ਜਲੰਧਰ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆ ਕਰ ਰਹੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ‘ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ’ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ, ਜਿਸ ਵਿਚ ਜਲੰਧਰ ਸੈਂਟਰਲ ਹਲਕੇ ਦੇ ਐਮ.ਐਲ.ਏ. ਸ੍ਰੀ ਰਜਿੰਦਰ ਬੇਰੀ ਮੁਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ 120, ਖਿਡਾਰੀਆਂ ਨੇ ਕਰਾਸ ਕੰਟਰੀ ਰੇਸ ਵਿਚ ਹਿੱਸਾ ਲਿਆ ਅਤੇ ਪਹਿਲੇ 15 ਸਥਾਨਾਂ ਤੇ ਆਉਣ ਵਾਲੇ ਖਿਡਾਰੀਆਂ ਨੂੰ ਮੁਖ ਮਹਿਮਾਨ ਸ੍ਰੀ ਰਜਿੰਦਰ ਬੇਰੀ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਡੀਨ ਸਪੋਰਟਸ ਡਾ. ਐਸ.ਐਸ.ਬੈਂਸ ਅਤੇ ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਨੇ ਟਰੈਕ ਸੂਟ ਵੰਡੇ। ਇਸ ਦੌਰਾਨ ਓਵਰਆਲ ਟਰਾਫੀ ਕਾਲਜ ਦੇ ਹਾਕੀ ਗੁਰੱਪ ਨੇ ਜਿੱਤੀ। ਮੁਖ ਮਹਿਮਾਨ ਸ੍ਰੀ ਰਜਿੰਦਰ ਬੇਰੀ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਦਾ ਖੇਡਾਂ ਦੇ ਖੇਤਰ ਵਿਚ ਵੱਡਾ ਯੋਗਦਾਨ ਹੈ। ਇਸ ਕਾਲਜ ਨੇ ਕਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਇਸ ਲਈ ਪੰਜਾਬ ਸਰਕਾਰ ਵਲੋਂ ਕਾਲਜ ਨੂੰ ਖੇਡਾਂ ਦੀ ਬੇਹਤਰੀ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਜਿਹੜੇ ਖਿਡਾਰੀ ਖੇਡਾਂ ਵਿਚ ਉਚ ਪ੍ਰਾਪਤੀਆਂ ਕਰਨਗੇ, ਉਨ੍ਹਾਂ ਨੂੰ ਕਾਲਜ ਵਲੋਂ ਜਿੱਥੇ ਪਹਿਲਾਂ ਹੀ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ। ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਨੇ ਖੇਡ ਰਿਪੋਰਟ ਤੇ ਖੇਡ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਡਾ. ਤਰਸੇਮ ਸਿੰਘ ਨੇ ਖੇਡਾਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਦਿੱਤੀ ਅਤੇ ਅੰਤ ਵਿਚ ਮੁਖ ਮਹਿਮਾਨ, ਪ੍ਰਿੰਸੀਪਲ ਸਾਹਿਬ ਅਤੇ ਸਮੂਹ ਖੇਡ ਪ੍ਰੇਮੀਆਂ ਦਾ ਧੰਨਵਾਦ ਡੀਨ ਸਪੋਰਟਸ ਡਾ. ਐਸ.ਐਸ.ਬੈਂਸ ਨੇ ਕੀਤਾ। ਸਟੇਜ ਦੀ ਕਾਰਵਾਈ ਡਾ. ਹਰਜਿੰਦਰ ਸਿੰਘ ਸੇਖੋਂ ਵਲੋਂ ਬਾਖੂਬੀ ਨਿਭਾਈ ਗਈ।