Skip to content
Independent perspectives. Global stories.
BREAKING

ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਲਈ ਕਵਾਇਦ ਤੇਜ਼

Share this story

mahboba

ਮਹਿਬੂਬਾ ਮੁਫਤੀ ਵੱਲੋਂ ਰਾਜਪਾਲ ਨਾਲ ਮੁਲਾਕਾਤ

ਜੰਮੂ, 2 ਫਰਵਰੀ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਲਈ ਕਵਾਇਦ ਤੇਜ਼ ਹੋ ਗਈ ਹੈ। ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਸੂਬੇ ਦੇ ਰਾਜਪਾਲ ਐਨਐਨ ਵੋਹਰਾ ਨਾਲ ਇਸ ਸਬੰਧੀ ਮੁਲਾਕਾਤ ਕੀਤੀ। ਮੁਲਾਕਾਤ ਬਾਅਦ ਮਹਿਬੂਬਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਰਕਾਰ ਬਣਾਉਣ ਤੋਂ ਪਹਿਲਾਂ ਕੇਂਦਰ ਤੋਂ ਜੰਮੂ-ਕਸ਼ਮੀਰ ਲਈ ਹਰ ਤਰ੍ਹਾਂ ਦੇ ਸਹਿਯੋਗ ਲਈ ਭਰੋਸਗੀ ਹਾਸਿਲ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਮੁਫਤੀ ਮੁਹੰਮਦ ਸਈਅਦ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਮੇਰੇ ਕੋਲ ਮੁਫਤੀ ਸਾਹਿਬ ਵਰਗੀ ਦੂਰਦ੍ਰਿਸ਼ਟੀ ਅਤੇ ਤਜ਼ੁਰਬਾ ਨਹੀਂ ਹੈ। ਮਹਿਬੂਬਾ ਨੇ ਕਿਹਾ ਕਿ ਕੇਂਦਰ ਸਰਕਾਰ ਕੁਝ ਕਦਮ ਉਠਾ ਕੇ ਜੰਮੂ-ਕਸ਼ਮੀਰ ਵਿੱਚ ਚੰਗਾ ਮਾਹੌਲ ਤਿਆਰ ਕਰੇ। ਰਾਜਪਾਲ ਨਾਲ ਆਪਣੀ ਮੁਲਾਕਾਤ ਸਬੰਧੀ ਗੱਲ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਰਾਜਪਾਲ ਇਹ ਜਾਨਣਾ ਚਾਹੁੰਦੇ ਸਨ ਕਿ ਸਰਕਾਰ ਬਣਾਉਣ ਨੂੰ ਲੈ ਕੇ ਅਸੀਂ ਕਿੱਥੋਂ ਤੱਕ ਪਹੁੰਚੇ ਹਾਂ। ਫਿਰ ਵੀ ਪੀਡੀਪੀ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਬਣਾਉਣ ਸਬੰਧੀ ਸਸਪੈਂਸ ਨੂੰ ਬਰਕਰਾਰ ਰੱਖਿਆ।
ਇੱਥੇ ਜ਼ਿਕਰਯੋਗ ਹੈ ਕਿ ਰਾਜਪਾਲ ਨੇ ਪੀਡੀਪੀ ਅਤੇ ਭਾਜਪਾ ਨੇਤਾਵਾਂ ਨੂੰ ਸਰਕਾਰ ਬਣਾਉਣ ਸਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਬੁਲਾਇਆ ਸੀ। ਇਸ ਦੌਰਾਨ ਭਾਜਪਾ ਨੇਤਾਵਾਂ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ। ਭਾਜਪਾ ਵਫਦ ਦੀ ਅਗਵਾਈ ਕਰ ਰਹੇ ਨਿਰਮਲ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੂਬੇ ਵਿੱਚ ਪੀਡੀਪੀ-ਭਾਜਪਾ ਗਠਜੋੜ ਜਾਰੀ ਰਹੇ। ਪੀਡੀਪੀ ਤੋਂ ਬਾਅਦ ਭਾਜਪਾ ਸੂਬੇ ਵਿੱਚ ਦੂਜੀ ਵੱਡੀ ਪਾਰਟੀ ਹੈ। ਭਾਜਪਾ ਨੇਤਾ ਕੁਵਿੰਦਰ ਗੁਪਤਾ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਸਰਕਾਰ ਬਣਾਉਣ ਲੈ ਕੇ ਤਸਵੀਰ ਜਲਦ ਸਾਫ ਹੋ ਜਾਵੇਗੀ ਅਤੇ ਸੂਬੇ ਵਿੱਚ ਪੀਡੀਪੀ-ਭਾਜਪਾ ਸਰਕਾਰ ਬਣ ਜਾਵੇਗੀ।
ਦੂਜੇ ਪਾਸੇ ਨੈਸ਼ਨਲ ਕਾਨਫਰੰਸ ਦੇ ਨੇਤਾ ਦਵਿੰਦਰ ਰਾਣਾ ਦਾ ਕਹਿਣਾ ਹੈ ਕਿ ਭਾਜਪਾ-ਪੀਡੀਪੀ ਨੇ ਮਿਲ ਕੇ ਰਾਜ ਵਿੱਚ ਸੰਵਿਧਾਨਿਕ ਖਤਰਾ ਪੈਦਾ ਕੀਤਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੁਝ ਨਹੀਂ ਹੁੰਦਾ ਤਾਂ ਦੁਬਾਰਾ ਚੋਣ ਹੋ ਸਕਦੀ ਹੈ, ਜਿਸ ਦੇ ਲਈ ਅਸੀਂ ਤਿਆਰ ਹਾਂ।
ਸੂਬੇ ਵਿੱਚ ਸਰਕਾਰ ਦੇ ਗਠਨ ਲਈ ਪੀਡੀਪੀ ਨੇਤਾਵਾਂ ਨੇ ਕੋਈ ਵੀ ਫੈਸਲਾ ਲੈਣ ਲਈ ਮਹਿਬੂਬਾ ਮੁਫਤੀ ਨੂੰ ਅਧਿਕਾਰ ਦਿੱਤਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਸ ਮੁੱਦੇ ‘ਤੇ ਮਹਿਬੂਬਾ ਮੁਫਤੀ ਹੀ ਆਖਰੀ ਫੈਸਲਾ ਲਵੇਗੀ, ਜਿਹੜਾ ਸਾਰਿਆਂ ਲਈ ਮੰਨਣਯੋਗ ਹੋਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣ ਤੋਂ ਬਾਅਦ ਗਠਜੋੜ ਨੂੰ ਲੈ ਕੇ ਲੰਬੀ ਕਵਾਇਦ ਚੱਲੀ ਸੀ। ਹੁਣ ਵੀ ਸਥਿਤੀ ਪਹਿਲੇ ਵਾਲੀ ਥਾਂ ’ਤੇ ਹੀ ਪਹੁੰਚ ਗਈ ਹੈ।ਪੀਡੀਪੀ ਅਤੇ ਭਾਜਪਾ ਨੇ ਰਲ ਕੇ ਸੂਬੇ ਵਿੱਚ ਵਿਕਾਸ ਦੇ ਲਈ ਇੱਕਠਿਆਂ ਕੰਮ ਕਰਨ ਲਈ ਹੱਥ ਮਿਲਾਇਆ ਸੀ, ਪਰ ਫਿਰ ਵੀ ਹਾਲੇ ਸੂਬੇ ਵਿੱਚ ਸਿਆਸੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਵਾਦੀ ਵਿੱਚ ਹੀ ਆਪਣੀ ਵਿਰੋਧੀ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨਾਲ ਹੱਥ ਮਿਲਾਉਣਾ ਪੀਡੀਪੀ ਦੇ ਲਈ ਸਿਆਸੀ ਤੌਰ ’ਤੇ ਖਤਰਨਾਕ ਸਾਬਤ ਹੋ ਸਕਦਾ ਹੈ।

WRITTEN BY