ਭਗਤਾ ਭਾਈ ਕਾ, 5 ਸਤੰਬਰ (ਸਵਰਨ ਸਿੰਘ ਭਗਤਾ)- ਪਿੰਡ ਬੁਰਜ ਲੱਧਾ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਪਿੰਡ ਦੇ ਅਪ ਗਰੇਡ ਹੋਏ ਸਰਕਾਰੀ ਹਾਈ ਸਕੂਲ ਦੀਆਂ ਨਵੀਆਂ ਜਮਾਤਾਂ ਵੀ ਸ਼ੁਰੂ ਹੋਣ ਕਰਕੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਪਿੰਡ ਬੁਰਜ ਲੱਧਾ ਸਿੰਘ ਵਾਲਾ ਦੇ ਸਰਪੰਚ ਕੇਵਲ ਸਿੰਘ ਬਰਾੜ, ਜਗਪ੍ਰੀਤ ਸਿੰਘ ਕਲੱਬ ਪ੍ਰਧਾਨ, ਜਗਸੀਰ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਨੰਬਰਦਾਰ, ਸੁਖਦੀਪ ਕੌਰ ਪੰਚ, ਜੀਤ ਸਿੰਘ ਪੰਚ, ਹਰਬੰਸ ਸਿੰਘ ਪੰਚ ਆਦਿ ਵੱਲੋਂ ਸਿੱਖਿਆ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਕੁਝ ਸਮਾਂ ਪਹਿਲਾ ਪਿੰਡ ਸਰਕਾਰੀ ਮਿਡਲ ਸਕੂਲ ਨੂੰ ਅੱਪਗ੍ਰੇਡ ਕਰਕੇ ਹਾਈ ਸਕੂਲ ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ। ਵਿਦਿਅਕ ਸੈਸ਼ਨ 2016 ਤੋਂ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਦਾਖਲਾ ਹੋ ਗਿਆ ਹੈ, ਪਰੰਤੂ ਸਕੂਲ ਅੰਦਰ ਲੋੜੀਦਾ ਸਟਾਫ ਅਜੇ ਤੱਕ ਪੂਰਾ ਨਹੀ ਕੀਤਾ ਗਿਆ। ਪੰਚਾਇਤ ਨੇ ਦੱਸਿਆ ਕਿ ਸਕੂਲ ਅੰਦਰ ਮੁੱਖ ਅਧਿਆਪਕ ਸਮੇਤ ਸੇਵਾਦਾਰ ਕਮ ਚੌਕੀਦਾਰ, ਸਵੀਪਰ, ਮੈਥ, ਸਾਇੰਸ, ਡਰਾਇੰਗ, ਪੀਟੀਆਈ, ਅਤੇ ਅੰਗਰੇਜ਼ੀ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆ ਹਨ। ਇਸ ਸਮੇਂ ਸਕੂਲ ਅੰਦਰ 120 ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਸਕੂਲ ਅੳਂੁਦੇ ਹਨ, ਪਰੰਤੂ ਵੱਡੀ ਪੱਧਰ ਤੇ ਅਸਾਮੀਆਂ ਖਾਲੀ ਹੋਣ ਕਰਕੇ ਉਨ੍ਹਾਂ ਨੂੰ ਨਿਰਾਸ਼ਾ ਦੇ ਆਲਮ ਵਿਚੋਂ ਗੁਜਰਨਾ ਪੈ ਰਿਹਾ ਹੈ। ਪਿੰਡ ਦੀ ਸਮੂਹ ਨਗਰ ਪੰਚਾਇਤ ਅਤੇ ਵਿਦਿਆਰਥੀਆਂ ਦੇ ਮਾਪਿਆ ਵੱਲੋਂ ਸਕੂਲ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ।
ਬੁਰਜ ਲੱਧਾ ਸਿੰਘ ਵਾਲਾ ਦੇ ਸਕੂਲ ਦੀਆਂ ਅਸਾਮੀਆਂ ਭਰਨ ਦੀ ਮੰਗ



