ਡੀ.ਸੀ ਵੱਲੋਂ ਨਿਰਮਾਣ ਕੰਪਨੀ ਲਈ ਪੀ.ਏ.ਪੀ ਤੇ ਰਾਮਾ ਮੰਡੀ ਚੌਕ ਫਲਾਈਓਵਰ ਛੇ ਮਹੀਨੇ ‘ਚ ਮੁਕੰਮਲ ਕਰਨ ਦੀ ਸਮਾਂ ਸੀਮਾਂ ਨਿਸ਼ਚਿਤ

ਜਲੰਧਰ, 28 ਜੁਲਾਈ – ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦਿਵਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਭਾਰਤ ਦੀ ਕੌਮੀ ਮਾਰਗ ਅਥਾਰਟੀ (ਐਨ.ਐਚ.ਏ.ਆਈ) ਅਤੇ ਸੋਮਾ ਉਸਾਰੀ ਕੰਪਨੀ ਦੇ ਅਧਿਕਾਰੀਆਂ ਨੂੰ ਰਾਸ਼ਟਰੀ ਮਾਰਗ-1 ’ਤੇ ਸਥਾਨਕ ਰਾਮਾ ਮੰਡੀ ਚੌਕ ਅਤੇ ਪੀ.ਏ.ਪੀ ਚੌਕ ਵਿਖੇ ਉਸਾਰੀ ਅਧੀਨ ਫਲਾਈਓਵਰਾਂ ਨੂੰ ਛੇ ਮਹੀਨੇ ਦੇ ਵਿੱਚ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਸੋਮਾ ਕੰਪਨੀ ਵੱਲੋਂ ਇਸ ਪ੍ਰਾਜੈਕਟ ਦੇ ਸ਼ੁਰੂ ਕੀਤੇ ਗਏ ਨਿਰਮਾਣ ਕੰਮ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲੈਣ ਸਮੇਂ ਡਿਪਟੀ ਕਮਿਸ਼ਨਰ ਨੇ ਕੌਮੀ ਮਾਰਗ ਅਥਾਰਟੀ ਅਤੇ ਸੋਮਾ ਕੰਪਨੀ ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੇ ਨਿਰਮਾਣ ਕੰਮ ’ਚ ਤੇਜ਼ੀ ਲਿਆਉਣ ਲਈ ਆਖਿਆ ਤਾਂ ਜੋ ਦਿੱਲੀ ਤੋਂ ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜੰਮੂ ਲਈ ਵਾਇਆ ਜਲੰਧਰ ਆਉਣ-ਜਾਣ ਵਾਲੇ ਲੋਕਾਂ ਲਈ ਸਹੂਲਤ ਹੋ ਸਕੇ, ਕਿਉੰਜੋ ਇਨ੍ਹਾਂ ਸ਼ਹਿਰਾਂ ਲਈ ਆਉਣ-ਜਾਣ ਵਾਲੀ ਟ੍ਰੈਫਿਕ ਲਈ ਰਾਸ਼ਟਰੀ ਮਾਰਗ-1 ਦਾ ਇਹ ਹਿੱਸਾ ਅਹਿਮ ਲਿੰਕ ਹੈ। ਉਨ੍ਹਾਂ ਕਿਹਾ ਕਿ ਇਸ ਕਰੀਬ 80 ਕਰੋੜ ਲਾਗਤ ਵਾਲੇ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਆਵਾਜਾਈ ਦੇ ਸੁਚਾਰੂ ਹੋਣ ਨਾਲ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਪ੍ਰਾਜੈਕਟ ਦੇ ਜਲਦ ਮੁਕੰਮਲ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਨਿਰਮਾਣ ਕੰਮ ’ਚ ਹੋਈ ਦੇਰੀ ਸਦਕਾ ਲੋਕਾਂ ਨੂੰ ਟ੍ਰੈਫਿਕ ਪੱਖੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰਾਮਾ ਮੰਡੀ ਚੌਕ ਤੋਂ ਪੀ.ਏ.ਪੀ ਚੌਕ ਤੱਕ ਬਣਨ ਵਾਲੀ ਸਰਵਿਸ ਲੇਨ ਦੋ ਮਹੀਨੇ ਵਿੱਚ ਬਣਾਉਣ ਲਈ ਨਿਰਦੇਸ਼ ਦਿੱਤੇ ਤਾਂ ਜੋ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਫਲਾਈਓਵਰਾਂ ਦੇ ਨਿਰਮਾਣ ਕਾਰਜ ਨੂੰ ਨਿਸ਼ਚਿਤ ਸਮੇਂ ਅੰਦਰ-ਅੰਦਰ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਐਨ.ਐਚ.ਏ.ਆਈ.ਅਤੇ ਸੋਮਾ ਕੰਪਨੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਜਲੰਧਰ ਦੇ ਮੇਅਰ ਸ੍ਰੀ ਸੁਨੀਲ ਜੋਤੀ ਨੇ ਕਿਹਾ ਕਿ ਸਰਵਿਸ ਲੇਨਾਂ ਦੇ ਨਿਰਮਾਣ ਦਾ ਕੰਮ ਪਹਿਲਾਂ ਹੀ ਸੁਰੂ ਹੋ ਚੁੱਕਿਆ ਹੈ ਤੇ ਉਨ੍ਹਾਂ ਆਸ ਜਤਾਈ ਕਿ ਇਹ ਕੰਮ ਜਲਦੀ ਮੁਕੰਮਲ ਹੋ ਜਾਵੇਗਾ। ਮੇਅਰ ਵਲੋਂ ਕੇਂਦਰੀ ਟਰਾਂਸਪੋਰਟ ਮੰਤਰੀ ਦਾ ਧੰਨਵਾਦ ਕੀਤਾ ਗਿਆ ਜਿਨਾ ਨੇ ਉਨਾਂ ਦੀ ਬੇਨਤੀ ਨੂੰ ਵਿਚਾਰਦਿਆਂ ਇਸ ਪ੍ਰਾਜੈਕਟ ਦਾ ਕੰਮ ਮੁੜ ਸੁਰੂ ਕਰਵਾਇਆ। ਇਸ ਮੌਕੇ ਇੰਜੀਨੀਅਰ ਐਨ.ਐਚ.ਏ.ਆਈ ਸ੍ਰੀ ਸੋਮ ਪ੍ਰਕਾਸ਼, ਸੋਮਾ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਸ੍ਰੀ ਕੇ.ਵੀ.ਰਾਓ ਵੀ ਸਨ।

Send this to a friend