ਸ਼ਾਹਕੋਟ, 24 ਅਗਸਤ (ਸੁਰਿੰਦਰ ਸਿੰਘ ਖਾਲਸਾ)- ਗੁਰਮੀਤ ਰਾਮ ਰਹੀਮ ਸਿੰਘ ਦੇ ਸਬੰਧੀ 25 ਅਗਸਤ ਨੂੰ ਅਦਾਲਤ ਵੱਲੋ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਅਮਨ ਸ਼ਾਤੀ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਐਸ ਡੀ ਐਮ ਸ਼ਾਹਕੋਟ ਸ਼੍ਰੀ ਮਤੀ ਨਵਨੀਤ ਕੌਰ ਬੱਲ ਨੇ ਸਬ ਡਵੀਜਨ ਦੇ ਮੋਹਤਬਰਾਂ ਨਾਲ ਅੱਜ ਇੱਥੇ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਵੱਖ ਵੱਖ ਫਿਰਕਿਆ ਦਰਮਿਆਨ ਕਿਸੇ ਪੱਧਰ ‘ਤੇ ਮੱਤ ਭੇਦ ਹੋ ਸਕਦੇ ਹਨ ਪਰ ਇਹ ਅਮਨ ਸ਼ਾਤੀ ਤੋ ਵੱਡੇ ਨਹੀ ਹੁੰਦੇ। ਹਾਜਰ ਪਤਵੰਤਿਆ ਨੂੰ ਪ੍ਰਸਾਸ਼ਨ ਲਈ ਸਹਿਯੋਗ ਦੇਣ ਵਾਸਤੇ ਪ੍ਰੇਰਿਤ ਕਰਦਿਆ ਐਸ ਡੀ ਐਮ ਨੇ ਕਿਹਾ ਕਿ ਕਿਸੇ ਥਾਂ ਅਣਸੁਖਾਵੀ ਘਟਨਾ ਵਾਪਰਨ ਦਾ ਖਦਸ਼ਾ ਹੋਵੇ ਤਾਂ ਬਿਨਾ ਦੇਰੀ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾਵੇ। ਆਪਣੀ ਗੱਲ ਜਾਰੀ ਰੱਖਦਿਆ ਸ੍ਰੀ ਮਤੀ ਬੱਲ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਦੀ ਜਿੱਤ ਜਾ ਹਾਰ ਦੀ ਥਾਂ ਸਮਾਜ ਦੀ ਸਲਾਮਤੀ ਵਧੇਰੇ ਮਤੱਤਵ ਪੂਰਨ ਹੁੰਦੀ ਹੈ। ਐਸ ਡੀ ਐਮ ਨੇ ਸਬ ਡਵੀਜ਼ਨ ਦੇ ਸਕੂਲਾਂ ਨੂੰ ਮੁਕੰਮਲ ਬੰਦ ਰੱਖਣ ਦੀ ਹਦਾਇਤ ਕਰਦਿਆ ਕਿਹਾ ਕਿ ਉਲੰਘਣਾ ਕਰਨ ਵਾਲੇ ਅਦਾਰੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿਚ ਹਾਜਰ ਵੱਖ ਵੱਖ ਨੁਮਾਇੰਦਿਆ ਨੇ ਐਸ ਡੀ ਐਮ ਸਾਹਿਬਾ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਮੀਟਿੰਗ ਦੀ ਸਮਾਪਤੀ ਕਰਦਿਆ ਸ੍ਰੀ ਮਤੀ ਬੱਲ ਨੇ ਆਸ ਪ੍ਰਗਟ ਕੀਤੀ ਕਿ 25 ਅਗਸਤ ਸੁੱਖੀਂ ਸਾਂਦੀਂ ਗੁਜਰ ਜਾਵੇਗਾ। ਮੀਟਿੰਗ ਵਿਚ ਐਸ ਐਚ ਓ ਸ਼ਾਹਕੋਟ ਰੁਪਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਤੋ ਇਲਾਵਾ ਐਸ ਜੀ ਪੀ ਸੀ ਦੇ ਮੈਂਬਰ ਸ਼ਿੰਗਾਰਾ ਸਿੰਘ ਲੋਹੀਆ, ਪੰਜਾਬ ਕਾਂਗਰਸ ਦੇ ਸਕੱਤਰ ਸ਼ਤੀਸ ਰਿਹਾਨ, ਜੱਟ ਮਹਾ ਸਭਾ ਦੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਚੱਠਾ, ਸਹਿਕਾਰੀ ਬੈਂਕ ਜਲੰਧਰ ਦੇ ਸਾਬਕਾ ਐਮ ਡੀ ਜਥੇਦਾਰ ਕੇਵਲ ਸਿੰਘ ਰੂਪੇਵਾਲੀ, ਬਾਲਮੀਕ ਸਭਾ ਦੇ ਆਗੂ ਕਮਲ ਨਾਹਰ, ਰੰਘਰੇਟਾ ਦਲ ਦੇ ਆਗੂ ਜੋਗਿੰਦਰ ਸਿੰਘ ਟਾਈਗਰ,ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਵਾਈਸ ਚੇਅਰਮੈਨ ਯਸ਼ਪਾਲ ਗੁਪਤਾ, ਸਾਬਕਾ ਐਸ ਸੀ ਜਗਦੀਸ਼ ਵਡੈਹਿਰਾ, ਗਿਆਨ ਸੈਦਪੁਰੀ, ਪਹਿਲਵਾਨ ਨਛੱਤਰ ਸਿੰਘ ਸੱਤੀ, ਵਿਕਾਸ ਨਾਹਰ ਆਦਿ ਹਾਜ਼ਰ ਸਨ।