ਕੁਰਾਲੀ 24 ਅਗਸਤ – 25 ਅਗਸਤ ਨੂੰ ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਕੇਸ ਵਿਚ ਫੈਸਲਾ ਸੁਣਾਉਣ ਦੇ ਮਦੇਨਜ਼ਰ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ, ਇਸ ਸਥਿਤੀ ਨਜਿੱਠਣ ਲਈ ਪ੍ਰਸ਼ਾਸਨ ਚਾਹੇ ਪਬਾਂ ਭਾਰ ਹੈ ਪਰ ਵੀਰਵਾਰ ਨੂੰ ਕਈ ਲੋਕਾਂ ਨੇ ਆਪਣੇ ਖਰੜ, ਘੜੂੰਆਂ, ਰੋਪੜ, ਸੋਲਖੀਆਂ ਅਤੇ ਕੁਰਾਲੀ ਦੇ ਸਕੂਲਾਂ ਵਿਚ ਆਪਣੇ ਬਚਿਆਂ ਨੂੰ ਨਹੀਂ ਭੇਜਿਆ। ਪ੍ਰਸ਼ਾਸਨ ਵਲੋਂ ਹਰ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਚੌਕਸੀ ਵਰਤਦਿਆਂ ਇਲਾਕੇ ਵਿਚ ਵਿਸ਼ੇਸ਼ ਨਾਕਾਬੰਦੀ ਕਰ ਕੇ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਅਤੇ ਬਸ ਅੱਡਿਆਂ ‘ਤੇ ਵੀ ਚੌਕਸੀ ਵਧਾਈ ਗਈ ਹੈ। ਇਕੱਤਰ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਬਾਰੀਕੀ ਨਾਲ ਜਾਂਚ ਤੇ ਪੁਛ ਪੜਤਾਲ ਤੋਂ ਬਾਅਦ ਹੀ ਵਾਹਨਾਂ ਨੂੰ ਅਗੇ ਜਾਣ ਦੇ ਰਹੀ ਹੈ। ਇਸ ਸਬੰਧੀ ਗਲਬਾਤ ਕਰਦਿਆਂ ਜਿਲਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਲੋਕਾਂ ਦੀ ਰਾਖੀ ਲਈ ਪੂਰੀ ਤਰਾਂ ਵਚਨਬਧ ਹੈ ਅਤੇ ਜ਼ਿਲੇ ਵਿਚ ਕਿਸੇ ਨੂੰ ਅਮਨ ਤੇ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ। ਉਨਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਜਾਂ ਹੋਰ ਸਾਧਨਾ ਰਾਹੀਂ ਆਊਣ ਵਾਲੀਆਂ ਅਫ਼ਵਾਹਾਂ ਤੋਂ ਬਚਕੇ ਅਤੇ ਸਦਭਾਵਨਾ ਵਾਲਾ ਮਾਹੌਲ ਕਾਇਮ ਰਖਣ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਚਾਹਲ ਨੇ ਦੱਸਿਆ ਕਿ ਜ਼ਿਲਾ ਮੁਹਾਲੀ ਦੀ ਹਦੂਦ ਵਿਚ ਧਾਰਾ 144 ਲਾਈ ਗਈ ਹੈ। ਇਸ ਲਈ ਪੁਲੀਸ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਜਨਤਕ ਥਾਵਾਂ ‘ਤੇ ਕੋਈ ਵੀ ਹਥਿਆਰ, ਅਸਲਾ ਲੈ ਕੇ ਨਾ ਚਲੇ ਅਤੇ 5 ਜਾਂ 5 ਤੋਂ ਵਧ ਵਿਅਕਤੀਆਂ ਨੂੰ ਇਕੱਠੇ ਨਾ ਹੋਣ ਦਿਤਾ ਜਾਵੇ। ਇਸ ਸਬੰਧੀ ਆਮ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਬੇਸ਼ਕ ਆਪਣੇ ਪਧਰ ਤੇ ਢੁੱਕਵੇਂ ਪ੍ਰਬੰਧ ਕੀਤੇ ਹਨ ਪਰ ਉਨਾਂ ਨੂੰ ਡਰ ਹੈ ਕਿ ਗਲਤ ਅਨਸਰ ਸੂਬੇ ਦਾ ਮਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ ਇਸੇ ਕਾਰਨ ਅੱਜ ਵਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਪਰਹੇਜ ਕੀਤਾ।