ਦੋਵਾਂ ਕੇਸਾਂ ਵਿੱਚ 15-15 ਲੱਖ ਰੁਪਏ ਦਾ ਜ਼ੁਰਮਾਨਾ
ਰੋਹਤਕ, 28 ਅਗਸਤ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਣੀਆਂ ਨਾਲ ਬਲਾਤਕਾਰ ਦੇ ਸੰਗੀਨ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ 20 ਸਾਲ ਦੀ ਬਾ-ਮੁਸ਼ੱਕਤ ਸਜ਼ਾ ਸੁਣਾਈ ਹੈ। ਦੋਹਾਂ ਮਾਮਲਿਆਂ ’ਚ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 10 ਸਾਲ ਦੀ ਸਜ਼ਾ ਖਤਮ ਹੋਣ ਤੋਂ ਬਾਅਦ ਦੂਸਰੇ 10 ਸਾਲ ਦੀ ਸਜ਼ਾ ਸ਼ੁਰੂ ਹੋਵੇਗੀ। ਦੋਵਾਂ ਹੀ ਕੇਸਾਂ ਵਿੱਚ 15-15 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਸ ਤਰ੍ਹਾਂ ਦੋਸ਼ੀ ਨੂੰ 30 ਲੱਖ ਰੁਪਏ ਦਾ ਜ਼ੁਰਮਾਨਾ ਅਦਾ ਕਰਨਾ ਹੋਵੇਗਾ। ਸਜ਼ਾ ਸੁਣਦਿਆਂ ਹੀ ਦੋਸ਼ੀ ਸਾਧ ਜ਼ਮੀਨ ’ਤੇ ਬੈਠ ਕੇ ਰੋਣ ਅਤੇ ਗਿੜਗਿੜਾਉਣ ਲੱਗਾ। ਸੀਬੀਆਈ ਦੇ ਵਿਸ਼ੇਸ਼ ਜੱਜ ਮਾਣਯੋਗ ਸ੍ਰੀ ਜਗਦੀਪ ਸਿੰਘ ਨੇ ਰੋਹਤਕ ਨੇੜੇ ਸੁਨਾਰੀਆ ਜੇਲ੍ਹ ਵਿੱਚ ਬਣਾਏ ਗਈ ਵਿਸ਼ੇਸ਼ ਅਦਾਲਤੀ ਕਮਰੇ ਵਿੱਚ ਦੁਪਹਿਰ ਬਾਅਦ 2:30 ਵਜੇ ਇਹ ਸਜ਼ਾ ਪੜ੍ਹ ਕੇ ਸੁਣਾਈ। ਜੱਜ ਨੇ ਇਸ ਮਾਮਲੇ ਵਿੱਚ 30 ਲੱਖ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਹੈ। ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਸਾਹਿਬ ਨੇ ਦੋਵਾਂ ਧਿਰਾਂ ਨੂੰ ਅੰਤਿਮ ਦਲੀਲਬਾਜ਼ੀ ਲਈ 10 ਮਿੰਟ ਦਾ ਸਮਾਂ ਦਿੱਤਾ। ਇਸ ਦੌਰਾਨ ਸੀਬੀਆਈ ਵੱਲੋਂ ਬਲਾਤਕਾਰੀ ਸਾਧ ਨੂੰ ਵਧ ਤੋਂ ਵਧ ਸਜ਼ਾ ਦੇਣ ਦੀ ਮੰਗ ਕੀਤੀ ਗਈ ਕਿਉਂਕਿ ਉਸ ਦਾ ਅਪਰਾਧ ਬਹੁਤ ਸੰਗੀਨ ਹੈ। ਸਾਧ ਦੀ ਪੈਰਵਾਈ ਕਰ ਰਹੇ ਵਕੀਲਾਂ ਨੇ ਸਿਹਤ ਦੇ ਆਧਾਰ ’ਤੇ ਘੱਟ ਸਜ਼ਾ ਦੇਣ ਦੀ ਮੰਗ ਕੀਤੀ। ਸਜ਼ਾ ਸੁਣਾਉਣ ਤੋਂ ਐਨ ਪਹਿਲਾਂ ਸੌਦਾ ਸਾਧ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਤਰਸ ਲਈ ਬੇਨਤੀ ਕਰਨ ਲੱਗਾ। ਉਸ ਦੇ ਅੱਖਾਂ ਵਿੱਚ ਹੰਝੂ ਡਿੱਗ ਰਹੇ ਸਨ। ਵਿਸ਼ੇਸ਼ ਅਦਾਲਤ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਚਕੂਲਾ ਵਿਖੇ ਸੌਦਾ ਸਾਧ ਨੂੰ ਆਈਪੀਸੀ ਦੀ ਧਾਰਾ 376, 511 ਅਤੇ 506 ਵਿੱਚ ਦੋਸ਼ੀ ਠਹਿਰਾਇਆ ਸੀ। ਸ਼ੁੱਕਰਵਾਰ ਨੂੰ ਹੀ ਦੋਸ਼ੀ ਸਾਧ ਨੂੰ ਸਨਾਰੀਆ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੋਈ ਹਿੰਸਾ ਵਿੱਚ 38 ਤੋਂ ਵਧ ਜਾਨਾਂ ਚਲੀਆਂ ਗਈਆਂ ਸਨ। ਸੋਮਵਾਰ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਕਿਧਰੇ ਵੀ ਕੋਈ ਵੱਡੀ ਹਿੰਸਾ ਦੀ ਖਬਰ ਨਹੀਂ ਹੈ। ੰਪੰਜਾਬ ਤੇ ਹਰਿਆਣਾ ਵਿੱਚ ਬੇਸ਼ੱਕ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ਉਪਰ ਨਜ਼ਰ ਰੱਖੀ ਜਾ ਰਹੀ ਹੈ। ਦੋਵਾਂ ਰਾਜਾਂ ਦੇ ਵੱਡੇ ਹਿੱਸੇ ਵਿੱਚ ਕਰਫਿਊ ਲੱਗਾ ਹੋਇਆ ਹੈ ਅਤੇ ਇੰਟਰਨੈਟ ਸੇਵਾਵਾਂ ਬੰਦ ਹਨ। ਇੱਥੇ ਜ਼ਿਕਰਯੋਗ ਹੈ ਕਿ ਸੌਦਾ ਸਾਧ ਨੇ ਆਪਣੀਆਂ ਦੋ ਸਾਧਨੀਆਂ ਨਾਲ ਸਿਰਸਾ ਡੇਰੇ ਵਿਖੇ ਬਲਾਤਕਾਰ ਕੀਤਾ ਸੀ। ਹਾਈਕੋਰਟ ਦੇ ਹੁਕਮਾਂ ਉਪਰ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਸਾਧ ਨੂੰ ਰੋਹਤਕ ਦੀ ਜੇਲ੍ਹ ’ਚ ਰਖਿਆ ਗਿਆ ਸੀ, ਜਿਥੇ ਸੀਬੀਆਈ ਦੇ ਜਜ ਹੈਲੀਕਾਪਟਰ ਰਾਹੀਂ ਰੋਹਤਕ ਜੇਲ੍ਹ ਵਿਚ ਹੀ ਸੁਣਵਾਈ ਕਰਨ ਲਈ ਪੁਜੇ। ਇਥੇ ਜੇਲ੍ਹ ਦੀ ਇਕ ਲਾਇਬਰੇਰੀ ਵਿਚ ਕੋਰਟ ਰੂਮ ਬਣਾਇਆ ਗਿਆ ਸੀ। ਇਸ ਕੋਰਟ ਰੂਮ ਵਿਚ ਜਜ ਦੇ ਸਾਹਮਣੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਇਲਾਵਾ ਦੋਵੇਂ ਪਖਾਂ ਦੇ ਵਕੀਲ ਸਨ।ਇਸ ਦੌਰਾਨ ਡੇਰਾ ਮੁਖੀ ਜਜ ਦੇ ਸਾਹਮਣੇ ਹਥ ਬੰਨ੍ਹ ਕੇ ਖੜ੍ਹਾ ਰਿਹਾ ਅਤੇ ਉਸ ਨੇ ਜਜ ਕੋਲ ਰਹਿਮ ਦੀ ਅਪੀਲ ਕੀਤੀ। ਇਸ ਦੌਰਾਨ ਡੇਰਾ ਮੁਖੀ ਦੀਆਂ ਅਖਾਂ ਵਿਚ ਹੰਝੂ ਆ ਗਏ।ਸੀਬੀਆਈ ਨੇ ਡੇਰਾ ਮੁਖੀ ਲਈ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ।
ਸਾਧ ਦੇ ਵਕੀਲ ਨੇ ਇਹ ਦਲੀਲ ਦਿੰਦਿਆਂ ਡੇਰਾ ਮੁਖੀ ਲਈ ਸਜ਼ਾ ਵਿਚ ਮੁਆਫ਼ੀ ਦੀ ਅਪੀਲ ਕੀਤੀ ਕਿ ਡੇਰਾ ਮੁਖੀ ਸਮਾਜ ਸੇਵੀ ਹਨ, ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਹਨ। ਡੇਰਾ ਮੁਖੀ ਨੇ ਆਪਣੇ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਣ ਦੀ ਗਲ ਕਰਦਿਆਂ ਰਹਿਮ ਦੀ ਭੀਖ ਮੰਗੀ। ਡੇਰਾ ਮੁਖੀ ਨੇ ਆਪਣੇ ਵਲੋਂ ਸਫ਼ਾਈ ਮੁਹਿੰਮ ਅਤੇ ਖ਼ੂਨਦਾਨ ਦੇ ਖੇਤਰ ਵਿਚ ਕੀਤੇ ਕੰਮਾਂ ਦਾ ਜ਼ਿਕਰ ਵੀ ਕੀਤਾ ਪਰ ਮਾਣਯੋਗ ਜਜ ਨੇ ਦੋਵੇਂ ਪਖਾਂ ਦੀ ਬਹਿਸ ਸੁਣੀ ਅਤੇ ਉਕਤ ਸਜ਼ਾ ਦਾ ਐਲਾਨ ਕਰ ਦਿਤਾ।ਪੰਜਾਬ ਅਤੇ ਹਰਿਆਣਾ ਵਿਚ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ।ਜੇਲ੍ਹ ਵਾਲੇ ਇਸ ਖੇਤਰ ਨੂੰ ਪੂਰੀ ਤਰ੍ਹਾਂ ਫੌਜ ਦੀ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ। ਸੁਰਖਿਆ ਵਿਵਸਥਾ ਪੰਜਾਬ ਵਿਚ ਕਾਫ਼ੀ ਜ਼ਿਆਦਾ ਮਜਬੂਤ ਕੀਤੀ ਹੋਈ ਸੀ। ਕਿਸੇ ਵੀ ਦੁਖਦ ਘਟਨਾ ਨੂੰ ਰੋਕਣ ਲਈ ਹਰਿਆਣਾ ਤੇ ਪੰਜਾਬ ‘ਚ ਫ਼ੌਜ ਦੀਆਂ 28 ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਸਨ, ਜਦਕਿ ਨੀਮ ਬਲਾਂ ਦੀਆਂ 23 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਉਥੇ ਪੰਚਕੂਲਾ, ਰੋਹਤਕ, ਕੈਥਲ, ਅੰਬਾਲਾ ‘ਚ ਵੀ ਸਾਰੇ ਸਕੂਲ ਤੇ ਕਾਲਜ ਬੰਦ ਰਖੇ ਗਏ ਸਨ। ਪੰਜਾਬ ਦੇ ਮਾਲਵਾ ਖੇਤਰ ਦੇ ਸਕੂਲ ਕਾਲਜ ਅਤੇ ਹਰਿਆਣਾ ‘ਚ ਸਾਰੇ ਸਰਕਾਰੀ ਦਫ਼ਤਰ ਵੀ ਬੰਦ ਰਖੇ ਗਏ। ਇਸ ਦੌਰਾਨ ਰੋਹਤਕ ‘ਚ 100 ਦੇ ਕਰੀਬ ਡੇਰਾ ਸਮਰਥਕ ਹਿਰਾਸਤ ’ਚ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਦੇ ਮਦੇਨਜ਼ਰ ਰੋਹਤਕ ਵਿਚ ਭਾਰੀ ਸੁਰਖਿਆ ਵਿਵਸਥਾ ਕੀਤੀ ਗਈ।