਸ ਨੇ ਸਖਤੀ ਨਾਲ ਪੁਛਿਆ ਤਾਂ ਰਾਜਵਿੰਦਰ ਨੇ ਸਭ ਕੁਝ ਉਗਲ ਦਿੱਤਾ। ਇਹ ਉਹ ਧਰਤੀ ਹੈ ਜਿਥੇ ਸਰਵਨ ਪੁੱਤਰ ਮਾਂ-ਪਿਉ ਦੀ ਸੇਵਾ ਕਰਨ ਨੂੰ ਆਪਣਾ ਧਰਮ ਸਮਝਦੇ ਹਨ। ਸਾਡੇ ਸਭਿਆਚਾਰ ’ਚ ਮਾਂ-ਪਿਓ ਦੀ ਸੇਵਾ ਇਕ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ। ਪਰ ਜਦੋਂ ਚਾਰ ਪੈਸਿਆਂ ਪਿੱਛੇ ਆਪਣਾ ਖੂਨ ਆਪਣਿਆਂ ਦਾ ਖੂਨ ਕਰ ਦਿੰਦਾ ਹੈ ਤਾਂ ਭਲਾ ਕਿਸ ਸੰਵੇਦਨਸ਼ੀਲ ਮਨੁੱਖ ਨੂੰ ਨੀਂਦ ਕਿਵੇਂ ਆ ਸਕਦੀ ਹੈ।
ਦੂਜੀ ਖਬਰ ਸ੍ਰੀ ਮੁਕਤਸਰ ਸਾਹਿਬ ਤੋਂ ਹੈ ਜਿਥੇ 31 ਵਰ੍ਹਿਆਂ ਦੇ ਜਤਿੰਦਰਪਾਲ ਸਿੰਘ ਨੇ ਆਪਣੀ 6 ਵਰ੍ਹਿਆਂ ਦੀ ਧੀ ਸਮੇਤ ਸਰਹਿੰਦ ਨਹਿਰ ਵਿੱਚ ਛਾਲ ਮਾਰ ਦਿੱਤੀ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਜਤਿੰਦਰਪਾਲ ਨੇ ਜਦੋਂ ਆਪਣੀ 6 ਵਰ੍ਹਿਆਂ ਦੀ ਮਾਸੂਮ ਧੀ ਨੂੰ ਮੋਟਰ ਸਾਇਕਲ ’ਤੇ ਬਿਠਾਇਆ ਤਾਂ ਉਹ ਬਹੁਤ ਖੁਸ਼ ਸੀ ਕਿ ਉਹ ਪਾਪਾ ਨਾਲ ਮੋਟਰ ਸਾਇਕਲ ’ਤੇ ਝੂਟੇ ਲੈਣ ਚੱਲੀ ਹੈ ਪਰ ਪਿਉ ਨੇ ਉਸ ਬੱਚੀ ਨੂੰ ਆਪਣੇ ਨਾਲ ਹੀ ਦੁਨੀਆਂ ਤੋਂ ਰੁਖਸਤ ਕਰ ਦਿੱਤਾ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਜਤਿੰਦਰਪਾਲ ਦੀ ਡਿਪਰੈਸ਼ਨ ਦੀ ਦਵਾਈ ਚਲ ਰਹੀ ਸੀ। ਅੱਜ ਕੱਲ੍ਹ ਲੋਕ ਵੱਡੀ ਗਿਣਤੀ ਵਿੱਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚਲ ਰਹੇ ਹਨ। ਅਜਿਹੇ ਲੋਕਾਂ ਦੇ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦਾ ਉਚੇਚਾ ਧਿਆਨ ਰੱਖਿਆ ਜਾਵੇ। ਖਾਸ ਤੌਰ ’ਤੇ ਮਾਸੂਮ ਬੱਚਿਆਂ ਨੂੰ ਅਜਿਹੇ ਲੋਕਾਂ ਤੋਂ ਬਚਾਕੇ ਰੱਖਿਆ ਜਾਵੇ। ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਬਾਥਰੂਮ ਵਿੱਚ ਸੱਤ ਸਾਲਾ ਬੱਚੇ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਸਾਰਾ ਇਲਾਕਾ ਗਮਗੀਨ ਹੈ। ਪੁਲਿਸ ਨੇ ਸਕੂਲ ਬੱਸ ਦੇ ਕੰਡਕਟਰ ਨੂੰ ਹੱਤਿਆ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੰਡਕਟਰ ਨੇ ਬੱਚੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੱਚੇ ਦੇ ਵਿਰੋਧ ਕਰਨ ’ਤੇ ਉਸ ਦਾ ਕਤਲ ਕਰ ਦਿੱਤਾ। ਅਧਿਆਪਕਾਂ ਅਤੇ ਸਕੂਲ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਵੀ ਹੋਰ ਸੁਚੇਤ ਰਹਿਣ ਦੀ ਲੋੜ ਹੈ। ਇਹ ਦੌਰ ਅਜਿਹਾ ਕਾਲਾ ਦੌਰ ਹੈ ਇਥੇ ਦਿਨ ਦਿਹਾੜੇ ਕੁਝ ਵੀ ਹੋ ਸਕਦਾ ਹੈ। ਅਜਿਹੀਆਂ ਖਬਰਾਂ ਹਰ ਸੰਵੇਦਨਸ਼ੀਲ ਵਿਅਕਤੀ ਦੀ ਨੀਂਦ ਹਰਾਮ ਕਰ ਦਿੰਦੀਆਂ ਹਨ।
ਕਿਉਂ ਆਉਂਦੀਆਂ ਨੇ ਅਜਿਹੀਆਂ ਖਬਰਾਂ



