ਨਵੀਂ ਦਿੱਲੀ, 15 ਫਰਵਰੀ-iplਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ 20 ਫਰਵਰੀ ਨੂੰ ਬੈਂਗਲੁਰੂ ਵਿੱਚ ਹੋਣ ਵਾਲੀ ਨੀਲਾਮੀ ਵਿੱਚ ਇਸ ਵਾਰ 351 ਉਤਰਣਗੇ। ਇਨ੍ਹਾਂ ਵਿੱਚ 122 ਤਜਰਬੇਕਾਰ ਕੌਮਾਂਤਰੀ ਖਿਡਾਰੀ ਸ਼ਾਮਲ ਹਨ। ਇਸ ਵਾਰ ਨੀਲਾਮੀ ਵਿੱਚ ਛੇ ਖਿਡਾਰੀ ਐਸੋਸੀਏਸਟ ਟੀਮਾਂ ਵਿਚੋਂ ਵੀ ਸ਼ਾਮਲ ਕੀਤੇ ਗਏ ਹਨ, ਜਦੋਂ ਕਿ ਇਸ ਤੋਂ ਪਹਿਲਾਂ ਆਈਪੀਐਲ ਲਈ 799 ਖਿਡਾਰੀਆਂ ਨੇ ਆਪਣੀ ਰਜਿਸਟਰੇਸ਼ਨ ਕਰਾਈ ਸੀ ਜਿਨ੍ਹਾਂ ਵਿਚੋਂ ਅੱਠ ਫਰੈਂਚਾਈਜ਼ੀਆਂ ਨੇ 351 ਖਿਡਾਰੀਆਂ ਦੀ ਨੀਲਾਮੀ ਲਈ ਚੋਣ ਕੀਤੀ ਹੈ। ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੀਲਾਮੀ ਵਿੱਚ ਸਭ ਤੋਂ ਵਧ ਦੋ ਕਰੋੜ ਰੁਪਏ ਦੇ ਆਧਾਰ ਮੁੱਲ ਵਾਲੇ ਸੱਤ ਖਿਡਾਰੀਆਂ ਵਿੱਚ ਸ਼ਾਮਲ ਹੈ। ਉਸ ਤੋਂ ਇਲਾਵਾ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ, ਇਕ ਰੋਜ਼ਾ ਅਤੇ ਟਵੰਟੀ-20 ਕਪਤਾਨ ਇਓਨ ਮੋਰਗਨ ਅਤੇ ਆਲ ਰਾਊਂਡਰ ਕਿ੍ਸ ਵੋਕਸ, ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ਲ ਜੌਨਸਨ ਅਤੇ ਪੈਟ ਕਮਿੰਸ ਅਤੇ ਸ੍ਰੀਲੰਗਾ ਦੇ ਐਂਜਿਲੋ ਮੈਥਿਊਜ਼ ਹਨ। ਸ਼ੁਰੂਆਤੀ ਸੂਚੀ ਵਿੱਚ ਨੌਂ ਦੇਸ਼ਾਂ ਦੇ 160 ਤਜਰਬੇਕਾਰ ਖਿਡਾਰੀਆਂ ਅਤੇ 639 ਗੈਰ ਤਜਰਬੇਕਾਰ ਖਿਡਾਰੀ ਸ਼ਾਮਲ ਸਨ।
ਨੀਲਾਮੀ ਲਈ ਤਿਆਰ ਅੰਤਿਮ ਸੂਚੀ ਵਿੱਚ ਇਸ ਵਾਰ ਛੇ ਖਿਡਾਰੀ ਐਸੋਸੀਏਸ਼ਨ ਟੀਮਾਂ ਵਿੱਚੋਂ ਵੀ ਹਨ, ਜਿਨ੍ਹਾਂ ਵਿੱਚ ਅਫਗਾਨਿਸਤਾਨ ਦੇ ਪੰਜ ਖਿਡਾਰੀ, ਭਾਰਤ ਦੇ 24 ਤਜਰਬੇਕਾਰ ਖਿਡਾਰੀਆਂ ਵਿਚ ਚਾਰ ਇਕ ਰੋਜ਼ਾ ਮੈਚ ਖੇਡ ਚੁੱਕੇ ਤੇਜ਼ ਗੇਂਦਬਾਜ਼ ਸੁਦੀਪ ਤਿਆਗੀ ਇਕੋਇਕ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਬਾਹਰ ਕੀਤਾ ਗਿਆ ਹੈ। ਕੁਝ ਫਰੈਂਚਾਈਜ਼ੀਆਂ ਨੇ 10 ਵੀਂ ਆਈਪੀਐਲ ਨੀਲਾਮੀ ਵਿੱਚ ਇਸ ਵਾਰੀ ਖਿਡਾਰੀਆਂ ਨੂੰ ਖਰੀਦਣ ਵਿੱਚ ਵਧੇਰੇ ਉਤਸੁਕਤਾ ਨਾ ਜਤਾਉਣ ਦੀ ਗੱਲ ਕਹੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਟੀਮ ਮਾਲਕਾਂ ਦਾ ਜ਼ੋਰ ਇੰਗਲਿਸ਼ ਖਿਡਾਰੀਆਂ ’ਤੇ ਰਹਿ ਸਕਦਾ ਹੈ। ਖਿਡਾਰੀਆਂ ਦਾ ਸਮਝੌਤਾ ਇਸ ਸੈਸ਼ਨ ਵਿੱਚ ਖਤਮ ਹੋ ਰਿਹਾ ਹੈ। ਇਸ ਕਾਰਨ 2018 ਸੈਸ਼ਨ ਤੋਂ ਪਹਿਲਾਂ ਇਸ ਵਾਰ ਨੀਲਾਮੀ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਉਤਰ ਰਹੇ ਹਨ।



