ਲਾਇਲਪੁਰ ਖ਼ਾਲਸਾ ਕਾਲਜ ਨੇ ਜਿੱਤੀ ਸ. ਤੇਜਾ ਸਿੰਘ ਸਮੁੰਦਰੀ ਓਵਰਆਲ ਜਨਰਲ ਚੈਪੀਅਨਸ਼ਿਪ ਟਰਾਫੀ

image ਜਲੰਧਰ, 2 ਜੂਨ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ 47ਵਾਂ ਸਲਾਨਾ ਖੇਡ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਖੇਡ ਇਨਾਮ ਵੰਡ ਸਮਾਗਮ ਵਿਚ ਡਾ. ਰੂਪਾ ਸੈਣੀ, ਅਰਜੁਨ ਅਵਾਰਡੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸ੍ਰੀ ਸੁਬੋਧ ਕੁਮਾਰ ਡੀਨ ਅਕੈਡਮਿਕ ਅਫੇਅਰਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਖੇਡਾਂ ਦੇ ਖੇਤਰ ਵਿਚ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੀਆਂ ਸੰਸਥਾਵਾਂ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਇਨਾਮ ਵੰਡ ਸਮਾਗਮ ਵਿਚ ਖੇਡਾਂ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ 24128 ਪੁਆਇੰਟ ਹਾਸਿਲ ਕਰਨ ਤੇ 22ਵੀਂ ਵਾਰ ਸ. ਤੇਜਾ ਸਿੰਘ ਸਮੁੰਦਰੀ ਓਵਰਆਲ ਜਨਰਲ ਚੈਪੀਅਨਸ਼ਿਪ ਟਰਾਫੀ (ਲੜਕਿਆਂ ਦੇ ਵਰਗ ਵਿਚ) ਜਿੱਤਣ ਤੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਕਾਲਜ ਵਲੋਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਸਰੀਰਕ ਸਿੱਖਿਆ ਤੇ ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ, ਪ੍ਰੋ. ਤਰਸੇਮ ਸਿੰਘ ਤੇ ਡੀਨ ਸਪੋਰਟਸ ਡਾ. ਐਸ. ਐਸ. ਬੈਂਸ ਅਤੇ ਜੇਤੂ ਖਿਡਾਰੀਆਂ ਨੇ ਮੁੱਖ ਮਹਿਮਾਨ ਤੋਂ ਇਹ ਟਰਾਫੀ ਪ੍ਰਾਪਤ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਲਾਇਲਪੁਰ ਖਾਲਸਾ ਕਾਲਜ ਜਲੰਧਰ ਜਿਥੇ ਖੇਡਾਂ ਲਈ ਵੱਡੀ ਰਾਸ਼ੀ ਖਰਚ ਕਰਦਾ ਹੈ ਉ¤ਥੇ ਖਿਡਾਰੀਆਂ ਲਈ ਫ੍ਰੀ ਹੋਸਟਲ ਰਿਹਾਇਸ਼ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਅਤੇ ਸਾਰੇ ਖਿਡਾਰੀਆਂ ਤੋਂ ਪੜ੍ਹਾਈ ਦਾ ਨਾ-ਮਾਤਰ ਖਰਚ ਲਿਆ ਜਾਂਦਾ ਹੈ ਕਿਉਂਕਿ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵ: ਸਰਦਾਰ ਬਲਬੀਰ ਸਿੰਘ ਦਾ ਸੁਪਨਾ ਸੀ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਗਵਰਨਿੰਗ ਕੌਂਸਲ ਦੇ ਮੌਜੂਦਾ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਵੀ ਉਸੇ ਸੋਚ ਤੇ ਚਲਦਿਆਂ ਖਿਡਾਰੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਾਲਜ ਦੇ ਖੇਡ ਵਿਭਾਗ ਨੇ ਹੁਣ ਤੱਕ 2 ਖਿਡਾਰੀ ਪਦਮਸ਼੍ਰੀ, 6 ਖਿਡਾਰੀ ਅਰਜਨ ਅਵਾਰਡੀ, 1 ਖਿਡਾਰੀ ਦਰੋਣਾਚਾਰੀਆ ਅਵਾਰਡੀ, 2 ਖਿਡਾਰੀ ਧਿਆਨ ਚੰਦ ਅਵਾਰਡੀ ਅਤੇ 17 ਉਲੰਪੀਅਨ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ਤੋਂ ਇਲਾਵਾਂ ਅਨੇਕਾਂ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਵੀ ਪੈਦਾ ਕੀਤੇ ਹਨ।

Send this to a friend