ਮਾਨਵਸੇਵਾ ਲਈ ਹਮੇਸ਼ਾ ਉਤਾਵਲਾ ਰਹਿੰਦੈ : ਸਤੀਸ਼ ਕੁਮਾਰ ਉਰਫ਼ ਕਾਕਾ ਅਮਰਗੜ੍ਹ

ਅਮਰਗੜ੍ਹ, 31 ਅਗਸਤ (ਸੁਖਵਿੰਦਰ ਅਟਵਾਲ)- ਜਿਵੇਂ ਸਿਆਣੇ ਕਹਿੰਦੇ ਹਨ ਕਿ ਪਰਿਵਾਰਕ ਮਹੌਲ ਤੇ ਸੰਸ਼ਕਾਰ ਇਨਸਾਨ ਦੀ ਸਖ਼ਸੀਅਤ ਨੂੰ ਨਿਖ਼ਾਰਨ ਅਤੇ ਵਿਗਾੜਨ ਵਿੱਚ ਅਹਿਮ ਭੂਮਿਕਾ ਨਿਭਾਉਦੇਂ ਹਨ।ਪਰਿਵਾਰ ਦੇ ਬਜ਼ੁਰਗਾਂ ਵੱਲੋਂ ਮਿਲੀਆਂ ਚੰਗੀਆਂ ਸਿੱਖਿਆਵਾਂ ਤੇ ਨਸ਼ੀਅਤਾਂ ਮਨੁੱਖ ਨੂੰ ਹਮੇਸ਼ਾ ਚੰਗਾ ਇਨਸਾਨ ਬਣਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ, ਅਜਿਹਾ ਹੀ ਮੰਨਣਾ ਹੈ ਸਤੀਸ਼ ਕੁਮਾਰ ਦਾ ਜਿਸਨੂੰ ਉਸਦੇ ਚਾਹੁੰਣ ਵਾਲੇ ’ਤੇ ਮਾਂ-ਪਿਓ ਪਿਆਰ ਨਾਲ਼ ਕਾਕਾ ਵੀ ਕਹਿੰਦੇ ਹਨ। ਕਾਕੇ ਅਨੁਸਾਰ ਉਨ੍ਹਾਂ ਦੇ ਪਿਤਾ ਸ੍ਰੀ ਸੁਭਕਰਨ ਦਾਸ ਜੀ ਨੇਂ ਬਹੁਤ ਮਿਹਨਤ ਅਤੇ ਮੁਸ਼ੱਕਤ ਕਰਕੇ ਪਾਲਿਆ ਅਤੇ ਪੜ੍ਹਾਇਆ, ਮਾਤਾ ਕ੍ਰਿਸ਼ਨਾ ਦੇਵੀ ਨੇਂ ਪਿਤਾ ਜੀ ਦੀ ਹਾਂ ਵਿੱਚ ਹਾਂ ਮਿਲਾਉਦਿਆਂ ਹਮੇਸ਼ਾਂ ਮਨੁੱਖਤਾ ਦੀ ਸੇਵਾ ਅਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਭਾਂਵੇ ਕਿ ਸਤੀਸ਼ ਦਾ ਰੋਜਗਾਰ ਅਤੇ ਕਿੱਤਾ ਡਰਾਇਵਰੀ ਹੈ ਪਰ ਉਹ ਆਪਣੇ ਇਸ ਕਿੱਤੇ ਦੇ ਚਲਦਿਆਂ ਹੀ ਸੈਂਕੜੇ ਭੁੱਲੇ-ਭਟਕੇ ਤੇ ਲੋੜਵੰਦ ਲੋਕਾਂ ਦੀ ਮਦਦ ਕਰ ਚੁੱਕਾ ਹੈ ਅਤੇ ਕਰ ਰਿਹਾ ਹੈ।ਕਈ ਸਮਾਜਸੇਵੀ ਸੰਸਥਾਵਾਂ ਨਾਲ਼ ਜੁੜਨ ਕਰਕੇ ਕਾਕੇ ਨੇਂ ਆਪਣਾ ਫੇਸਬੁੱਕ ਅਕਾਉਂਟ ਵੀ ਸਤੀਸ਼ ਐਨ.ਜੀ.ਓ ਵਰਕਰ ਦੇ ਨਾਮ ਨਾਲ਼ ਬਣਾਇਆ ਹੈ, ਜਿਸ ਰਾਹੀਂ ਉਸ ਨਾਲ਼ ਦੂਰ-ਦੂਰਾਡੇ ਤੋਂ ਵੀ ਬਿਮਾਰ ਲੋਕ ਸਲਾਹ ਮਸ਼ਵਰਾ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਦੇ ਹਨ।ਕਈ ਗੰਭੀਰ ਬਿਮਾਰੀਆਂ ਨਾਲ਼ ਜੂਝ ਰਹੇ ਅਤੇ ਮਹਿੰਗੇ ਇਲਾਜਾਂ ਕਾਰਨ ਲੁੱਟੇ-ਪੁੱਟੇ ਬਿਮਾਰ ਲੋਕਾਂ ਲਈ ਰਾਹ ਦਸੇਰੇ ਦੀ ਡਿਊਟੀ ਨਿਭਾਕੇ ਦੁਖੀ ਲੋਕਾਂ ਦੀਆਂ ਲੱਖਾਂ ਅਸ਼ੀਸਾਂ ਲੈ ਰਿਹਾ ਹੈ ਸਤੀਸ਼।ਗੱਲਬਤ ਦੌਰਾਨ ਸਤੀਸ਼ ਨੇਂ ਦੱਸਿਆ ਕਿ ਆਪਣੇ ਵੱਡੇ ਭਰਾ ਦੇ ਰੋਡ ਐਕਸੀਡੈਂਟ ’ਚ ਗੰਭੀਰ ਸੱਟਾਂ ਲੱਗਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਨਾਲ਼ ਲੰਮਾ ਸਮਾਂ ਵਾਹ ਪਿਆ, ਜਿੱਥੇ ਮਰੀਜ਼ਾਂ ਅਤੇ ਡਾਕਟਰਾਂ ’ਚ ਰਹਿੰਦਿਆਂ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਅੰਦਰ ਹੁੰਦੀ ਮਰੀਜ਼ਾਂ ਦੀ ਅੰਨੇਵਾਹ ਲੁੱਟ ਅਤੇ ਸਹੀ ਇਲਾਜ ਵਿੱਚਲਾ ਫ਼ਰਕ ਸਮਝ ਆਇਆ, ਜਿਸ ਕਾਰਨ ਦੁਖੀ ਮਰੀਜ਼ਾਂ ਨੂੰ ਸਹੀ ’ਤੇ ਸਸਤੇ ਇਲਾਜ਼ ਵੱਲ ਪ੍ਰੇਰਿਤ ਕਰਨਾਂ ਅਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਦੇ ਨਾਲ਼-ਨਾਲ਼ ਸਰਕਾਰ ਵੱਲੋਂ ਕੈਂਸਰ, ਕਿਡਨੀ ਅਤੇ ਹੋਰ ਗੰਭੀਰ ਅਤੇ ਭਿਆਨਕ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਦੇ ਫ਼ਾਰਮ ਭਰਨੇ ਆਦਿ ਮੇਰੀ ਸੇਵਾ ਅਤੇ ਜਿੰਦਗੀ ਦਾ ਹਿੱਸਾ ਬਣ ਗਿਆ ਹੈ।
ਇੱਥੇ ਯਿਕਰਯੋਗ ਹੈ ਕਿ ਸਤੀਸ਼ ਆਪਣੀ ਟੈਕਸੀ ਗੱਡੀ ਰਾਂਹੀ ਵਾਜਬ ਰੇਟ ’ਤੇ ਮਰੀਜ਼ਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਪਹੁੰਚਾਉਦਾ ਹੈ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦੇ ਨਾਲ਼-ਨਾਲ਼ ਹਰ ਸੰਭਵ ਮੱਦਦ ਕਰਦਾ ਹੋਇਆ ਮਰੀਜ਼ ਨੂੰ ਸਹੀ ਇਲਾਜ ਦੇ ਰਸਤੇ ਪਾਕੇ ਕਾਫ਼ੀ ਕੀਮਤੀ ਜਾਨਾਂ ਬਚਾ ਚੁੱਕਿਆ ਹੈ ਅਤੇ ਇਲਾਕੇ ਵਿੱਚ ਸਤੀਸ਼ ਪੀ.ਜੀ.ਆਈ ਵਾਲੇ ਕਾਕੇ ਦੇ ਨਾਮ ਨਾਲ਼ ਜਾਣਿਆ ਜਾਣ ਲੱਗਾ ਹੈ। ਪ੍ਰਮਾਤਮਾ ਕਰੇ ਨਰ ਸੇਵਾ ਨੂੰ ਨਰਾਇਣ ਸੇਵਾ ਸਮਝਣ ਵਾਲਾ ਇਹ ਸਮਾਜਸੇਵਕ ਆਪਣੀ ਸੇਵਾ ਨਿਰਸੁਆਰਥ ਏਸੇ ਤਰ੍ਹਾਂ ਨਿਭਾਉਦਾ ਰਹੇ ਅਤੇ ਲੰਮੀਆਂ ਉਮਰਾਂ ਮਾਣੇ! ਆਮੀਨ!

Send this to a friend