ਆਪਣੀ ਫ਼ਿਲਮ ‘ਥ੍ਰੀ ਈਡੀਅਟਸ’ ਵਿਚ ਨਿਰਦੇਸ਼ਕ ਰਾਜੂ ਹੀਰਾਨੀ ਨੇ ਓਮੀ ਵੈਧ ਨੂੰ ਪੇਸ਼ ਕੀਤਾ ਸੀ ਤੇ ‘ਮੁੰਨਾ ਭਾਈ ਐਮ. ਬੀ. ਬੀ. ਐਸ.’ ਵਿਚ ਬੋਮਨ ਇਰਾਨੀ ਨੂੰ ਵੱਡਾ ਮੌਕਾ ਦਿੱਤਾ ਸੀ | ਹੁਣ ਰਾਜੂ ਵੱਲੋਂ ਬਣਾਈ ਗਈ ‘ਸਾਲਾ ਖੜੂਸ’ ਰਾਹੀਂ ਰਿਤਿਕਾ ਸਿੰਘ ਨੂੰ ਪੇਸ਼ ਕੀਤਾ ਗਿਆ ਹੈ | ਰਿਤਿਕਾ ਮੂਲ ਰੂਪ ਨਾਲ ਪ੍ਰੋਫੈਸ਼ਨਲ ਬਾਕਸਰ ਹੈ ਅਤੇ ਉਹ ਕਿੱਕ ਬਾਕਸਿੰਗ, ਕਰਾਟੇ ਤੇ ਮਿਕਸ ਮਾਰਸ਼ਲ ਆਰਟ ਵੀ ਜਾਣਦੇ ਹਨ |
‘ਸਾਲਾ ਖਡੂਸ’ ਵਿਚ ਇਕ ਬਾਕਸਰ ਕੁੜੀ ਤੇ ਉਸ ਦੇ ਕੋਚ ਦੀ ਕਹਾਣੀ ਪੇਸ਼ ਕੀਤੀ ਗਈ ਹੈ | ਇਸ ਤਰ੍ਹਾਂ ਜਦੋਂ ਬਾਕਸਰ ਕੁੜੀ ਦੀ ਭੂਮਿਕਾ ਲਈ ਕਲਾਕਾਰ ਦੀ ਚੋਣ ਦੀ ਵਾਰੀ ਆਈ ਤਾਂ ਰਾਜੂ ਹੀਰਾਨੀ ਤੇ ਉਸ ਦੀ ਟੀਮ ਸਾਹਮਣੇ ਦੋ ਬਦਲ ਸਨ | ਇਕ ਤਾਂ ਇਹ ਕਿ ਕਿਸੇ ਹੀਰੋਇਨ ਨੂੰ ਫਾਈਨਲ ਕਰਕੇ ਉਸ ਨੂੰ ਬਾਕਸਿੰਗ ਦੀ ਸਿੱਖਿਆ ਦਿੱਤੀ ਜਾਵੇ ਜਾਂ ਦੂਜਾ ਬਦਲ ਇਹ ਕਿ ਕਿਸੇ ਬਾਕਸਰ ਕੁੜੀ ਨੂੰ ਚੁਣ ਕੇ ਉਸ ਨੂੰ ਅਭਿਨੈ ਦੀ ਸਿੱਖਿਆ ਦਿੱਤੀ ਜਾਵੇ | ਕਿਉਂਕਿ ਇਸ ਫ਼ਿਲਮ ਨੂੰ ਅਸਲ ਟੱਚ ਦਿੱਤਾ ਜਾਣਾ ਸੀ ਤਾਂ ਇਹ ਤੈਅ ਕੀਤਾ ਗਿਆ ਕਿ ਬਾਕਸਰ ਕੁੜੀ ਦੀ ਭਾਲ ਕੀਤੀ ਜਾਵੇ ਤਾਂ ਕਿ ਬਾਕਸਿੰਗ ਰਿੰਗ ਵਿਚ ਫ਼ਿਲਮਾਏ ਜਾਣ ਵਾਲੇ ਦਿ੍ਸ਼ ਅਸਲੀ ਲੱਗਣ | ਟੀ. ਵੀ. ‘ਤੇ ਸੁਪਰ ਫਾਈਟ ਲੀਗ ਵਿਚ ਹਿੱਸਾ ਲੈ ਚੁੱਕੀ ਰਿਤਿਕਾ ਪ੍ਰਤੀ ਜਦੋਂ ਫ਼ਿਲਮ ਦੇ ਇਕ ਨਿਰਮਾਤਾ ਤੇ ਇਸ ਵਿਚ ਕੋਚ ਦੀ ਭੂਮਿਕਾ ਨਿਭਾਅ ਰਹੇ ਆਰ. ਮਾਧਵਨ ਦੀ ਨਜ਼ਰ ਪਈ ਤਾਂ ਲੱਗਿਆ ਕਿ ਉਨ੍ਹਾਂ ਦੀ ਨਾਇਕਾ ਦੀ ਭਾਲ ਪੂਰੀ ਹੋ ਗਈ ਹੈ | ਰਿਤਿਕਾ ਦਾ ਆਡੀਸ਼ਨ ਟੈਸਟ ਲੈ ਕੇ ਉਸ ਨੂੰ ਇਸ ਫ਼ਿਲਮ ਲਈ ਫਾਈਨਲ ਕਰ ਲਿਆ ਗਿਆ ਅਤੇ ਇਸ ਤਰ੍ਹਾਂ ਬਾਕਸਰ ਰਿਤਿਕਾ ਹੀਰੋਇਨ ਬਣ ਗਈ |
ਬਾਕਸਿੰਗ ਪ੍ਰਤੀ ਆਪਣੇ ਰੁਝਾਨ ਬਾਰੇ ਉਹ ਕਹਿੰਦੀ ਹੈ, ‘ਮੇਰੇ ਪਾਪਾ ਵੀ ਬਾਕਸਰ ਹਨ | ਬਚਪਨ ਵਿਚ ਮੈਂ ਜਦੋਂ ਉਨ੍ਹਾਂ ਨੂੰ ਰਿਹਰਸਲ ਕਰਦੇ ਦੇਖਦੀ ਤਾਂ ਮੇਰੇ ਮਨ ‘ਚ ਬਾਕਸਿੰਗ ਪ੍ਰਤੀ ਆਕਰਸ਼ਣ ਪੈਦਾ ਹੋਣ ਲੱਗਿਆ ਅਤੇ ਫਿਰ ਪਾਪਾ ਦੇ ਕਹਿਣ ‘ਤੇ ਮੈਂ ਬਾਕਸਰ ਬਣ ਗਈ | ਬਾਕਸਿੰਗ ਦੀ ਸਿੱਖਿਆ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਪਾਪਾ ਦੇ ਨਕਸ਼ੇ-ਕਦਮ ‘ਤੇ ਚੱਲ ਰਹੀ ਹਾਂ |
ਇਸ ਫ਼ਿਲਮ ਵਿਚ ਬਾਕਸਿੰਗ ਦੇ ਦਿ੍ਸ਼ਾਂ ਦੀ ਸ਼ੂਟਿੰਗ ਬਾਰੇ ਰਿਤਿਕਾ ਕਹਿੰਦੀ ਹੈ, ‘ਮੈਂ ਕੈਮਰੇ ਦੇ ਸਾਹਮਣੇ ਡੰਮੀ ਫਾਈਟ ਕਰਨੀ ਸੀ ਪਰ ਮੈਨੂੰ ਨਕਲੀ ਫਾਈਟ ਦਾ ਅਨੁਭਵ ਨਹੀਂ ਹੈ | ਫ਼ਿਲਮ ਵਿਚ ਇਕ ਦਿ੍ਸ਼ ਇਹ ਹੈ ਕਿ ਤਿੰਨ ਮੁੰਡੇ ਮੈਨੂੰ ਛੇੜਦੇ ਹਨ ਅਤੇ ਮੈਂ ਉਨ੍ਹਾਂ ਨੂੰ ਕੁੱਟਣ ਲੱਗੀ ਸੀ | ਇਕ ਹੋਰ ਦਿ੍ਸ਼ ਵਿਚ ਮੈਂ ਮਾਧਵਨ ਸਰ ਨੂੰ ਪੰਚ ਮਾਰਨਾ ਸੀ ਅਤੇ ਮੈਂ ਉਨ੍ਹਾਂ ਨੂੰ ਅਸਲ ਵਿਚ ਪੰਚ ਮਾਰ ਦਿੱਤਾ ਸੀ | ਨਤੀਜਾ ਉਨ੍ਹਾਂ ਦੇ ਦੰਦ ਵਿਚ ਦਰਦ ਹੋਣ ਲੱਗਿਆ ਸੀ | ਫ਼ਿਲਮ ਦੇ ਇਕ ਹੋਰ ਦਿ੍ਸ਼ ਦੀ ਸ਼ੂਟਿੰਗ ਦੌਰਾਨ ਇਹ ਦਿਖਾਇਆ ਜਾਣਾ ਸੀ ਕਿ ਰਿੰਗ ਵਿਚ ਇਕ ਕੁੜੀ ਬਾਕਸਰ ਮੈਨੂੰ ਬਹੁਤ ਪੰਚ ਮਾਰ ਰਹੀ ਹੈ | ਜਿਵੇਂ ਹੀ ਉਹ ਬਾਕਸਰ ਮੈਨੂੰ ਮਾਰਨ ਲਈ ਹੱਥ ਚੁੱਕਦੀ ਹੈ ਤਾਂ ਮੈਂ ਉਸ ਦਾ ਪੰਚ ਰੋਕ ਦਿੰਦੀ ਸੀ ਕਿਉਂਕਿ ਮੇਰਾ ਈਗੋ ਮੈਨੂੰ ਕਿਸੇ ਦੇ ਪੰਚ ਲੱਗਣ ਤੋਂ ਰੋਕ ਰਿਹਾ ਸੀ | ਆਖਰ ਨਿਰਦੇਸ਼ਿਕਾ ਸੁਧਾ ਨੇ ਸਮਝਾਇਆ ਕਿ ਇਹ ਕਿਰਦਾਰ ਦੀ ਮੰਗ ਅਨੁਸਾਰ ਹੈ, ਉਦੋਂ ਜਾ ਕੇ ਮੈਂ ਮੁੱਕੇ ਖਾਣ ਨੂੰ ਤਿਆਰ ਹੋਈ ਸੀ |’
ਇਹ ਪੁੱਛਣ ‘ਤੇ ਕਿ ਉਸ ਦੀਆਂ ਨਜ਼ਰਾਂ ਵਿਚ ਅਸਲੀ ਖੜੂਸ ਕੌਣ ਹੈ ਤਾਂ ਉਹ ਸ਼ਬਦਾਂ ਨੂੰ ਚੁਰਾਏ ਬਿਨਾਂ ਕਹਿੰਦੀ ਹੈ, ‘ਇਸ ਫ਼ਿਲਮ ਦੀ ਨਿਰਦੇਸ਼ਿਕਾ ਸੁਧਾ ਹਿਟਲਰ ਦੀ ਤਰ੍ਹਾਂ ਹੈ | ਉਹ ਅਸਲੀ ਖੜੂਸ ਹੈ | ਉਹ ਕਲਾਕਾਰਾਂ ਤੋਂ ਕੰਮ ਕਢਵਾਉਣਾ ਚਾਹੁੰਦੀ ਹੈ, ਇਸ ਲਈ ਸੈੱਟ ‘ਤੇ ਉਸ ਦਾ ਵਿਹਾਰ ਸਖ਼ਤ ਅਨੁਸ਼ਾਸਨ ਦੀ ਤਰਜ਼ ‘ਤੇ ਹੁੰਦਾ ਸੀ |
ਸੁਧਾ ਅਸਲੀ ਖੜੂਸ : ਰਿਤਿਕਾ ਸਿੰਘ



