ਸਿਆਸਤ ਕੀ ਅਪਨੀ, ਅਲੱਗ ਏਕ ਜ਼ੁਬਾਂ ਹੈ

 harjinder ਪੰਜਾਬ ਦੀ ਸਿਆਸਤ ਵਿੱਚ ਮੰਚ ਉਤੇ ਅਤੇ ਮੰਚ ’ਤੇ ਪਿੱਛੇ ਬੜਾ ਕੁੱਝ ਅਜਿਹਾ ਵਾਪਰ ਰਿਹਾ ਹੈ ਜਿਸਦੇ ਦੂਰਗਾਮੀ ਨਤੀਜੇ ਵੇਖੇ ਜਾ ਸਕਦੇ ਹਨ। ਵਿਧਾਨ ਸਭਾ ਵਿੱਚ ਵਾਪਰੀਆਂ ਘਟਨਾਵਾਂ ਨੇ ਸੰਸਦੀ ਸ਼ਿਸ਼ਟਾਚਾਰ ਦਾ ਅਜਿਹਾ ਘਾਣ ਕੀਤਾ ਕਿ ਇਹ ਦਿਨ ਸੱਚ-ਮੁੱਚ ਹੀ ਪੰਜਾਬ ਦੇ ਲੋਕਤੰਤਰ ਦਾ ਕਾਲਾ ਦਿਨ ਹੋ ਨਿੱਬੜਿਆ। ਸਪੀਕਰ ਦੇ ਹੁਕਮ ਨੂੰ ਮਾਰਸ਼ਲਾਂ ਨੇ ਫੌਜੀਆਂ ਵਾਂਗ ਮੰਨਿਆ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਨਾ ਸਿਰਫ ਖਿੱਚ ਧੂਹ ਕੀਤੀ ਬਲਕਿ ਕਈਆਂ ਨੂੰ ਹਸਪਤਾਲ ਪਹੁੰਚਾ ਦਿੱਤਾ। ਦੁੱਖ ਇਸ ਗੱਲ ਦਾ ਵੀ ਹੈ ਕਿ ਇਹ ਤਮਾਸ਼ਾ ਪੰਜਾਬ ਦੇ ਮੁੱਖ ਮੰਤਰੀ ਅਤੇ ਸੱਤਾਧਾਰੀਆਂ ਦੀ ਨਿਗਾਹ ਸਾਹਮਣੇ ਹੋਇਆ ਅਤੇ ਮਾਣ-ਮਰਿਆਦਾ ਮਿੱਟੀ ਵਿੱਚ ਰੁਲਦੀ ਰਹੀ ਅਤੇ ਉਹ ਮੂਕ ਦਰਸ਼ਕ ਬਣਕੇ ਦੇਖਦੇ ਰਹੇ। ‘ਆਪ’ ਦੇ ਵਿਧਾਇਕਾਂ ਦੇ ਵਿਵਹਾਰ ਤੋਂ ਸਪੱਸ਼ਟ ਹੋ ਗਿਆ ਕਿ ਉਹ ਅਜੇ ਸੰਸਦੀ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਹਨ। ਉਨ੍ਹਾਂ ਦੀ ਭਾਵਨਾ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹ ਆਮ ਸਿਆਸਤਦਾਨਾਂ ਦੀ ਖੇਡ ਨਾ ਸਮਝ ਸਕੇ ਅਤੇ ਉਕਸਾਵੇ ਵਿੱਚ ਆ ਕੇ ਉਤਜੇਨਾ ਅਤੇ ਕ੍ਰੋਧ ਦਾ ਪ੍ਰਗਟਾਵਾ ਕਰਨ ਲੱਗੇ। ਇਹੀ ਤਾਂ ਹਾਕਮ ਪਾਰਟੀ ਚਾਹੁੰਦੀ ਸੀ। ਸੱਤਾਧਾਰੀਆਂ ਨੂੰ ਇਸ ਗੱਲ ਦਾ ਇਲਮ ਸੀ ਕਿ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਅਤੇ ਉਹ ਅਜਿਹਾ ਮਾਹੌਲ ਬਣਾਕੇ ਪ੍ਰੇਸ਼ਾਨੀ ਅਤੇ ਨਮੋਸ਼ੀ ਤੋਂ ਬਚਣਾ ਚਾਹੁੰਦੇ ਸਨ। ਪੰਜਾਬ ਦੀ ਅਸੈਂਬਲੀ ਵਿੱਚ ਹੋਏ ਇਸ ਘਟਨਾਕ੍ਰਮ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੇ ਅਕਸ ਨੂੰ ਠੇਸ ਪਹੁੰਚਾਈ ਹੈ। ਸੁਖਬੀਰ ਸਿੰਘ ਬਾਦਲ ਵਾਲੀ ਤੀਜੀ ਧਿਰ ਨੇ ਇਸ ਮੌਕੇ ਦਾ ਖੂਬ ਫਾਇਦਾ ਉਠਾਇਆ ਹੈ। ਕਮਾਲ ਇਹ ਹੈ ਕਿ ਸਮੁੱਚੇ ਬਜਟ ਸੈਸ਼ਨ ਦੌਰਾਨ ਸੁਖਬੀਰ ਬਾਦਲ ਦੇ ਨਿਸ਼ਾਨੇ ’ਤੇ ਮਨਪ੍ਰੀਤ ਸਿੰਘ ਬਾਦਲ ਹੀ ਰਿਹਾ। ਅਕਾਲੀ ਪ੍ਰਧਾਨ ਨੇ ਅਸਿੱਧੇ ਤਰੀਕੇ ਨਾਲ ਕਿਸਾਨਾਂ ਲਈ ਘੱਟ ਪੈਸੇ ਰੱਖਣ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਦੇ ਗਲ ਮੜ੍ਹੀ ਹੈ ਨਾ ਕਿ ਮੁੱਖ ਮੰਤਰੀ ਦੇ। ਸੁਖਬੀਰ ਸਿੰਘ ਬਾਦਲ ਨੇ ਜਿਥੇ ਮਨਪ੍ਰੀਤ ਸਿੰਘ ਬਾਦਲ ’ਤੇ ਤਿੱਖੇ ਹਮਲੇ ਕੀਤੇ ਹਨ ਉਥੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮਨਪ੍ਰੀਤ ਦੇ ਤਿੱਖੇ ਮੱਤਭੇਦ ਹਨ ਅਤੇ ਇਸ ਲਈ ਮੁੱਖ ਮੰਤਰੀ ਬਜਟ ਦੀ ਪੇਸ਼ਕਾਰੀ ਸਮੇਂ ਹਾਜ਼ਰ ਨਹੀਂ ਸਨ। ਅਕਾਲੀ ਪ੍ਰਧਾਨ ਨੇ ਮੀਡੀਆ ਵਿੱਚ ਵਾਰ-ਵਾਰ ਸਪੀਕਰ ਨੂੰ ‘ਗੁੰਡੇ’ ਲਫਜ਼ ਨਾਲ ਸੰਬੋਧਤ ਕੀਤਾ ਪਰ ਆਪਣੇ ਸ਼ਬਦੀ ਬਾਣਾਂ ਦਾ ਮੂੰਹ ਕੈਪਟਨ ਅਮਰਿੰਦਰ ਸਿੰਘ ਵੱਲ ਘੱਟ ਹੀ ਕੀਤਾ ਹੈ। ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ‘ਆਪ’ ਪ੍ਰਤੀ ਹੇਜ਼ ਜਾਗਿਆ ਅਤੇ ਇਕ ਐਮ.ਐਲ.ਏ. ਦੀ ਦਸਤਾਰ ਨੂੰ ਸਤਿਕਾਰ ਸਹਿਤ ਚੁੱਕੀ ਆਉਂਦੇ ਨੂੰ ਪੀ.ਟੀ.ਸੀ. ਨੇ ਵਾਰ-ਵਾਰ ਵਿਖਾਇਆ। ਉਧਰ ‘ਆਪ’ ਦੀ ਲੜਾਈ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਹੀ ਜ਼ਿਆਦਾ ਸਰਗਰਮ ਨਜ਼ਰ ਆਏ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਚੁੱਪ ਭਰੀ ਗੈਰ ਹਾਜ਼ਰੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਸਟਰੇਚਰਾਂ ’ਤੇ ਪਾ ਕੇ ਹਸਪਤਾਲ ਦਾਖਲ ਕਰਾਉਣਾ ਪਿਆ ਪਰ ਭਗਵੰਤ ਮਾਨ ਅਜੇ ਤੱਕ ਪਤਾ ਲੈਣ ਨਹੀਂ ਆਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਦਿਨ ਆਪਣੇ ਸਾਥੀਆਂ ਸਮੇਤ ਹਸਪਤਾਲ ਪਹੁੰਚ ਗਏ ਸਨ। ਪ੍ਰਦੇਸ਼ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਔਖੀ ਘੜੀ ਆਪਣੇ ਵਿਧਾਇਕਾਂ ਨਾਲ ਖੜ੍ਹਦੇ। ਇਨ੍ਹਾਂ ਦਿਨਾਂ ਵਿੱਚ ਇਕ ਹੋਰ ਸਿਆਸੀ ਸਾਂਝ ਚਰਚਾ ਦਾ ਵਿਸ਼ਾ ਬਣ ਰਹੀ ਹੈ। ਉਹ ਹੈ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਦਰਮਿਆਨ। ਸਿੱਧੂ ਅਤੇ ਬਾਦਲ ਦੀ ਜੋੜੀ ਹਰ ਥਾਂ ਨਾ ਸਿਰਫ ਇਕੱਠੀ ਵਿਖਾਈ ਦਿੰਦੀ ਹੈ ਬਲਕਿ ਇਕੋ ਸੁਰ ਵਿੱਚ ਬੋਲਦੇ ਵੀ ਸੁਣਾਈ ਦਿੰਦੇ ਹਨ। ਈਦ ਦੇ ਮੌਕੇ ਇਹ ਜੋੜੀ ਮਲੇਰਕੋਟਲਾ ਵਿਖੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕ ਕਹਿਣ ਦੇ ਨਾਲ-ਨਾਲ ਵੱਡੇ ਐਲਾਨ ਵੀ ਕਰ ਗਈ। ਸੋਸ਼ਲ ਮੀਡੀਆ ਵਿੱਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਤੇਜ਼ੀ ਨਾਲ ਘੁੰਮ ਰਹੀ ਹੈ। ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਉਪਰੋਂ ਰਾਹੁਲ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ। ਇਹ ਦੋਵੇਂ ਮੰਤਰੀ ਹਨ ਜੋ ਮੁੱਖ ਮੰਤਰੀ ਨਾਲੋਂ ਜੇ ਵੱਧ ਨਹੀਂ ਤਾਂ ਮੀਡੀਆ ਵਿੱਚ ਘੱਟ ਵੀ ਨਹੀਂ ਛਾਏ ਹੋਏ। ਸਿਆਸੀ ਹਲਕਿਆਂ ਵਿੱਚ ਕਈ ਕਿਸਮ ਦੀਆਂ ਕਿਆਸ ਅਰਾਈਆਂ ਲੱਗਣੀਆਂ ਸੁਭਾਵਿਕ ਹਨ ਪਰ ਸਿਆਸਤ ਦੀ ਜ਼ੁਬਾਨ ਪੜ੍ਹਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਬਸ਼ੀਰ ਬਦਰ ਠੀਕ ਹੀ ਕਹਿੰਦਾ ਹੈ :

Send this to a friend