‘ਤਨੂ ਵੈੱਡਜ਼ ਮਨੂ’, ‘ਕੁਈਨ’, ‘ਰਿਵਾਲਵਰ ਰਾਨੀ’ ਅਤੇ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਕੰਗਨਾ ਰਣੌਤ ਸਹੀ ਮਾਅਨਿਆਂ ਵਿੱਚ ਬਾਲੀਵੁੱਡ ਦੀ ‘ਕੁਈਨ’ ਬਣੀ ਗਈ ਹੈ। ਅੱਜ ਉਸ ਕੋਲ ਦਸ-ਦਸ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਹਨ। ਅਮਿਤਾਭ ਬੱਚਨ, ਆਮਿਰ ਖ਼ਾਨ ਅਤੇ ਰਣਬੀਰ ਕਪੂਰ ਵੀ ਕੰਗਨਾ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ। ਕੰਗਨਾ ਦੀ ਨਵੀਂ ਫ਼ਿਲਮ ‘ਕੱਟੀ-ਬੱਟੀ’ ਦੇਖ ਕੇ ਆਮਿਰ ਖ਼ਾਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਇਹ ਫ਼ਿਲਮ ਦੇਖ ਕੇ ਉਹ ਆਪਣੇ ਹੰਝੂ ਨਹੀਂ ਰੋਕ ਸਕੇ। ਆਮਿਰ ਦਾ ਇਹ ਵੀ ਕਹਿਣਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੰਗਨਾ ਹਰ ਰੋਜ਼ ਰੋਂਦੀ ਸੀ। ‘ਕੱਟੀ ਬੱਟੀ’ ਵਿੱਚ ਕੰਗਨਾ ਨਾਲ ਆਮਿਰ ਦੇ ਭਾਣਜੇ ਇਮਰਾਨ ਨੇ ਮੁੱਖ ਭੂਮਿਕਾ ਨਿਭਾੲੀ ਹੈ। ਅਦਾਕਾਰੀ ਨਾਲਸਭ ਦੇ ਦਿਲਾਂ ’ਤੇ ਰਾਜ ਕਰ ਰਹੀ ਕੰਗਨਾ ਇੱਕ ਫ਼ਿਲਮ ਲਈ ਮਿਹਨਤਾਨੇ ਵਜੋਂ 11 ਕਰੋੜ ਦੀ ਮੰਗ ਕਰਨ ਲੲੀ ਵੀ ਚਰਚਾ ’ਚ ਹੈ। ਇਸ ਹਿਸਾਬ ਨਾਲ ਕੰਗਨਾ ਅਜੋਕੇ ਸਮੇਂ ਦੀ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਨਾਇਕਾ ਬਣ ਗੲੀ ਹੈ। ਕੰਗਨਾ ਨਾਲ ਗੱਲਬਾਤ – ‘ਕੁਈਨ’, ‘ਤਨੂ ਵੈੱਡਜ਼ ਮਨੂ’ ਅਤੇ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਆਦਿ ਫ਼ਿਲਮਾਂ ਕਰਨ ਤੋਂ ਬਾਅਦ ਕੀ ਸੋਚ ਕੇ ‘ਕੱਟੀ ਬੱਟੀ’ ਫ਼ਿਲਮ ਲਈ ਹਾਂ ਕੀਤੀ? – ਫ਼ਿਲਮ ਦੇਖੋ, ਤੁਹਾਨੂੰ ਇਸ ਦਾ ਜੁਆਬ ਆਪਣੇ ਆਪ ਮਿਲ ਜਾਵੇਗਾ। ਮੈਂ ਐਨਾ ਹੀ ਕਹਿ ਸਕਦੀ ਹਾਂ ਕਿ ਇਸ ਫ਼ਿਲਮ ਨਾਲ ਮੈਂ ਇੱਕ ਕਲਾਕਾਰ ਵਜੋਂ ਇੱਕ ਕਦਮ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਤਕ ਮੇਰੇ ਵੱਲੋਂ ਨਿਭਾਏ ਕਿਰਦਾਰਾਂ ’ਚੋਂ ‘ਕੱਟੀ ਬੱਟੀ’ ਦੀ ਪਾਇਲ ਦਾ ਕਿਰਦਾਰ ਸਭ ਤੋਂ ਵੱਧ ਮਜ਼ਬੂਤ ਤੇ ਸੰਜੀਦਾ ਕਿਰਦਾਰ ਹੈ ਅਤੇ ਇਸ ਲਈ ਮੈਂ ਪੂਰੀ ਜਾਨ ਲਾਈ ਹੈ। ਅਸਲ ’ਚ ਅੱਜ ਤਕ ਮੈਂ ਕਦੇ ਐਨਾ ਸੰਜੀਦਾ ਕਿਰਦਾਰ ਨਹੀਂ ਨਿਭਾਇਆ। ‘ਕੱਟੀ ਬੱਟੀ’ ਕੋਈ ਆਮ ਫ਼ਿਲਮ ਨਹੀਂ ਹੈ ਬਲਕਿ ਜ਼ਿੰਦਗੀ ਦੀ ਸੱਚਾੲੀ ਨੂੰ ਪਰਦੇ ’ਤੇ ਰੂਪਮਾਨ ਕਰਦੀ ਇਹ ਇੱਕ ਵੱਖਰੀ ਕਿਸਮ ਦੀ ਫ਼ਿਲਮ ਹੈ । ਇਸ ਫ਼ਿਲਮ ਵਿੱਚ ਮੈਂ ਪਾਇਲ ਦਾ ਕਿਰਦਾਰ ਨਿਭਾਇਆ ਹੈ, ਜਿਸ ਦੀ ਫ਼ਿਲਮ ਵਿੱਚ ਐਂਟਰੀ ਬਹੁਤ ਹੀ ਕਮਾਲ ਦੀ ਹੈ। ਫ਼ਿਲਮ ’ਚ ਇੱਕ ਲੜਕਾ ਹੈ ਮੈਂਡੀ, ਜਿਸ ਦਾ ਕਿਰਦਾਰ ਇਮਰਾਨ ਨੇ ਨਿਭਾਇਆ ਹੈ। ਮੈਂਡੀ ਦੀ ਜ਼ਿੰਦਗੀ ’ਚੋਂ ਪਾਇਲ ਅਚਾਨਕ ਗਾਇਬ ਹੋ ਜਾਂਦੀ ਹੈ। ਫਿਰ ਉਹ ਕੁਝ ਸੁਰਾਗਾਂ ਦੇ ਸਹਾਰੇ ਪਾਇਲ ਤਕ ਪਹੁੰਚਦਾ ਹੈ। ਜਦੋਂ ਉਹ ਪਾਇਲ ਨੂੰ ਮਿਲਦਾ ਹੈ ਤਾਂ ਜਾ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਾਇਲ ਹੈ ਕੌਣ? ਇਸ ਫ਼ਿਲਮ ਵਿੱਚ ਪਾਇਲ ਦੇ ਵਿਅਕਤਿਤਵ ਦੇ ਕਈ ਪਹਿਲੂ ਵੇਖਣ ਨੂੰ ਮਿਲਣਗੇ। ਫ਼ਿਲਮ ‘ਕੱਟੀ ਬੱਟੀ’ ਆਖਿਰ ਹੈ ਕੀ? – ਇਹ ਫ਼ਿਲਮ ਇੱਕ ਅਜਿਹੇ ਰਿਸ਼ਤੇ ਦੀ ਗੱਲ ਕਰਦੀ ਹੈ, ਜਿੱਥੇ ਅਸੀਂ ਹਰ ਚੀਜ਼ ਆਪਣੇ ਆਪ ’ਤੇ ਥੋਪਦੇ ਹਾਂ। ਫਿਰ ਚਾਹੇ ਉਹ ਰਿਸ਼ਤਾ ਪਤੀ-ਪਤਨੀ ਦਾ ਹੋਵੇ ਜਾਂ ਪ੍ਰੇਮੀ-ਪ੍ਰੇਮਿਕਾ ਦਾ। ਹਰ ਰਿਸ਼ਤੇ ਵਿੱਚ ਹਰ ਗੱਲ ਅਸੀਂ ਸਿਰਫ਼ ਆਪਣੇ ਨਜ਼ਰੀਏ ਤੋਂ ਸੋਚਦੇ ਹਾਂ ਅਤੇ ਸਾਹਮਣੇ ਵਾਲੇ ਦੇ ਨਜ਼ਰੀਏ ਦੀ ਪਰਵਾਹ ਹੀ ਨਹੀਂ ਕਰਦੇ। ਇਸ ਕਾਰਨ ਅਸੀਂ ਸਭ ਕੁਝ ਆਪਣੇ ਹਿਸਾਬ ਨਾਲ ਤੈਅ ਕਰ ਲੈਂਦੇ ਹਾਂ। ‘ਕੱਟੀ ਬੱਟੀ’ ਇਸੇ ਗੱਲ ਨੂੰ ਪੇਸ਼ ਕਰਦੀ ਹੈ ਕਿ ਜੇ ਹਰ ਰਿਸ਼ਤੇ ’ਚ ਅਸੀਂ ਦੂਜੇ ਦੇ ਨਜ਼ਰੀਏ ਤੋਂ ਸੋਚੀਏ ਤਾਂ ਸਾਡਾ ਕੋਈ ਵੀ ਫ਼ੈਸਲਾ ਕੁਝ ਹੋਰ ਹੋ ਸਕਦਾ ਹੈ ਅਤੇ ਜ਼ਿੰਦਗੀ ਕਿਤੇ ਜ਼ਿਆਦਾ ਖ਼ੁਸ਼ਗਵਾਰ ਹੋ ਸਕਦੀ ਹੈ। ਤਾਂ ਕੀ ਇਹ ਫ਼ਿਲਮ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਹੈ? – ਮੇਰਾ ਮੰਨਣਾ ਹੈ ਕਿ ਹਰ ਫ਼ਿਲਮ ਦਾ ਪ੍ਰਭਾਵ ਦਰਸ਼ਕਾਂ ’ਤੇ ਕੁਝ ਸਮੇਂ ਤਕ ਜ਼ਰੂਰ ਰਹਿੰਦਾ ਹੈ। ‘ਕੁਈਨ’ ਹੋਵੇ ਜਾਂ ‘ਤਨੂ ਵੈਡਜ਼ ਮਨੂ ਰਿਟਰਨ’, ਸਾਰੀਆਂ ਫ਼ਿਲਮਾਂ ਤੋਂ ਲੋਕ ਕਾਫ਼ੀ ਸਮੇਂ ਤਕ ਪ੍ਰਭਾਵਿਤ ਰਹੇ। ‘ਕੁਈਨ’ ਦੇਖ ਕੇ ਮੈਨੂੰ ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਜਮ੍ਹਾਂ- ਪੂੰਜੀ ਘੁੰਮਣ ’ਤੇ ਖ਼ਰਚ ਕਰ ਦਿੱਤੀ। ਇਹ ਫ਼ਿਲਮ ਕਿਵੇਂ ਵੱਖਰੀ ਹੈ? -‘ਕੱਟੀ ਬੱਟੀ’ ਵੀ ਬੇਸ਼ੱਕ ਇੱਕ ਪ੍ਰੇਮ ਕਹਾਣੀ ਹੈ, ਪਰ ਇਹ ਮੇਰੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਹੁਤ ਗੱਲਾਂ ’ਚ ਵੱਖਰੀ ਹੈ। ਇਸ ਵਿੱਚ ਇੱਕ ਅਜਿਹਾ ਪ੍ਰੇਮੀ ਹੈ ਜਿਸ ਕੋਲ ਸਿਰਫ਼ ਸੁਆਲ ਹਨ ਤੇ ਜੁਆਬ ਨਹੀਂ। ਜਦੋਂ ੳੁਹ ਇਨ੍ਹਾਂ ਸੁਆਲਾਂ ਦੇ ਜਵਾਬ ਲੱਭਣ ਲੲੀ ਨਿਕਲਦਾ ਹੈ ਤਾਂ ਉਸ ਸਾਹਮਣੇ ਇੱਕ ਸੱਚ ਆਉਂਦਾ ਹੈ, ਜੋ ਉਸ ਨੂੰ ਇੱਕ ਸਬਕ ਦੇ ਜਾਂਦਾ ਹੈ। * ਫ਼ਿਲਮ ਵਿੱਚ 24 ਘੰਟੇ ਤਕ ਚੱਲੇ ਰੋਮਾਂਟਿਕ ਦ੍ਰਿਸ਼ ਦੇ ਕਾਫ਼ੀ ਚਰਚੇ ਹਨ? – ਫ਼ਿਲਮ ਵਿੱਚ ਇੱਕ ਗੀਤ ਹੈ ‘ਲਿੱਪ ਟੂ ਲਿੱਪ’। ਇਸ ਨੂੰ ਸਟੌਪ ਮੋਸ਼ਨ ਤਕਨੀਕ ਨਾਲ ਫ਼ਿਲਮਾਇਆ ਗਿਆ ਹੈ ਅਤੇ ਸਾਰਾ ਸਾਮਾਨ ਜ਼ਮੀਨ ’ਤੇ ਰੱਖਿਆ ਗਿਆ ਹੈ। ਮੈਂ ਤੇ ਇਮਰਾਨ ਲੇਟੇ ਹੋਏ ਹਾਂ ਅਤੇ ਕੈਮਰਾ ਉੱਪਰ ਲੱਗਿਆ ਹੋਇਆ ਹੈ। ਅਸੀਂ ਲੇਟੇ ਹੋਏ ਹੀ ਚੱਲਣ ਦੀ ਐਕਟਿੰਗ ਕਰਦੇ ਹਾਂ ਅਤੇ ਫਿਰ ਗੀਤ ਦੇ ਨਾਲ ਹੌਲੀ-ਹੌਲੀ ਸਾਰਾ ਸਾਮਾਨ ਹਟਾ ਦਿੱਤਾ ਜਾਂਦਾ ਹੈ। ਇਸ ਲਈ ਸਾਨੂੰ ਲੰਮੇ ਸਮੇਂ ਤਕ ਉਸੇ ਹਾਲਤ ’ਚ ਰਹਿਣਾ ਪਿਆ ਕਿਉਂਕਿ ਇਸ ਗੀਤ ਦਾ ਫ਼ਿਲਮਾਂਕਣ ਬਹੁਤ ਹੀ ਵੱਖਰੇ ਢੰਗ ਨਾਲ ਕੀਤਾ ਗਿਆ ਹੈ। ਗੀਤ ਦੇਖਣ ਤੋਂ ਬਾਅਦ ਹੀ ਇਹ ਗੱਲ ਸਭ ਦੀ ਸਮਝ ’ਚ ਆਵੇਗੀ ਕਿ ਸਾਨੂੰ 24 ਘੰਟੇ ਉਸ ਦ੍ਰਿਸ਼ ਲੲੀ ਕਿਉਂ ਲੱਗੇ। ਇਮਰਾਨ ਖ਼ਨ ਦੀਆਂ ਫ਼ਿਲਮਾਂ ਫਲਾਪ ਹੋ ਚੁੱਕੀਆਂ ਸਨ। ਕੀ ਤੁਹਾਨੂੰ ਡਰ ਨਹੀਂ ਲੱਗਿਆ? – ਜਦੋਂ ਮੈਂ ਕਰੀਅਰ ਸ਼ੁਰੂ ਕੀਤਾ ਸੀ ਤਾਂ ਕਈ ਲੋਕਾਂ ਨੇ ਮੇਰੇ ਨਾਲ ਕੰਮ ਕਰਨ ਤੋਂ ਵੀ ਇਨਕਾਰ ਕੀਤਾ ਸੀ। ਮੇਰੀਆਂ ਵੀ ਫ਼ਿਲਮਾਂ ਫਲਾਪ ਹੋਈਆਂ ਹਨ। ਮੈਂ ਹਿਮਾਚਲ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਤੋਂ ਮੁੰਬਈ ਆ ਕੇ ਸੰਘਰਸ਼ ਕਰ ਰਹੀ ਸੀ। ਇਸ ਸਮੇਂ ਬੜੀ ਮੁਸ਼ਕਿਲ ਨਾਲ ਤਾਂ ਕੋਈ ਫ਼ਿਲਮ ਮਿਲਦੀ ਹੁੰਦੀ ਹੈ ਅਤੇ ਜੇ ਕੋਈ ਤੁਹਾਡੇ ਨਾਲ ਕੰਮ ਕਰਨ ਤੋਂ ਜਵਾਬ ਦੇ ਦੇਵੇ ਤਾਂ ਬਹੁਤ ਤਕਲੀਫ਼ ਹੁੰਦੀ ਹੈ, ਪਰ ਜਦੋਂ ਉਹੀ ਇਨਸਾਨ ਸਫ਼ਲ ਹੋ ਜਾਵੇ ਤਾਂ ਤੁਹਾਨੂੰ ਕਦੇ ਕੰਮ ਤੋਂ ਇਨਕਾਰ ਕਰਨ ਵਾਲੇ ਇੱਕ ਨਹੀਂ ਦਸ-ਦਸ ਸਕ੍ਰਿਪਟਾਂ ਭੇਜਣ ਲੱਗ ਜਾਂਦੇ ਹਨ। ਸੰਘਰਸ਼ ਦੌਰਾਨ ਹੀ ਮੈਂ ਇਹ ਫ਼ੈਸਲਾ ਕਰ ਲਿਆ ਸੀ ਕਿ ਮੈਂ ਕਦੇ ਵੀ ਆਪਣੀ ਛੋਟੀ ਸੋਚ ਕਾਰਨ ਅਜਿਹਾ ਫ਼ੈਸਲਾ ਕਦੇ ਨਹੀਂ ਲਵਾਂਗੀ। ਮੈਂ ਤਾਂ ਸੋਚ ਰੱਖਿਆ ਹੈ ਕਿ ਕਿਸੇ ਕਲਾਕਾਰ ਨੂੰ ਤਾਂ ਕੀ ਮੈਂ ਕਿਸੇ ਨਿਰਦੇਸ਼ਕ ਨਾਲ ਵੀ ਕੰਮ ਕਰਨ ਤੋਂ ਮਨ੍ਹਾਂ ਨਹੀਂ ਕਰਾਂਗੀ। ਮੈਂ ਤਾਂ ਕਿਸੇ ਡਿਜ਼ਾਈਨਰ ਨੂੰ ਵੀ ਇਨਕਾਰ ਨਹੀਂ ਕਰਦੀ। ਮੇਰੀ ਰਾਇ ਵਿੱਚ ਜੇ ਕੋਈ ਨਵਾਂ ਚਿਹਰਾ ਅੱਗੇ ਵਧ ਰਿਹਾ ਹੈ, ਉਸ ਦਾ ਰਸਤਾ ਬਣ ਰਿਹਾ ਹੈ ਤਾਂ ਬਣਨ ਦਿਓ। ਮੈਂ ‘ਕੱਟੀ ਬੱਟੀ’ ਦੀ ਸਕ੍ਰਿਪਟ ਸੁਣੀ ਅਤੇ ਮੈਨੂੰ ਕਹਾਣੀ ਚੰਗੀ ਲੱਗੀ ਸੀ ਤਾਂ ਮੈਂ ਹਾਂ ਕਰ ਦਿੱਤੀ। ਫਿਰ ਇਸ ਨਾਲ ਕੀ ਫ਼ਰਕ ਪੈਂਦਾ ਹੈ ਕਿ ਮੇਰੇ ਨਾਲ ਮੁੱਖ ਕਲਾਕਾਰ ਇਮਰਾਨ ਖ਼ਾਨ ਹੈ ਜਾਂ ਕੋਈ ਹੋਰ। ਕਦੇ ਅਸਲ ਜ਼ਿੰਦਗੀ ਵਿੱਚ ਪਾਇਲ ਜਿਹੀਆਂ ਕੁੜੀਆਂ ਨੂੰ ਮਿਲੇ ਹੋ? – ਮੇਰੇ ਮੁਤਾਬਕ ਅੱਜ-ਕੱਲ੍ਹ ਦੀਆਂ ਆਧੁਨਿਕ ਕੁੜੀਆਂ ਪਾਇਲ ਜਿਹੀਆਂ ਹੀ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਹ ਕੀ ਚਾਹੁੰਦੀਆਂ ਹਨ। ਮੈਂ ਕਈ ਅਜਿਹੀਆਂ ਕੁੜੀਆਂ ਨੂੰ ਜਾਣਦੀ ਹਾਂ ਅਤੇ ਕੁਝ ਹੱਦ ਤਕ ਮੈਂ ਖੁਦ ਵੀ ਪਾਇਲ ਵਰਗੀ ਹੀ ਹਾਂ। ਪਾਇਲ ਕਹਿੰਦੀ ਹੈ ਕਿ ਮੈਨੂੰ ਰਿਸ਼ਤਾ ਨਹੀਂ, ਟਾਈਮਪਾਸ ਚਾਹੀਦਾ ਹੈ। ਉਹ ਦੁਨੀਆਂ ਨੂੰ ਦਿਖਾਉਣ ਲਈ ਇੰਜ ਕਹਿੰਦੀ ਹੈ। ਹਾਲਾਂਕਿ ਉਹ ਰਿਸ਼ਤੇ ’ਚ ਰਹਿਣਾ ਚਾਹੁੰਦੀ ਹੈ, ਪਰ ਪਾਇਲ ਚਾਹੁੰਦੀ ਹੈ ਕਿ ਲੋਕ ਉਸ ਨੂੰ ਕਮਜ਼ੋਰ ਨਾ ਸਮਝਣ। ਉਹ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਫ਼ਿਲਮ ਵਿੱਚ ਪਾਇਲ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ। ਅਜਿਹੀਆਂ ਕੁੜੀਆਂ ਨੂੰ ਮਿਲ ਕੇ ਮੁੰਡੇ ਅਕਸਰ ਦੋਚਿੱਤੀ ’ਚ ਪੈ ਜਾਂਦੇ ਹਨ। ਇੱਕ ਫ਼ਿਲਮ ਲਈ 11 ਕਰੋੜ ਰੁਪਏ ਮਿਹਨਤਾਨਾ ਮੰਗਣ ਦੀ ਗੱਲ ਚਰਚਾ ’ਚ ਹੈ? – ਮੇਰੀ ਰਾਇ ਮੁਤਾਬਕ ਤਾਂ ਸਭ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਕੁੜੀਆਂ ਵੀ ਚੰਗਾ ਪੈਸਾ ਕਮਾ ਰਹੀਆਂ ਹਨ। ਇਸ ਨਾਲ ਫ਼ਿਲਮੀ ਖੇਤਰ ’ਚ ਆਉਣ ਵਾਲੀਆਂ ਹੋਰ ਕੁੜੀਆਂ ਨੂੰ ਵੀ ੳੁਤਸ਼ਾਹ ਮਿਲੇਗਾ। ਉਂਜ, ਕਿੰਨਾ ਮਿਹਨਤਾਨਾ ਲੈਣਾ ਹੈ, ਇਹ ਮੇਰਾ ਬਹੁਤ ਹੀ ਨਿੱਜੀ ਮਾਮਲਾ ਹੈ ਅਤੇ ਇਸ ਬਾਰੇ ਮੀਡੀਆ ’ਚ ਕੋਈ ਗੱਲ ਨਹੀਂ ਕਰਨਾ ਚਾਹੁੰਦੀ। * ਕੋਈ ਹੋਰ ਫ਼ਿਲਮ ਵੀ ਕਰ ਰਹੇ ਹੋ? – ਵਿਸ਼ਾਲ ਭਾਰਦਵਾਜ਼ ਨਾਲ ‘ਰੰਗੂਨ’ ਕਰ ਰਹੀ ਹਾਂ ਜਿਸ ਵਿੱਚ ਮੈਂ ਇੱਕ ਅਦਾਕਾਰਾ ਦਾ ਕਿਰਦਾਰ ਨਿਭਾ ਰਹੀ ਹਾਂ। ਕੇਤਨ ਮਹਿਤਾ ਨਾਲ ‘ਝਾਂਸੀ ਕੀ ਰਾਨੀ ਲਕਸ਼ਮੀਬਾਈ’ ਕਰਨ ਵਾਲੀ ਹਾਂ। ਫਿਰ ਹੰਸਲ ਮਹਿਤਾ ਨਾਲ ‘ਸਿਮਰਨ’ ਕਰਨੀ ਹੈ। ਫਿਲਹਾਲ ਸਾਰਾ ਧਿਆਨ ‘ਰੰਗੂਨ’ ’ਤੇ ਹੈ। ਇਸ ਦੀ ਸ਼ੂਟਿੰਗ ਖ਼ਤਮ ਹੁੰਦੇ ਹੀ ‘ਝਾਂਸੀ ਕੀ ਰਾਣੀ ਲਕਸ਼ਮੀਬਾਈ’ ਲੲੀ ਤਿਆਰੀ ਸ਼ੁਰੂ ਕਰ ਦੇਵਾਂਗੀ।



